Close

Recent Posts

ਪੰਜਾਬ ਮੁੱਖ ਖ਼ਬਰ

ਪੰਜਾਬ ਕਿਰਤ ਭਲਾਈ ਬੋਰਡ ਨੇ 7831 ਉਦਯੋਗਿਕ ਕਾਮਿਆਂ ਨੂੰ 17.11 ਕਰੋੜ ਰੁਪਏ ਦੇ ਲਾਭ ਦਿੱਤੇ: ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ

ਪੰਜਾਬ ਕਿਰਤ ਭਲਾਈ ਬੋਰਡ ਨੇ 7831 ਉਦਯੋਗਿਕ ਕਾਮਿਆਂ ਨੂੰ 17.11 ਕਰੋੜ ਰੁਪਏ ਦੇ ਲਾਭ ਦਿੱਤੇ: ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
  • PublishedApril 23, 2026

ਮੰਤਰੀ ਸੌਂਦ ਵੱਲੋਂ ਅਧਿਕਾਰੀਆਂ ਨੂੰ ਉਦਯੋਗਿਕ ਕਾਮਿਆਂ ਲਈ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼

ਚੰਡੀਗੜ੍ਹ/ਐਸਏਐਸ ਨਗਰ, 23 ਅਪ੍ਰੈਲ 2026 (ਦੀ ਪੰਜਾਬ ਵਾਇਰ)। ਸੂਬੇ ਵਿੱਚ ਉਦਯੋਗਿਕ ਕਾਮਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਕਿਰਤ ਭਲਾਈ ਬੋਰਡ ਵੱਲੋਂ ਪਿਛਲੇ ਵਿੱਤੀ ਸਾਲ ਦੌਰਾਨ ਵੱਖ-ਵੱਖ ਭਲਾਈ ਸਕੀਮਾਂ ਅਧੀਨ 7831 ਲਾਭਪਾਤਰੀਆਂ ਨੂੰ 17.11 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ।

ਬੋਰਡ ਦੀਆਂ ਚੱਲ ਰਹੀਆਂ ਗਤੀਵਿਧੀਆਂ ਅਤੇ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਕਿਰਤ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਇਨ੍ਹਾਂ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਜਾਗਰੂਕਤਾ ਮੁਹਿੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਵੱਡੀ ਗਿਣਤੀ ਵਿੱਚ ਯੋਗ ਕਾਮੇ ਭਲਾਈ ਸਕੀਮਾਂ ਦਾ ਲਾਭ ਲੈ ਸਕਣ। ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਜਾਗਰੂਕਤਾ ਦੀ ਘਾਟ ਅਕਸਰ ਕਾਮਿਆਂ ਨੂੰ ਉਨ੍ਹਾਂ ਲਈ ਉਪਲਬਧ ਭਲਾਈ ਸਕੀਮਾਂ ਤੋਂ ਲਾਭ ਲੈਣ ਵਿੱਚ ਅੜਿੱਕਾ ਬਣਦੀ ਹੈ।

ਸਕੀਮਾਂ ਦੇ ਦਾਇਰੇ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਕਿਰਤ ਭਲਾਈ ਫੰਡ ਐਕਟ, 1965 ਅਧੀਨ ਆਉਂਦੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਉਦਯੋਗਿਕ ਕਾਮੇ ਬੋਰਡ ਵੱਲੋਂ ਦਿੱਤੇ ਜਾਂਦੇ ਲਾਭ ਪ੍ਰਾਪਤ ਕਰਨ ਦੇ ਯੋਗ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲਕਦਮੀਆਂ ਸਿਹਤ, ਸਿੱਖਿਆ ਅਤੇ ਸਮਾਜਿਕ ਸੁਰੱਖਿਆ ਸਮੇਤ ਜੀਵਨ ਦੇ ਵੱਖ-ਵੱਖ ਪਹਿਲੂਆਂ ਵਿੱਚ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਚਲਾਈ ਗਈਆਂ ਹਨ।

ਬੋਰਡ ਵੱਲੋਂ ਚਲਾਈ ਗਈਆਂ ਸਕੀਮਾਂ ਵਿੱਚ ਡਾਕਟਰੀ ਇਲਾਜ ਅਤੇ ਜਨਰਲ ਸਰਜਰੀਆਂ ਲਈ ਵਿੱਤੀ ਸਹਾਇਤਾ, ਐਕਸ-ਗ੍ਰੇਸ਼ੀਆ ਗ੍ਰਾਂਟ, ਅੰਤਿਮ ਸੰਸਕਾਰ ਦੇ ਖਰਚੇ, ਐਲ.ਟੀ.ਸੀ., ਜਣੇਪਾ ਲਾਭ ਅਤੇ ਮਾਨਸਿਕ ਜਾਂ ਸਰੀਰਕ ਅਪੰਗਤਾ ਵਾਲੇ ਕਾਮਿਆਂ ਲਈ ਸਹਾਇਤਾ ਸ਼ਾਮਲ ਹੈ। ਇਸ ਤੋਂ ਇਲਾਵਾ ਕਾਮੇ ਹੋਰਨਾਂ ਸਕੀਮਾਂ ਦਾ ਲਾਭ ਵੀ ਲੈ ਸਕਦੇ ਹਨ, ਜਿਨ੍ਹਾਂ ਵਿੱਚ ਸ਼ਗਨ ਸਕੀਮ, ਐਨਕਾਂ ਲਗਵਾਉਣ ਸਬੰਧੀ ਸਹਾਇਤਾ, ਦੰਦਾਂ ਦੀ ਦੇਖਭਾਲ ਅਤੇ ਸੁਣਨ- ਯੰਤਰਾਂ ਲਈ ਸਹਾਇਤਾ ਦੇ ਨਾਲ-ਨਾਲ ਸਿੱਖਿਆ ਅਤੇ ਅਪੰਗਤਾ ਮੁਆਵਜ਼ੇ ਲਈ ਵਜ਼ੀਫ਼ਾ ਸਕੀਮਾਂ ਸ਼ਾਮਲ ਹਨ।

ਮੰਤਰੀ ਨੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਹਰੇਕ ਯੋਗ ਕਾਮੇ ਤੱਕ ਭਲਾਈ ਸਕੀਮਾਂ ਦੀ ਪਹੁੰਚ ਯਕੀਨੀ ਬਣਾਈ ਜਾਵੇ ਤਾਂ ਜੋ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇ ਅਤੇ ਲੋੜ ਸਮੇਂ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜਾਗਰੂਕਤਾ ਕੈਂਪ ਅਤੇ ਆਸਾਨ ਅਰਜ਼ੀ ਪ੍ਰਕਿਰਿਆਵਾਂ ਸਮੇਤ ਸਰਗਰਮ ਉਪਾਅ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਇਨ੍ਹਾਂ ਸਕੀਮਾਂ ਦੇ ਦਾਇਰੇ ਅਤੇ ਪ੍ਰਭਾਵ ਨੂੰ ਹੋਰ ਵਡੇਰਾ ਕੀਤਾ ਜਾ ਸਕੇ।

ਪੰਜਾਬ ਸਰਕਾਰ ਆਪਣੇ ਵਿਕਾਸ ਏਜੰਡੇ ਦੇ ਇੱਕ ਅਹਿਮ ਹਿੱਸੇ ਵਜੋਂ ਕਿਰਤ ਭਲਾਈ ਨੂੰ ਤਰਜੀਹ ਦੇ ਰਹੀ ਹੈ, ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਉਦਯੋਗਿਕ ਕਾਮਿਆਂ ਨੂੰ ਲੋੜੀਂਦੀ ਸਹਾਇਤਾ ਅਤੇ ਉਨ੍ਹਾਂ ਦਾ ਬਣਦਾ ਸਨਮਾਨ ਦਿੱਤਾ ਜਾ ਸਕੇ।

ਇਸ ਮੌਕੇ ਕਿਰਤ ਵਿਭਾਗ ਦੇ ਸਕੱਤਰ ਮਨਵੇਸ਼ ਸਿੰਘ ਸਿੱਧੂ, ਇੰਡਸਟਰੀ ਤੇ ਕਾਮਰਸ ਵਿਭਾਗ ਦੇ ਸਕੱਤਰ ਮਹਿੰਦਰਪਾਲ, ਕਿਰਤ ਕਮਿਸ਼ਨਰ- ਕਮ -ਭਲਾਈ ਕਮਿਸ਼ਨਰ, ਪੰਜਾਬ ਰਾਜੀਵ ਕੁਮਾਰ ਗੁਪਤਾ, ਮੈਂਬਰ ਬਲਦੇਵ ਬਲਖੰਡੀ ਸਮੇਤ ਕਈ ਹੋਰ ਪਤਵੰਤੇ ਵੀ ਮੌਜੂਦ ਸਨ।

Written By
The Punjab Wire