ਅਮਿਤ ਸ਼ਾਹ ਰਾਘਵ ਚੱਢਾ ਨੂੰ ਮੋਹਰਾ ਬਣਾ ਕੇ ‘ਆਪ’ ਦੇ ਸੰਸਦ ਮੈਂਬਰਾਂ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੇ ਹਨ: ਬਲਤੇਜ ਪੰਨੂ
ਚੋਣਾਂ ਤੋਂ ਪਹਿਲਾਂ ‘ਆਪ’ ਆਗੂਆਂ ਨੂੰ ਡਰਾਉਣ ਲਈ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ: ਬਲਤੇਜ ਪੰਨੂ
ਪੰਜਾਬੀ ਗੱਦਾਰੀ ਨੂੰ ਕਦੇ ਮੁਆਫ਼ ਨਹੀਂ ਕਰਨਗੇ, ਬਲਤੇਜ ਪੰਨੂ ਨੇ ਭਾਜਪਾ ਅਤੇ ਰਾਘਵ ਚੱਢਾ ਨੂੰ ਦਿੱਤੀ ਸਖ਼ਤ ਚਿਤਾਵਨੀ
ਚੰਡੀਗੜ੍ਹ, 24 ਅਪ੍ਰੈਲ 2026 (ਦੀ ਪੰਜਾਬ ਵਾਇਰ)– ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਅਤੇ ਸੰਸਦ ਮੈਂਬਰਾਂ ਕੋਲੋਂ ਦਲ-ਬਦਲੀ ਕਰਵਾ ਕੇ ‘ਆਪ’ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਲਈ ਭਾਰਤੀ ਜਨਤਾ ਪਾਰਟੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਤਿੱਖਾ ਹਮਲਾ ਕੀਤਾ ਹੈ।
ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਅਮਿਤ ਸ਼ਾਹ ਰਾਘਵ ਚੱਢਾ ਨੂੰ ਇੱਕ ਮੋਹਰੇ ਵਜੋਂ ਵਰਤ ਕੇ ‘ਆਪ’ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਾਰਟੀ ਅੰਦਰ ਅਜਿਹੀਆਂ ਭਰੋਸੇਯੋਗ ਰਿਪੋਰਟਾਂ ਹਨ ਕਿ ਅਮਿਤ ਸ਼ਾਹ ਨੇ ਰਾਘਵ ਚੱਢਾ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ, ਜੇਕਰ ਉਹ ਘੱਟੋ-ਘੱਟ ਸੱਤ ‘ਆਪ’ ਸੰਸਦ ਮੈਂਬਰਾਂ ਨੂੰ ਤੋੜ ਕੇ ਨਵੀਂ ਪਾਰਟੀ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਦੀ ਸਰਪ੍ਰਸਤੀ ਹੇਠ ਰਾਘਵ ਚੱਢਾ ਰਾਹੀਂ ਇੱਕ ਨਵੀਂ ਪਾਰਟੀ ਬਣਾਈ ਜਾ ਰਹੀ ਹੈ ਅਤੇ ‘ਆਪ’ ਦੇ ਸੰਸਦ ਮੈਂਬਰਾਂ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਲਾਲਚ ਦਿੱਤੇ ਜਾ ਰਹੇ ਹਨ। ਸਾਡੇ ਸੰਸਦ ਮੈਂਬਰਾਂ ‘ਤੇ ਈਡੀ ਦੇ ਝੂਠੇ ਛਾਪਿਆਂ ਅਤੇ ਡਰਾਉਣ-ਧਮਕਾਉਣ ਦੀਆਂ ਚਾਲਾਂ ਰਾਹੀਂ ਦਬਾਅ ਪਾਇਆ ਜਾ ਰਿਹਾ ਹੈ।
ਰਾਘਵ ਚੱਢਾ ‘ਤੇ ਸਿੱਧਾ ਹਮਲਾ ਕਰਦਿਆਂ ਪੰਨੂ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਮਾਣ-ਸਤਿਕਾਰ ਦਿੱਤਾ ਅਤੇ ਛੋਟੀ ਉਮਰ ਵਿੱਚ ਹੀ ਸੰਸਦ ਵਿੱਚ ਭੇਜਿਆ, ਪਰ ਉਨ੍ਹਾਂ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਪੰਜਾਬੀ ਦਿਲ ਖੋਲ੍ਹ ਕੇ ਪਿਆਰ ਕਰਨਾ ਜਾਣਦੇ ਹਨ, ਪਰ ਉਹ ਗੱਦਾਰਾਂ ਨਾਲ ਨਜਿੱਠਣਾ ਵੀ ਚੰਗੀ ਤਰ੍ਹਾਂ ਜਾਣਦੇ ਹਨ।
ਬਲਤੇਜ ਪੰਨੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬੀਆਂ ਨਾਲ ਦੁਸ਼ਮਣੀ ਨਾ ਲਓ, ਇਹ ਬਹੁਤ ਮਹਿੰਗੀ ਪਵੇਗੀ।
ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਭਾਜਪਾ ਨੇ ਵਾਰ-ਵਾਰ ਉਨ੍ਹਾਂ ਸੂਬਿਆਂ ਵਿੱਚ ਸਰਕਾਰਾਂ ਡੇਗਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਉਸਦੀ ਸੱਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਦਿੱਲੀ ਵਿੱਚ ਫੇਲ੍ਹ ਹੋਏ ਅਤੇ ਪੰਜਾਬ ਵਿੱਚ ਵੀ ਫੇਲ੍ਹ ਹੋਏ, ਕਿਉਂਕਿ ‘ਆਪ’ ਆਗੂ ਅਤੇ ਵਿਧਾਇਕ ਇੱਕ ਮਿਸ਼ਨ ਲਈ ਵਚਨਬੱਧ ਹਨ ਅਤੇ ਉਨ੍ਹਾਂ ਨੂੰ ਤੋੜਿਆ ਨਹੀਂ ਜਾ ਸਕਦਾ।
ਪੰਜਾਬ ਦੇ ਹਾਲਾਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵੀ ਇਸ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਸਾਡੇ ਵਿਧਾਇਕਾਂ ਨੂੰ ਪੈਸੇ ਅਤੇ ਝੂਠੇ ਵਾਅਦਿਆਂ ਦਾ ਲਾਲਚ ਦਿੱਤਾ ਗਿਆ, ਪਰ ਕੁਝ ਵੀ ਹਾਸਲ ਨਹੀਂ ਹੋਇਆ ਕਿਉਂਕਿ ਸਾਡੇ ਆਗੂ ਲੋਕ ਸੇਵਾ ਲਈ ਸਮਰਪਿਤ ਹਨ।
ਈਡੀ ਦੀਆਂ ਕਾਰਵਾਈਆਂ ਬਾਰੇ ਪੰਨੂ ਨੇ ਕਿਹਾ ਕਿ ਸੰਸਦ ਮੈਂਬਰਾਂ ‘ਤੇ ਹੋ ਰਹੇ ਛਾਪੇ ਸਿਰਫ਼ ਦਬਾਅ ਬਣਾਉਣ ਦੀ ਰਣਨੀਤੀ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇਹ ਸੰਸਦ ਮੈਂਬਰ ਕਾਰੋਬਾਰੀ ਹਨ ਅਤੇ ਉਨ੍ਹਾਂ ਵਿਰੁੱਧ ਪਹਿਲਾਂ ਕਦੇ ਅਜਿਹੇ ਛਾਪੇ ਨਹੀਂ ਮਾਰੇ ਗਏ, ਜੋ ਸਾਫ਼ ਤੌਰ ‘ਤੇ ਰਾਜਨੀਤੀ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਭਾਜਪਾ ਦੇ ਏਜੰਡੇ ਨੂੰ ਪੂਰਾ ਕਰਨ ਲਈ ਸਰਗਰਮ ਹੋ ਜਾਂਦੀਆਂ ਹਨ।
‘ਆਪ’ ਲੀਡਰਸ਼ਿਪ ਵਿਰੁੱਧ ਕੇਸਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਵਰਗੇ ਆਗੂਆਂ ‘ਤੇ ਝੂਠੇ ਦੋਸ਼ ਲਗਾਏ ਗਏ, ਪਰ ਅਦਾਲਤਾਂ ਵਿੱਚ ਕੁਝ ਵੀ ਸਾਬਤ ਨਹੀਂ ਹੋਇਆ। ਪੰਨੂ ਨੇ ਦੁਹਰਾਇਆ ਕਿ ਹੁਣ ਸੰਸਦ ਵਿੱਚ ‘ਆਪ’ ਦੀ ਆਵਾਜ਼ ਨੂੰ ਦਬਾਉਣ ਲਈ ਅਮਿਤ ਸ਼ਾਹ ਸਿੱਧੇ ਤੌਰ ‘ਤੇ ਇਸ ਸਾਜ਼ਿਸ਼ ਦੀ ਅਗਵਾਈ ਕਰ ਰਹੇ ਹਨ, ਪਰ ਇਹ ਸਫਲ ਨਹੀਂ ਹੋਵੇਗੀ।
ਭਾਜਪਾ ‘ਤੇ ਤੰਜ ਕੱਸਦਿਆਂ ਪੰਨੂ ਨੇ ਕਿਹਾ ਕਿ ਭਾਜਪਾ 2027 ਵਿੱਚ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ, ਪਰ ਜਿਸ ਤਰ੍ਹਾਂ ਉਹ ਪੰਜਾਬ ਅਤੇ ਇਸਦੇ ਲੋਕਾਂ ‘ਤੇ ਹਮਲੇ ਕਰ ਰਹੇ ਹਨ, ਪੰਜਾਬੀ ਉਨ੍ਹਾਂ ਨੂੰ ਕਦੇ ਸਵੀਕਾਰ ਨਹੀਂ ਕਰਨਗੇ।
ਅੰਤ ਵਿੱਚ ਉਨ੍ਹਾਂ ਕਿਹਾ ਕਿ ‘ਆਪ’ ਨੇ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਕੰਮ ਕਰਕੇ ਰਾਜਨੀਤੀ ਦਾ ਬਿਰਤਾਂਤ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਗੁਜਰਾਤ ਵਿੱਚ ਵਧਦੀ ਲੋਕਪ੍ਰਿਯਤਾ ਨੇ ਅਮਿਤ ਸ਼ਾਹ ਨੂੰ ਘਬਰਾਹਟ ਵਿੱਚ ਪਾ ਦਿੱਤਾ ਹੈ। ਪੰਨੂ ਨੇ ਸਪੱਸ਼ਟ ਕੀਤਾ ਕਿ ‘ਆਪ’ ਦੇ ਸੰਸਦ ਮੈਂਬਰ ਈਡੀ ਜਾਂ ਸੀਬੀਆਈ ਤੋਂ ਨਹੀਂ ਡਰਦੇ ਅਤੇ ਪੰਜਾਬੀ ਅਜਿਹੀਆਂ ਧਮਕੀਆਂ ਦਾ ਮੂੰਹਤੋੜ ਜਵਾਬ ਦੇਣਗੇ।