ਪੰਜਾਬ

ਡਰੱਗ ਨੇਕਸਸ ’ਤੇ ਮਾਨ ਦੀ ਚੁੱਪੀ ’ਤੇ ਬਾਜਵਾ ਦੇ ਸਵਾਲ

ਡਰੱਗ ਨੇਕਸਸ ’ਤੇ ਮਾਨ ਦੀ ਚੁੱਪੀ ’ਤੇ ਬਾਜਵਾ ਦੇ ਸਵਾਲ
  • PublishedMarch 20, 2026

ਚੰਡੀਗੜ੍ਹ, 20 ਮਾਰਚ 2026 (ਦੀ ਪੰਜਾਬ ਵਾਇਰ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖਾ ਹਮਲਾ ਬੋਲਿਆ, ਜਦੋਂ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇੱਕ ਵੱਡੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਅਤੇ ਉਸ ਦੀ ਪਤਨੀ ਨੂੰ ਤਲਬ ਕੀਤਾ।

ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਕਮਲ ਕੁਮਾਰ ਉਰਫ ਬੋਰੀ ਅਤੇ ਉਸ ਦੀ ਕੌਂਸਲਰ ਪਤਨੀ ਨੂੰ ਤਲਬ ਕੀਤਾ ਜਾਣਾ ਇੱਕ ਵਾਰ ਫਿਰ ਸੱਤਾਧਾਰੀ ਪਾਰਟੀ ਦੇ ਕਾਰਕੁਨਾਂ ਦੇ ਨਸ਼ੇ ਦੇ ਧੰਦੇ ਨਾਲ ਡੂੰਘੇ ਸੰਬੰਧਾਂ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਤਰਨ ਤਾਰਨ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਦੀ ਗ੍ਰਿਫ਼ਤਾਰੀ ਅਤੇ ਵੱਡੀ ਮਾਤਰਾ ਵਿੱਚ ਹੈਰੋਇਨ, ਮੇਥਾਮਫੈਟਾਮੀਨ ਅਤੇ ਅਫੀਮ ਦੀ ਬਰਾਮਦਗੀ ਤੋਂ ਕੁਝ ਹੀ ਦਿਨਾਂ ਬਾਅਦ ਸਾਹਮਣੇ ਆਈ ਹੈ।

ਨਾਰਕੋਟਿਕਸ ਕੰਟਰੋਲ ਬਿਊਰੋ ਦੀ ਕਾਰਵਾਈ ਸਾਫ਼ ਸੰਕੇਤ ਦਿੰਦੀ ਹੈ ਕਿ ਪੰਜਾਬ ਵਿੱਚ ਨਸ਼ੇ ਦਾ ਜਾਲ ਸਿਰਫ਼ ਕਾਨੂੰਨ-ਵਿਵਸਥਾ ਦਾ ਮਸਲਾ ਨਹੀਂ ਰਹਿ ਗਿਆ, ਸਗੋਂ ਇਹ ਸੱਤਾਧਾਰੀ ਪਾਰਟੀ ਦੇ ਰਾਜਨੀਤਿਕ ਢਾਂਚੇ ਤੱਕ ਪਹੁੰਚ ਚੁੱਕਾ ਹੈ। ਸਰਪੰਚ ਤੋਂ ਲੈ ਕੇ ਟਿਕਟ ਦੇ ਦਾਵੇਦਾਰਾਂ ਤੱਕ, ਇਹ ਸਾਰੀ ਕੜੀ ਬਹੁਤ ਚਿੰਤਾਜਨਕ ਹੈ,” ਬਾਜਵਾ ਨੇ ਕਿਹਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਨਸ਼ੀਲੇ ਪਦਾਰਥਾਂ ਨਾਲ ਜੁੜੇ ਕਈ ਮਾਮਲਿਆਂ ਅਤੇ ਤਕਨੀਕੀ ਜਾਂਚ ਰਾਹੀਂ ਸਾਹਮਣੇ ਆ ਰਹੇ ਕਥਿਤ ਸੰਬੰਧ ਆਮ ਆਦਮੀ ਪਾਰਟੀ ਸਰਕਾਰ ਦੇ ਨਸ਼ਾ ਖਤਮ ਕਰਨਦੇ ਦਾਵਿਆਂ ਤੇ ਗੰਭੀਰ ਸਵਾਲ ਖੜੇ ਕਰਦੇ ਹਨ। ਨਸ਼ੇ ਦੇ ਖਾਤਮੇ ਦੀ ਬਜਾਏ, ਆਮ ਆਦਮੀ ਪਾਰਟੀ ਸਰਕਾਰ ਆਪਣੇ ਹੀ ਲੋਕਾਂ ਨੂੰ ਬਚਾਉਣ ਜਾਂ ਨਜ਼ਰਅੰਦਾਜ਼ ਕਰਨ ਵਿੱਚ ਲੱਗੀ ਹੋਈ ਲੱਗਦੀ ਹੈ,” ਉਨ੍ਹਾਂ ਨੇ ਜੋੜਿਆ।

ਬਾਜਵਾ ਨੇ ਸੰਭਾਵਿਤ ਅੰਤਰਰਾਸ਼ਟਰੀ ਕੜੀਆਂ ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਜੇ ਸਰਹੱਦ ਪਾਰ ਤਸਕਰੀ ਨੈੱਟਵਰਕ ਨਾਲ ਕੋਈ ਸੰਬੰਧ ਸਾਹਮਣੇ ਆਉਂਦਾ ਹੈ ਤਾਂ ਇਹ ਪੰਜਾਬ ਦੀ ਸੁਰੱਖਿਆ ਅਤੇ ਸਮਾਜਕ ਢਾਂਚੇ ਲਈ ਗੰਭੀਰ ਖ਼ਤਰਾ ਹੈ।

ਜਵਾਬਦੇਹੀ ਦੀ ਮੰਗ ਕਰਦੇ ਹੋਏ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਿਆ ਕਿ ਅਜਿਹੇ ਗੰਭੀਰ ਦੋਸ਼ਾਂ ਵਾਲੇ ਲੋਕਾਂ ਨੂੰ ਪਾਰਟੀ ਵਿੱਚ ਅੱਗੇ ਵਧਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ। ਪੰਜਾਬ ਦੀ ਜਨਤਾ ਜਵਾਬ ਚਾਹੁੰਦੀ ਹੈ। ਮੁੱਖ ਮੰਤਰੀ ਦੀ ਚੁੱਪੀ ਇਸ ਧਾਰਨਾ ਨੂੰ ਮਜ਼ਬੂਤ ਕਰਦੀ ਹੈ ਕਿ ਆਮ ਆਦਮੀ ਪਾਰਟੀ ਸਮਝੌਤਾ ਕਰ ਚੁੱਕੀ ਹੈ,” ਉਨ੍ਹਾਂ ਨੇ ਕਿਹਾ।

ਉਨ੍ਹਾਂ ਨੇ ਦੁਹਰਾਇਆ ਕਿ ਕਾਂਗਰਸ ਇਹ ਮਸਲਾ ਤਦ ਤੱਕ ਉਠਾਉਂਦੀ ਰਹੇਗੀ ਜਦ ਤੱਕ ਸਖ਼ਤ ਕਾਰਵਾਈ ਨਹੀਂ ਹੁੰਦੀ ਅਤੇ ਦੋਸ਼ੀਆਂ ਨੂੰ ਮਿਲ ਰਹੀ ਕਥਿਤ ਰਾਜਨੀਤਿਕ ਸੁਰੱਖਿਆ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾਂਦਾ।

Written By
The Punjab Wire