ਕੇਂਦਰ ਸਰਕਾਰ ਦੇ ਫੈਸਲੇ ਅਤੇ ਸੂਬੇ ਦੇ ਹਲਾਤਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਲੈਣਗੇ ਅਗਲਾ ਫੈਸਲਾ – ਬਾਜਵਾ
ਬਟਾਲਾ, 28 ਅਪ੍ਰੈਲ । ਪੰਜਾਬ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਦੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਸਾਰੀ ਸਥਿਤੀ ਦਾ ਜਾਇਜਾ ਲੈਣ ਉਪਰੰਤ ਜੇ ਸੰਭਵ ਹੋਇਆ ਤਾਂ ਸਨਅਤਾਂ ਨੂੰ ਖੋਲਣ ਲਈ ਕੁਝ ਢਿੱਲ ਦਿੱਤੀ ਜਾਵੇਗੀ। ਸ. ਬਾਜਵਾ ਅੱਜ ਬਟਾਲਾ ਵਿਖੇ ਸਨਅਤਕਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਮੁਸ਼ਕਲਾਂ ਸੁਣ ਰਹੇ ਸਨ। ਇਸ ਮੌਕੇ ਸ. ਬਾਜਵਾ ਨੇ ਉਦਯੋਗ ਵਿਭਾਗ ਦੀ ਸਕੱਤਰ ਮੈਡਮ ਵਿਨੀ ਮਹਾਜਨ ਨਾਲ ਵੀ ਫੋਨ ’ਤੇ ਗੱਲ ਕੀਤੀ ਅਤੇ ਬਟਾਲਾ ਇੰਡਸਟਰੀ ਦੀ ਸਮੱਸਿਆ ਹੱਲ ਕਰਨ ਲਈ ਕਿਹਾ।
ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ 3 ਮਈ ਨੂੰ ਕੇਂਦਰ ਸਰਕਾਰ ਵਲੋਂ ਤਾਲਾਬੰਦੀ ਨੂੰ ਵਧਾਉਣ ਬਾਰੇ ਫੈਸਲਾ ਲਿਆ ਜਾਣਾ ਹੈ ਅਤੇ ਕੁਝ ਨਵੀਂ ਹਦਾਇਤਾਂ ਜਾਰੀ ਹੋਣ ਦੀ ਵੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਫੈਸਲੇ ਦੀ ਰੌਸ਼ਨੀ ਵਿਚ ਆਪਣੇ ਸੂਬੇ ਦੇ ਹਲਾਤਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੋ ਫੈਸਲਾ ਲੈਣਗੇ ਉਹ ਪੰਜਾਬ ਦੇ ਹਿੱਤ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜੋ ਫੈਸਲੇ ਲਏ ਗਏ ਹਨ ਉਨ੍ਹਾਂ ਨੂੰ ਸਾਰੇ ਦੇਸ਼ ਨੇ ਸਲਾਹਿਆ ਹੈ ਅਤੇ ਅੱਗੋਂ ਵੀ ਜੋ ਫੈਸਲਾ ਮੁੱਖ ਮੰਤਰੀ ਸਾਹਿਬ ਕਰਨਗੇ ਉਹ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਹੀ ਹੋਵੇਗਾ।
ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਡਿਜਾਸਟਰ ਮੈਨੇਜਮੈਂਟ ਨੂੰ ਧਿਆਨ ਵਿੱਚ ਰੱਖ ਕੇ ਕੁਝ ਸ਼ਰਤਾਂ ਤਹਿਤ ਉਦਯੋਗਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਅਤੇ ਪੰਜਾਬ ਸਰਕਾਰ ਵੀ ਉਨ੍ਹਾਂ ਹਦਾਇਤਾਂ ਦੀ ਪਾਲਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਹੀ ਕੋਈ ਨਵੀਂ ਹਦਾਇਤ ਆਵੇਗੀ ਤਾਂ ਸੂਬਾ ਸਰਕਾਰ ਉਸ ਉੱਪਰ ਵੀ ਵਿਚਾਰ ਕਰੇਗੀ। ਸ. ਬਾਜਵਾ ਨੇ ਕਿਹਾ ਕਿ ਬਟਾਲਾ ਦੇ ਸਨਅਤਕਾਰਾਂ ਦੀ ਮੰਗਾਂ ਵਾਜਬ ਹਨ ਅਤੇ ਉਹ ਸੂਬਾ ਕੈਬਨਿਟ ਵਿੱਚ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਅੱਗੇ ਰੱਖਣਗੇ। ਸ. ਬਾਜਵਾ ਨੇ ਕਿਹਾ ਕਿ ਪੰਜਾਬ ਦੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਸੂਬਾ ਸਰਕਾਰ ਵਲੋਂ ਕੇਂਦਰ ਸਰਕਾਰ ਅੱਗੇ ਵੀ ਜ਼ੋਰਦਾਰ ਢੰਗ ਨਾਲ ਰੱਖੀਆਂ ਜਾਣਗੀਆਂ।
ਮੀਟਿੰਗ ਦੌਰਾਨ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੋਰੋਨਾ ਵਾਇਰਸ ਇੱਕ ਘਾਤਕ ਵਾਇਰਸ ਹੈ ਅਤੇ ਇਸ ਤੋਂ ਬਚਣ ਲਈ ਸਾਰਿਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸ਼ਰਤਾਂ ਤਹਿਤ ਜੋ ਸਨਅਤੀ ਅਦਾਰੇ ਖੁੱਲ੍ਹੇ ਵੀ ਹਨ ਉਨ੍ਹਾਂ ਨੂੰ ਵੀ ਪੂਰੀ ਅਹਿਤਿਆਤ ਵਰਤਣੀ ਚਾਹੀਦੀ ਹੈ ਅਤੇ ਸਿਹਤ ਵਿਭਾਗ ਦੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਮੀਟਿੰਗ ਦੌਰਾਨ ਸਨਅਤਕਾਰ ਪਰਮਜੀਤ ਗਿੱਲ, ਪਰਮਿਦਰ ਸਿੰਘ, ਵੀ.ਐੱਮ. ਗੋਇਲ, ਸੌਰਵ ਮਰਵਾਹਾ, ਇੰਦਰ ਸੇਖੜੀ, ਵਿਨੇਸ਼ ਸ਼ੁਕਲਾ, ਬੁਧੀਸ਼ ਅਗਰਵਾਲ, ਦਿਨੇਸ਼, ਜਸਵਿੰਦਰ ਨਾਗੀ, ਪਵਨ ਕੁਮਾਰ ਪੰਮਾ, ਰਿਸ਼ੀ, ਪੁਰੀ ਆਦਿ ਹਾਜ਼ਰ ਸਨ।