ਮਾਨਸਾ, 17 ਮਾਰਚ 2026 (ਦੀ ਪੰਜਾਬ ਵਾਇਰ)। ਯੂ.ਪੀ.ਐਸ.ਸੀ ਸਿਵਲ ਸਰਵਿਸ ਪ੍ਰੀਖਿਆ ਵਿੱਚ 136ਵਾਂ ਰੈਂਕ ਹਾਸਲ ਕਰਕੇ ਸ਼ਾਨਦਾਰ ਕਾਮਯਾਬੀ ਪ੍ਰਾਪਤ ਕਰਨ ਵਾਲੀ ਕਿਸਾਨ ਪਰਿਵਾਰ ਦੀ ਧੀ ਮਨਪ੍ਰੀਤ ਕੌਰ ਦੇ ਸਨਮਾਨ ਵਿੱਚ ਦਿ ਰਾਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿਖੇ ਇਕ ਵਿਸ਼ੇਸ਼, ਗੌਰਵਮਈ ਅਤੇ ਪ੍ਰੇਰਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਪਿੰਡ ਧਲੇਵਾਂ ਦੇ ਸਰਦਾਰ ਸੁਖਦੇਵ ਸਿੰਘ ਦੀ ਧੀ ਮਨਪ੍ਰੀਤ ਕੌਰ ਦੀ ਇਸ ਉਪਲਬਧੀ ਨੇ ਨਾ ਸਿਰਫ਼ ਉਸਦੇ ਪਰਿਵਾਰ ਨੂੰ ਮਾਣ ਬਖ਼ਸ਼ਿਆ ਹੈ, ਸਗੋਂ ਪੂਰੇ ਮਾਨਸਾ ਜ਼ਿਲੇ ਦਾ ਵੀ ਨਾਮ ਰੌਸ਼ਨ ਕੀਤਾ ਹੈ। ਇਹ ਸਮਾਗਮ ਵਿਦਿਆਰਥੀ ਜੀਵਨ ਵਿੱਚ ਉੱਚ ਆਦਰਸ਼ਾਂ, ਲਗਨ ਅਤੇ ਨਿਰੰਤਰ ਮਿਹਨਤ ਦੀ ਮਹੱਤਤਾ ਨੂੰ ਉਜਾਗਰ ਕਰਨ ਵਾਲਾ ਸਾਬਤ ਹੋਇਆ।
ਇਸ ਮੌਕੇ ਪ੍ਰਸਿੱਧ ਸ਼ਖਸੀਅਤਾਂ ਵਿੱਚ ਡਾ. ਗੁਰਲਾਲ ਸਿੰਘ ਧਲੇਵਾਂ, ਪਰਸ਼ੋਤਮ ਸਿੰਘ ਧਲੇਵਾਂ, ਸਾਬਕਾ ਸਰਪੰਚ ਬਲਰਾਜ ਸਿੰਘ ਧਲੇਵਾਂ ਅਤੇ ਸ਼ਮਸ਼ੇਰ ਸਿੰਘ ਧਲੇਵਾਂ ਸਮੇਤ ਕਾਲਜ ਪ੍ਰਬੰਧਕ ਮੰਡਲ, ਅਧਿਆਪਕ ਵਰਗ ਅਤੇ ਵਿਦਿਆਰਥੀਆਂ ਵੀ ਵੱਡੀ ਮਾਤਰਾ ਵਿੱਚ ਮੌਜੂਦ ਸਨ

ਸਮਾਗਮ ਦੌਰਾਨ ਮਨਪ੍ਰੀਤ ਕੌਰ ਦਾ ਗਰਮਜੋਸ਼ੀ ਨਾਲ ਸਨਮਾਨ ਚਿੰਨ ਭੇਂਟ ਕਰਕੇ ਸਵਾਗਤ ਕੀਤਾ ਗਿਆ ਅਤੇ ਓਹਨਾਂ ਦੀ ਕਾਬਲਿਅਤ, ਸੰਕਲਪ ਅਤੇ ਅਟੱਲ ਮਿਹਨਤ ਨੂੰ ਸਲਾਮ ਕੀਤਾ ਗਿਆ। ਡਾ. ਸਿਮਰਨਜੀਤ ਕੌਰ ਵੱਲੋਂ ਮੁੱਖ ਮਹਿਮਾਨਾਂ ਦਾ ਸਤਿਕਾਰ ਸਹਿਤ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਦਰਸ਼ਕਾਂ ਨਾਲ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਸਹਾਇਕ ਪ੍ਰੋਫੈਸਰ ਅਵਤਾਰ ਸਿੰਘ ਨੇ ਪੀਪੀਟੀ ਰਾਹੀਂ ਦਿ ਰਾਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁੱਖ ਮਹਿਮਾਨਾਂ ਨਾਲ ਸਾਂਝੀ ਕੀਤੀ। ਸਮਾਗਮ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਂਦੇ ਹੋਏ ਡਾ. ਸ਼ਬੀਰ ਅਹਿਮਦ ਸ਼ਾਹ ਅਤੇ ਸਹਾਇਕ ਪ੍ਰੋਫੈਸਰ ਰੁਪਿੰਦਰ ਕੌਰ ਨੇ ਆਪਣੀ ਸਤਿਕਾਰਯੋਗ ਐਂਕਰਿੰਗ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ।
ਕਾਲਜ ਦੇ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਮਨਪ੍ਰੀਤ ਕੌਰ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ ਅਤੇ ਉਹਨਾਂ ਨੂੰ ਉੱਚੇ ਲਕਸ਼ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ।
ਆਪਣੇ ਸੰਬੋਧਨ ਵਿੱਚ ਮਨਪ੍ਰੀਤ ਕੌਰ ਨੇ ਆਪਣੇ ਸੰਘਰਸ਼ਮਈ ਸਫ਼ਰ ਬਾਰੇ ਵਿਸਥਾਰ ਨਾਲ ਦੱਸਦਿਆਂ ਵਿਦਿਆਰਥੀਆਂ ਨੂੰ ਨਿਰੰਤਰ ਮਿਹਨਤ, ਸੁਚੱਜੀ ਯੋਜਨਾ ਅਤੇ ਅਟੱਲ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਸਨੇ ਕਿਹਾ ਕਿ ਹਰ ਵਿਦਿਆਰਥੀ ਲਗਨ ਅਤੇ ਸਹੀ ਦਿਸ਼ਾ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਮਨਪ੍ਰੀਤ ਕੌਰ ਨਾਲ ਗਿਆਨਵਰਧਕ ਸਵਾਲ-ਜਵਾਬ ਸੈਸ਼ਨ ਵੀ ਕੀਤਾ ਗਿਆ, ਜਿਸ ਰਾਹੀਂ ਉਨ੍ਹਾਂ ਨੂੰ ਯੂ.ਪੀ. ਐਸ. ਸੀ ਦੀ ਤਿਆਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ। ਵਿਦਿਆਰਥੀਆਂ ਨੇ ਆਪਣੀਆਂ ਮੁਸ਼ਕਿਲਾਂ ਬਾਰੇ ਖੁੱਲਕੇ ਸਵਾਲ ਪੁੱਛੇ ਜਿਨ੍ਹਾਂ ਦਾ ਮਨਪ੍ਰੀਤ ਕੌਰ ਨੇ ਸਹਿਜਤਾ ਨਾਲ ਜਵਾਬ ਦਿੱਤਾ ਅਤੇ ਆਉਣ ਵਾਲਿਆਂ ਮੁਸ਼ਕਿਲਾਂ ਦਾ ਡਟਕੇ ਸਾਹਮਣਾਂ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਡਾ. ਸਰਬਜੀਤ ਕੌਰ ਸੋਹਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਵਿੱਚ ਔਰਤਾਂ ਦੀ ਸਥਿਤੀ ਵਿੱਚ ਵੱਡਾ ਬਦਲਾਅ ਆਇਆ ਹੈ ਅਤੇ ਹੁਣ ਉਹ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਪ੍ਰਤੀ ਕੇਂਦ੍ਰਿਤ ਰਹਿਣ ਅਤੇ ਆਪਣੀਆਂ ਯੋਗਤਾਵਾਂ ’ਤੇ ਵਿਸ਼ਵਾਸ ਕਰਨ ਲਈ ਪ੍ਰੇਰਿਤ ਕੀਤਾ।