Close

Recent Posts

ਪੰਜਾਬ

ਵਿਧਾਨ ਸਭਾ ਵੱਲੋਂ ਔਰਤਾਂ ਖ਼ਾਸ ਕਰ ਦਲਿਤ ਮਹਿਲਾਵਾਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ‘ਤੇ ਵਿਧਾਇਕ ਖਹਿਰਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ

ਵਿਧਾਨ ਸਭਾ ਵੱਲੋਂ ਔਰਤਾਂ ਖ਼ਾਸ ਕਰ ਦਲਿਤ ਮਹਿਲਾਵਾਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ‘ਤੇ ਵਿਧਾਇਕ ਖਹਿਰਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ
  • PublishedMarch 10, 2026

ਚੰਡੀਗੜ੍ਹ, 10 ਮਾਰਚ 2026 (ਦੀ ਪੰਜਾਬ ਵਾਇਰ)– ਕਾਂਗਰਸ ਪਾਰਟੀ ਦੇ ਮੈਂਬਰ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਗਈ ਕਿ ਇੱਕ ਹਜ਼ਾਰ ਰੁਪਏ ਪਿੱਛੇ ਗਿੱਧਾ ਪਾਉਣ ਵਾਲੀਆਂ ਬੀਬੀਆਂ ਕਿੱਥੋਂ ਜੰਮ ਲੈਣਗੀਆਂ ਸੂਰਮੇ। ਅੱਜ ਅੱਜ ਪੰਜਾਬ ਵਿਧਾਨ ਸਭਾ ‘ਚ ਇਸ ਪੋਸਟ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਜਿਸ ਲਈ ਮਹਿਲਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਵਿੰਦਾ ਪ੍ਰਸਤਾਵ ਵੀ ਪੇਸ਼ ਕੀਤਾ ਗਿਆ।

ਇਸ ਪ੍ਰਸਤਾਵ ਵਿੱਚ ਕਿਹਾ ਗਿਆ ਕਿ ਇਹ ਪੋਸਟ ਸਿੱਧੇ ਤੌਰ ‘ਤੇ ਔਰਤਾਂ ਅਤੇ ਖਾਸ ਕਰਕੇ ਦਲਿਤ ਔਰਤਾਂ ਦਾ ਅਪਮਾਨ ਹੈ। ਇਸ ਤੋਂ ਇਲਾਵਾ ਇਹ ਪਵਿੱਤਰ ਸਦਨ ਦਾ ਵੀ ਅਪਮਾਨ ਹੈ। ਇਸ ਕਰਕੇ ਇਹ ਸਦਨ ਸ. ਸੁਖਪਾਲ ਸਿੰਘ ਖਹਿਰਾ ਵੱਲੋਂ ਔਰਤਾਂ ਅਤੇ ਖਾਸ ਕਰਕੇ ਦਲਿਤ ਔਰਤਾਂ ਅਤੇ ਇਸ ਪਵਿੱਤਰ ਸਦਨ ਦੇ ਕੀਤੇ ਗਏ ਅਪਮਾਨ ਦੀ ਘੋਰ ਨਿੰਦਾ ਕਰਦਾ ਹੈ।

ਸਭ ਤੋਂ ਪਹਿਲਾਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਸੰਵੇਦਨਸ਼ੀਲ ਮਾਮਲੇ ਨੂੰ ਸਪੀਕਰ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਮਰਿਆਦਾ ਕਾਇਮ ਰੱਖਣ ਦੀ ਨਸੀਹਤ ਦਿੱਤੀ ਗਈ।

ਸਭਾ ਵੱਲੋਂ ਪਾਸ ਕੀਤੇ ਗਏ ਇਸ ਪ੍ਰਸਤਾਵ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ, ਲਾਲ ਚੰਦ ਕਟਾਰੂਚੱਕ, ਹਰਭਜਨ ਸਿੰਘ ਈ.ਟੀ.ਓ. ਅਤੇ ਤਰੁਨਪ੍ਰੀਤ ਸਿੰਘ ਸੌਂਦ ਤੋਂ ਇਲਾਵਾ ਲਗਭਗ ਸਾਰੀਆਂ ਮਹਿਲਾ ਵਿਧਾਇਕਾਂ ਜਿਨ੍ਹਾਂ ‘ਚ ਇੰਦਰਜੀਤ ਕੌਰ ਮਾਨ, ਡਾ. ਅਮਨਦੀਪ ਕੌਰ, ਅਨਮੋਲ ਗਗਨ ਮਾਨ, ਨਰਿੰਦਰ ਕੌਰ ਭਰਾਜ ਅਤੇ ਜੀਵਨਜੋਤ ਕੌਰ ਮੁੱਖ ਤੌਰ ‘ਤੇ ਸ਼ਾਮਲ ਹਨ ਵੱਲੋਂ ਤਹਿ ਦਿਲੋਂ ਇਸ ਮਤੇ ਨੂੰ ਸਪੱਸ਼ਟ ਸਮਰਥਨ ਦਿੱਤਾ ਗਿਆ।

ਪ੍ਰਸਤਾਵ ਵਿੱਚ ਕਿਹਾ ਗਿਆ ਕਿ ਸੋਸ਼ਲ ਮੀਡੀਆ ‘ਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੀਆਂ ਟਿੱਪਣੀਆਂ ਔਰਤਾਂ ਦੀ ਮਰਿਆਦਾ ਲਈ ਬਿਲਕੁਲ ਅਸਵੀਕਾਰਯੋਗ ਹਨ। ਇਸ ਵਿੱਚ ਕਿਹਾ ਗਿਆ ਕਿ ਇਹ ਟਿੱਪਣੀਆਂ ਨਾ ਸਿਰਫ਼ ਸਾਰੀਆਂ ਔਰਤਾਂ, ਖ਼ਾਸ ਕਰਕੇ ਦਲਿਤ ਭਾਈਚਾਰੇ ਨਾਲ ਸੰਬੰਧਤ ਔਰਤਾਂ ਲਈ ਅਪਮਾਨਜਨਕ ਹਨ, ਸਗੋਂ ਇਹ ਵਿਧਾਨ ਸਭਾ ਦੀ ਮਰਿਆਦਾ ਦਾ ਵੀ ਉਲੰਘਣ ਹਨ।

ਪ੍ਰਸਤਾਵ ਵਿੱਚ ਅੱਗੇ ਕਿਹਾ ਗਿਆ ਕਿ ਪੰਜਾਬ ਦੀ ਧਰਤੀ ‘ਤੇ ਜੰਮੇ ਬਹਾਦਰ ਪੁੱਤਰ ਅਤੇ ਸ਼ਹੀਦ ਆਪਣੀਆਂ ਮਾਵਾਂ ਵੱਲੋਂ ਦਿੱਤੇ ਗਏ ਸਹਾਸ, ਬਲੀਦਾਨ ਅਤੇ ਮੁੱਲਾਂ ਨੂੰ ਆਪਣੇ ਅੰਦਰ ਧਾਰਨ ਕਰਦੇ ਹਨ। ਮਾਂ ਦੀ ਕੋਖ ਦੀ ਮਹਾਨਤਾ ਨੂੰ ਪੈਸਿਆਂ ਨਾਲ ਕਦੇ ਵੀ ਨਹੀਂ ਤੋਲਾ ਜਾ ਸਕਦਾ। ਪ੍ਰਸਤਾਵ ਵਿੱਚ ਦੁਹਰਾਇਆ ਗਿਆ ਕਿ ਹਰ ਮਾਂ ਸਤਿਕਾਰ ਦੀ ਹੱਕਦਾਰ ਹੈ ਅਤੇ ਕਿਸੇ ਨੂੰ ਵੀ ਉਨ੍ਹਾਂ ਦੀ ਮਰਿਆਦਾ ‘ਤੇ ਸਵਾਲ ਉਠਾਉਣ ਦਾ ਹੱਕ ਨਹੀਂ।

ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੀਆਂ  ਟਿੱਪਣੀਆਂ ਦੀ ਨਿੰਦਾ ਕਰਦਿਆਂ ਇਸ ਪ੍ਰਸਤਾਵ ਵਿੱਚ ਕਾਂਗਰਸ ਦੇ ਇਸ ਵਿਧਾਇਕ ਤੋਂ ਸਰਵਜਨਿਕ ਮਾਫ਼ੀ ਦੀ ਮੰਗ ਕੀਤੀ ਗਈ ਹੈ।

Written By
The Punjab Wire