ਪਿੰਡ ਜੋਗੋਵਾਲ ਜੱਟਾਂ ਅਤੇ ਆਲੋਵਾਲ ਦੇ ਸ਼ਰਧਾਲੂ ਤਿੰਨ ਦਿਨਾਂ ਵਿੱਚ ਕਰਨਗੇ ਪੰਜ ਧਾਰਮਿਕ ਅਸਥਾਨਾਂ ਦੇ ਦਰਸ਼ਨ
ਧਾਰੀਵਾਲ/ਗੁਰਦਾਸਪੁਰ, 18 ਮਾਰਚ 2026 (ਮੰਨਣ ਸੈਣੀ)। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਾਦੀਆਂ ਅਤੇ ਸੀਨੀਅਰ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਅੱਜ ਪਿੰਡ ਜੋਗੋਵਾਲ ਜੱਟਾਂ ਅਤੇ ਆਲੋਵਾਲ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਸ਼ਰਧਾਲੂਆਂ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰਵਾਨਗੀ ਵੇਲੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸ਼ਰਧਾਲੂ ਹਾਜ਼ਰ ਸਨ। ਯਾਤਰਾ ਦੀ ਸਫਲਤਾ ਲਈ ਸੀਨੀਅਰ ਆਗੂ ਭਾਈ ਬਲਦੇਵ ਸਿੰਘ ਨਿਮਾਣਾ ਵੱਲੋਂ ਅਰਦਾਸ ਕੀਤੀ ਗਈ।
ਇਸ ਬੱਸ ਰਾਹੀਂ ਸ਼ਰਧਾਲੂ ਤਿੰਨ ਦਿਨਾਂ ਵਿੱਚ ਸ਼੍ਰੀ ਆਨੰਦਪੁਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਵਿਰਾਸਤ-ਏ-ਖਾਲਸਾ, ਸ਼੍ਰੀ ਕੀਰਤਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨਗੇ।

ਇਸ ਮੌਕੇ ਬੋਲਦਿਆਂ ਐਡਵੋਕੇਟ ਸੇਖਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਇਹ ਯੋਜਨਾ ਲੋਕਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਮੁਫ਼ਤ ਅਤੇ ਸੁਵਿਧਾਜਨਕ ਢੰਗ ਨਾਲ ਕਰਵਾਉਣ ਲਈ ਇੱਕ ਸ਼ਲਾਘਾਯੋਗ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਲੋਕਾਂ ਦੀ ਆਸਥਾ ਨੂੰ ਤਾਂ ਹੁਲਾਰਾ ਮਿਲਦਾ ਹੀ ਹੈ, ਨਾਲ ਹੀ ਸਮਾਜ ਵਿੱਚ ਏਕਤਾ ਅਤੇ ਸਾਂਝ ਦੀ ਭਾਵਨਾ ਵੀ ਹੋਰ ਪੱਕੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨੂੰ ਸਮਾਜ ਦੇ ਹਰ ਵਰਗ ਵਿੱਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਯਾਤਰਾ ‘ਤੇ ਰਵਾਨਾ ਹੋਏ ਸ਼ਰਧਾਲੂਆਂ ਨੇ ਵੀ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯੋਜਨਾ ਸਦਕਾ ਉਹ ਉਨ੍ਹਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰ ਸਕਣਗੇ, ਜਿੱਥੇ ਉਹ ਪਹਿਲਾਂ ਸਾਧਨਾਂ ਦੀ ਘਾਟ ਕਾਰਨ ਨਹੀਂ ਜਾ ਸਕਦੇ ਸਨ।
ਇਸ ਮੌਕੇ ਚੇਅਰਮੈਨ ਰਣਜੇਤ ਸਿੰਘ ਬਾਠ, ਜ਼ਿਲ੍ਹਾ ਮੀਡੀਆ ਇੰਚਾਰਜ ਮੁਖਦੇਵ ਸਿੰਘ ਆਲੋਵਾਲ, ਸਰਪੰਚ ਗੁਰਨਾਮ ਸਿੰਘ ਆਲੋਵਾਲ, ਸਰਪੰਚ ਰਜਵੰਤ ਸਿੰਘ ਜੋਗੋਵਾਲ ਜੱਟਾਂ, ਸਰਪੰਚ ਅੰਮ੍ਰਿਤਪਾਲ ਸਿੰਘ ਬਲ, ਸਰਪੰਚ ਹਰਪਾਲ ਸਿੰਘ ਕੰਗ, ਬਲਾਕ ਸੰਮਤੀ ਮੈਂਬਰ ਮਾਲਕ ਸਿੰਘ ਉਰਫ਼ ਬੰਟੀ ਛੋਟੇਪੁਰ, ਸਰਪੰਚ ਸੇਵਾ ਸਿੰਘ ਚੱਕ ਬੜੋਏ, ਬਲਾਕ ਪ੍ਰਧਾਨ ਹਰਪਾਲ ਸਿੰਘ ਚੱਕ ਬੜੋਏ, ਸੀਨੀਅਰ ਆਗੂ ਗੁਰਜੀਤ ਸਿੰਘ ਉਰਫ਼ ਮਿੰਟਾ ਚੀਮਾ ਅਤੇ ਸੀਨੀਅਰ ਆਗੂ ਬਲਦੇਵ ਸਿੰਘ ਨਿਮਾਣਾ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।