ਦੀਨਾਨਗਰ ਵਿਖੇ ਸਜਿਆ ਰਾਜ ਪੱਧਰੀ ਸੈਣੀ ਸੰਮੇਲਨ, ਹਜ਼ਾਰਾਂ ਦੀ ਸ਼ਮੂਲੀਅਤ ਨੇ ਦਿਖਾਈ ਇੱਕਜੁੱਟਤਾ
“ਮੈਂ ਮੁੱਖ ਮੰਤਰੀ ਨਹੀਂ, ਤੁਹਾਡਾ ਪੁੱਤਰ ਅਤੇ ਭਰਾ ਬਣ ਕੇ ਆਇਆ ਹਾਂ” – ਨਾਇਬ ਸਿੰਘ ਸੈਣੀ
ਗੁਰਦਾਸਪੁਰ, 1 ਮਾਰਚ 2026 ( ਮੰਨਣ ਸੈਣੀ)। ਸਰਹੱਦੀ ਕਸਬੇ ਦੀਨਾਨਗਰ ਦੀ ਧਰਤੀ ‘ਤੇ ਐਤਵਾਰ ਨੂੰ ਸੈਣੀ ਸਮਾਜ ਦੀ ਏਕਤਾ, ਸੰਗਠਨ ਅਤੇ ਸਮਾਜਿਕ ਚੇਤਨਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਸੈਣੀ ਸਮਾਜ ਸਭਾ (ਰਜਿ.) ਦੀਨਾਨਗਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸੰਮੇਲਨ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੈਣੀ ਭਾਈਚਾਰੇ ਦੇ ਲੋਕ ਸ਼ਾਮਲ ਹੋਏ।
ਪ੍ਰੋਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਨੁਮਾਇੰਦਿਆਂ ਅਤੇ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ।

ਸ਼ਹੀਦਾਂ ਦਾ ਸਨਮਾਨ ਅਤੇ ਸਿੱਖਿਆ ‘ਤੇ ਜ਼ੋਰ
ਸੰਮੇਲਨ ਦੀ ਸ਼ੁਰੂਆਤ ਦੀਪ ਜਗਾ ਕੇ ਅਤੇ ਅਰਦਾਸ ਨਾਲ ਕੀਤੀ ਗਈ। ਇਸ ਮੌਕੇ ਸਭ ਤੋਂ ਪਹਿਲਾਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਕੁਰਬਾਨੀ ਤੇ ਦੇਸ਼ ਭਗਤੀ ਦੀ ਪ੍ਰੇਰਨਾ ਦਿੱਤੀ ਗਈ। ਸਮਾਜ ਦੇ ਹੋਣਹਾਰ ਵਿਦਿਆਰਥੀਆਂ ਅਤੇ ਉੱਚ ਅਹੁਦਿਆਂ ‘ਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸਮਾਜ ਦੀ ਤਰੱਕੀ ਸਿੱਖਿਆ, ਅਨੁਸ਼ਾਸਨ ਅਤੇ ਸ਼ਹੀਦਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਨਾਲ ਹੀ ਸੰਭਵ ਹੈ।
ਮੁੱਖ ਮੰਤਰੀ ਦਾ ਭਾਵੁਕ ਸੰਬੋਧਨ
ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਇੱਥੇ ਕਿਸੇ ਸਿਆਸੀ ਅਹੁਦੇ ਵਜੋਂ ਨਹੀਂ, ਸਗੋਂ ਸਮਾਜ ਦੇ ਇੱਕ ਮੈਂਬਰ ਵਜੋਂ ਆਏ ਹਨ। ਉਨ੍ਹਾਂ ਕਿਹਾ:
“ਮੈਂ ਇੱਥੇ ਮੁੱਖ ਮੰਤਰੀ ਵਜੋਂ ਨਹੀਂ, ਸਗੋਂ ਤੁਹਾਡੇ ਪੁੱਤਰ ਅਤੇ ਭਰਾ ਵਜੋਂ ਖੜ੍ਹਾ ਹਾਂ। ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਦੇ ਦਰਵਾਜ਼ੇ ਤੁਹਾਡੇ ਸਾਰਿਆਂ ਲਈ 24 ਘੰਟੇ ਖੁੱਲ੍ਹੇ ਹਨ। ਜਦੋਂ ਵੀ ਆਓ, ਉਸਨੂੰ ਆਪਣਾ ਘਰ ਸਮਝੋ।”
ਉਨ੍ਹਾਂ ਪੰਜਾਬ ਦੀ ਗੁਰੂਆਂ ਵਾਲੀ ਪਵਿੱਤਰ ਧਰਤੀ ਨੂੰ ਨਮਨ ਕਰਦਿਆਂ ਖ਼ਾਸ ਤੌਰ ‘ਤੇ ਡੇਰਾ ਬਾਬਾ ਨਾਨਕ ਦੇ ਅਧਿਆਤਮਿਕ ਮਹੱਤਵ ਦਾ ਜ਼ਿਕਰ ਕੀਤਾ ਅਤੇ ਸਰਹੱਦੀ ਖੇਤਰ ਦੇ ਲੋਕਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਧੀਆਂ ਨੂੰ ਉੱਚ ਸਿੱਖਿਆ ਦਿਵਾਉਣ ਦੀ ਵੀ ਅਪੀਲ ਕੀਤੀ।

ਸਿਆਸੀ ਹਿੱਸੇਦਾਰੀ ਅਤੇ ਇੱਕਜੁੱਟਤਾ ਦਾ ਸੱਦਾ
ਸੈਣੀ ਸਮਾਜ ਸਭਾ (ਰਜਿ.) ਦੀਨਾਨਗਰ ਦੇ ਪ੍ਰਧਾਨ ਜਗਦੀਸ਼ ਰਾਜ ਸੈਣੀ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਸਮਾਜ ਨੂੰ ਸੰਗਠਿਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੈਣੀ ਭਾਈਚਾਰੇ ਨੂੰ ਸਿਆਸੀ ਪ੍ਰਬੰਧ ਵਿੱਚ ਬਣਦਾ ਸਨਮਾਨਜਨਕ ਨੁਮਾਇੰਦਗੀ ਮਿਲਣੀ ਚਾਹੀਦੀ ਹੈ ਅਤੇ ਇਸ ਲਈ ਸਮੂਹਿਕ ਯਤਨ ਜ਼ਰੂਰੀ ਹਨ। ਉਨ੍ਹਾਂ ਲੋਕ ਸਭਾ ਹਲਕੇ ਦੀ ਹੱਦਬੰਦੀ ਵਰਗੇ ਮੁੱਦਿਆਂ ‘ਤੇ ਵੀ ਸਮਾਜ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ।
ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਵੀ ਸੰਬੋਧਨ ਕਰਦਿਆਂ ਸੈਣੀ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਸਮਾਜ ਦਾ “ਹੀਰਾ” ਦੱਸਦਿਆਂ ਉਨ੍ਹਾਂ ਦੀ ਅਗਵਾਈ ਦੀ ਤਾਰੀਫ਼ ਕੀਤੀ।
ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ
ਇਸ ਮੌਕੇ ਸੈਣੀ ਸਮਾਜ ਦੇ ਰਾਸ਼ਟਰੀ ਪ੍ਰਧਾਨ ਦਿਲਬਾਗ ਸਿੰਘ ਸੈਣੀ, ਸੂਬਾ ਪ੍ਰਧਾਨ ਲਵਲੀਨ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਰਘੁਵੀਰ ਸਿੰਘ ਸੈਣੀ, ਮੀਤ ਪ੍ਰਧਾਨ ਸਤਪਾਲ ਸੈਣੀ, ਕੈਸ਼ੀਅਰ ਸੰਜੀਵ ਸੈਣੀ, ਜਨਰਲ ਸਕੱਤਰ ਪਰਮਿੰਦਰ ਸਿੰਘ ਸੈਣੀ, ਸਾਬਕਾ ਆਈ.ਏ.ਐੱਸ. ਅਧਿਕਾਰੀ ਪ੍ਰਵੀਨ ਸੈਣੀ, ਡਾ. ਰਾਕੇਸ਼ ਕੁਮਾਰ, ਐਡਵੋਕੇਟ ਦਿਲਬਾਗ ਸਿੰਘ ਸੈਣੀ, ਈਸ਼ਵਰ ਸੈਣੀ, ਦਰਸ਼ਨ ਸੈਣੀ ਅਤੇ ਅਨਿਲ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਅਹੁਦੇਦਾਰ ਹਾਜ਼ਰ ਸਨ।