ਨਗਰ ਨਿਗਮ, ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਅਧੀਨ ਕਈ ਵੱਡੇ ਪ੍ਰਾਜੈਕਟਾਂ ਦਾ ਨੀਂਹ ਪੱਥਰ; ਮਾਨ ਪੰਜਾਬ ਵਾਸੀਆਂ ਨੂੰ ਵੀ ਕਰਨਗੇ ਸੰਬੋਧਨ
ਬਟਾਲਾ, 16 ਅਪ੍ਰੈਲ 2026 (ਮੰਨਨ ਸੈਣੀ)। ਮੁੱਖ ਮੰਤਰੀ ਭਗਵੰਤ ਮਾਨ ਅੱਜ ਬਟਾਲਾ ਸ਼ਹਿਰ ਦੇ ਲੋਕਾਂ ਨੂੰ ਵੱਡੀ ਸੌਗਾਤ ਦੇਣ ਜਾ ਰਹੇ ਹਨ। ਉਹ ਨਗਰ ਨਿਗਮ ਬਟਾਲਾ ਦੇ ਅਧੀਨ 95.72 ਕਰੋੜ ਰੁਪਏ, ਪੰਜਾਬ ਮੰਡੀ ਬੋਰਡ ਅਧੀਨ 16.10 ਕਰੋੜ ਰੁਪਏ ਅਤੇ ਲੋਕ ਨਿਰਮਾਣ ਵਿਭਾਗ ਅਧੀਨ 65.09 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨਗੇ — ਕੁੱਲ 177 ਕਰੋੜ ਰੁਪਏ ਤੋਂ ਵੱਧ ਦਾ ਵਿਕਾਸ ਪੈਕੇਜ।
ਬਟਾਲਾ ਸ਼ਹਿਰ ਦੀ ਵਧਦੀ ਟ੍ਰੈਫਿਕ ਸਮੱਸਿਆ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਨਵੇਂ ਬੱਸ ਸਟੈਂਡ ਦੇ ਨਿਰਮਾਣ ਦਾ ਵੀ ਐਲਾਨ ਕਰਨਗੇ। ਇਸ ਦੇ ਨਾਲ ਹੀ ਬਟਾਲਾ ਵਿੱਚ ਨਵੀਂ ਪੁਲਿਸ ਲਾਈਨ ਦੀ ਉਸਾਰੀ ਦਾ ਵੀ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਮੁੱਖ ਮੰਤਰੀ ਮਾਨ ਮਨਸੂਰਕੇ ਕੋਟਲਾ ਡਰੇਨ, ਗ੍ਰੇਟਰ ਕੈਲਾਸ਼ ਦੇ ਨੇੜੇ ਹੰਸਾਲੀ ਡਰੇਨ ਅਤੇ ਕਸੂਰ ਡਰੇਨ ਉੱਤੇ ਪੁੱਲਾਂ ਦੀ ਉਸਾਰੀ ਦਾ ਐਲਾਨ ਵੀ ਕਰਨਗੇ, ਜਿਸ ਨਾਲ ਸ਼ਹਿਰੀ ਅਤੇ ਪੇਂਡੂ ਸੰਪਰਕ ਹੋਰ ਮਜ਼ਬੂਤ ਹੋਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਇਸ ਸਮਾਗਮ ਦੌਰਾਨ ਪੰਜਾਬ ਵਾਸੀਆਂ ਨੂੰ ਵੀ ਸੰਬੋਧਨ ਕਰਨਗੇ।