ਪੰਜਾਬ

ਪੰਜਾਬ ਵਿੱਚ ਵੱਡਾ ਅੱਤਵਾਦੀ ਖ਼ਤਰਾ ਟਲਿਆ; ਦੋ ਹੈਂਡ ਗ੍ਰਨੇਡਾਂ ਸਮੇਤ ਦੋ ਗ੍ਰਿਫ਼ਤਾਰ

ਪੰਜਾਬ ਵਿੱਚ ਵੱਡਾ ਅੱਤਵਾਦੀ ਖ਼ਤਰਾ ਟਲਿਆ; ਦੋ ਹੈਂਡ ਗ੍ਰਨੇਡਾਂ ਸਮੇਤ ਦੋ ਗ੍ਰਿਫ਼ਤਾਰ
  • PublishedMarch 18, 2026

ਬਰਾਮਦ ਗ੍ਰਨੇਡ ਸਰਹੱਦ ਪਾਰ ਤੱਤਾਂ ਨਾਲ ਜੁੜੀ ਗ਼ੈਰ-ਕਾਨੂੰਨੀ ਸਪਲਾਈ ਚੇਨ ਦਾ ਹਿੱਸਾ: ਡੀਜੀਪੀ ਗੌਰਵ ਯਾਦਵ

ਪੁਲਿਸ ਟੀਮਾਂ ਨੇ ਵੱਡੀ ਅਣਹੋਣੀ ਰੋਕੀ, ਸੰਭਾਵੀ ਖ਼ਤਰਾ ਨਕਾਰਿਆ: ਏਆਈਜੀ ਸੀਆਈ ਅਵਨੀਤ ਸਿੱਧੂ

ਚੰਡੀਗੜ੍ਹ/ਬਠਿੰਡਾ, 18 ਮਾਰਚ 2026 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਅਤੇ ਅਮਨ-ਅਮਾਨ ਵਾਲਾ ਸੂਬਾ ਬਣਾਉਣ ਦੀ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਅਤੇ ਇੱਕ ਵੱਡਾ ਅੱਤਵਾਦੀ ਖ਼ਤਰਾ ਟਾਲਿਆ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ਨਾਖ਼ਤ ਬੂਟਾ ਸਿੰਘ ਉਰਫ਼ ਗੁਰਪ੍ਰੀਤ ਸਿੰਘ ਉਰਫ਼ ਗੋਪੂ, ਵਾਸੀ ਗਿੱਲਵਾਲੀ, ਫ਼ਿਰੋਜ਼ਪੁਰ ਅਤੇ ਹਰਮੰਦਰ ਸਿੰਘ ਉਰਫ਼ ਨਿੱਕਾ, ਵਾਸੀ ਮੋਠਾਵਾਲੀ, ਮੋਗਾ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਰਾਮਦ ਕੀਤੇ ਗ੍ਰਨੇਡ ਸਰਹੱਦ ਪਾਰ ਤੱਤਾਂ ਨਾਲ ਜੁੜੀ ਗ਼ੈਰ-ਕਾਨੂੰਨੀ ਸਪਲਾਈ ਚੇਨ ਦਾ ਹਿੱਸਾ ਸਨ, ਜਿਨ੍ਹਾਂ ਦਾ ਮਕਸਦ ਸਰਹੱਦੀ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਜਨਤਕ ਸੁਰੱਖਿਆ ਭੰਗ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਮੋਡਿਊਲ ਨਾਲ ਜੁੜੇ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਅੱਗੇ-ਪਿੱਛੇ ਦੇ ਸੰਬੰਧ ਸਥਾਪਿਤ ਕਰਨ ਲਈ ਜਾਂਚ ਜਾਰੀ ਹੈ।

ਅਪਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ ਅਸਿਸਟੈਂਟ ਇੰਸਪੈਕਟਰ ਜਨਰਲ ਆਫ਼ ਪੁਲਿਸ (ਏਆਈਜੀ) ਸੀਆਈ ਬਠਿੰਡਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਅੱਤਵਾਦੀ ਮੋਡਿਊਲ ਨਾਲ ਜੁੜੇ ਦੋ ਆਪਰੇਟਿਵਾਂ ਨੇ ਹੈਂਡ ਗ੍ਰਨੇਡ ਕਬਜ਼ੇ ਵਿੱਚ ਲਏ ਹਨ। ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਸੀਆਈ ਬਠਿੰਡਾ ਨੇ ਇੰਟੈਲੀਜੈਂਸ-ਅਧਾਰਿਤ ਅਪਰੇਸ਼ਨ ਚਲਾਇਆ ਅਤੇ ਮੋਗਾ-ਫ਼ਿਰੋਜ਼ਪੁਰ ਰੋਡ ਤੋਂ ਦੋਵੇਂ ਸ਼ੱਕੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ। ਏਆਈਜੀ ਨੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਟੀਮਾਂ ਦੀ ਇਸ ਤੇਜ਼ ਕਾਰਵਾਈ ਨਾਲ ਇੱਕ ਵੱਡੀ ਅਣਹੋਣੀ ਟਲ ਗਈ ਅਤੇ ਸੰਭਾਵੀ ਖ਼ਤਰਾ ਨਕਾਰਿਆ ਗਿਆ।

ਇਸ ਸਬੰਧ ਵਿੱਚ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪਰੇਸ਼ਨਜ਼ ਸੈੱਲ (ਐੱਸਐੱਸਓਸੀ) ਫ਼ਾਜ਼ਿਲਕਾ ਵਿਖੇ ਐਕਸਪਲੋਸਿਵਜ਼ ਐਕਟ ਦੀਆਂ ਧਾਰਾਵਾਂ 3, 4 ਅਤੇ 5 ਤਹਿਤ ਮਿਤੀ 17.03.2026 ਨੂੰ ਐੱਫ਼ਆਈਆਰ ਨੰਬਰ 06 ਦਰਜ ਕੀਤੀ ਗਈ ਹੈ।

Written By
The Punjab Wire