ਨਸ਼ਿਆਂ ਵਿਰੁੱਧ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਇਸ ਅਲਾਮਤ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਜਾਂਦਾ: ਬਲਤੇਜ ਪੰਨੂ
ਨਸ਼ਾ ਵਿਰੋਧੀ ਮੁਹਿੰਮ ਦੇ ਦੂਜੇ ਪੜਾਅ ਵਿੱਚ 9,000 ਤੋਂ ਵੱਧ ਪੈਦਲ ਯਾਤਰਾਵਾਂ ਅਤੇ ਇੱਕ ਲੱਖ ਵਾਲੰਟੀਅਰ ਲਾਮਬੰਦ: ਪੰਨੂ
ਗੁਪਤ ਐਪ ਰਾਹੀਂ ਨਸ਼ਾ ਤਸਕਰਾਂ ਵਿਰੁੱਧ ਰਿਪੋਰਟਿੰਗ ਅਤੇ ਸਿੱਧੀ ਕਾਰਵਾਈ ਸੰਭਵ, ਹਰ ਰਿਪੋਰਟ ਮੁੱਖ ਮੰਤਰੀ ਅਤੇ ਡੀਜੀਪੀ ਤੱਕ ਪਹੁੰਚਦੀ ਹੈ: ਪੰਨੂ
ਚੰਡੀਗੜ੍ਹ, 21 ਜਨਵਰੀ 2026 (ਦੀ ਪੰਜਾਬ ਵਾਇਰ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਅਤੇ ‘ਨਸ਼ਾ ਮੁਕਤੀ ਮੋਰਚਾ‘ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਨੇ ਕਿਹਾ ਕਿ ਪਾਰਟੀ ਦੀ ‘ਯੁੱਧ ਨਸ਼ਿਆਂ ਵਿਰੁੱਧ‘ ਮੁਹਿੰਮ ਪੂਰੇ ਸੂਬੇ ਵਿੱਚ ਇੱਕ ਯੋਜਨਾਬੱਧ, ਲੋਕ-ਪੱਖੀ ਅਤੇ ਵਿਵਸਥਿਤ ਤਰੀਕੇ ਨਾਲ ਚਲਾਈ ਜਾ ਰਹੀ ਹੈ।
‘ਆਪ‘ ਆਗੂ ਅਨੂ ਬੱਬਰ,ਲਵਦੀਪ ਸ਼ਰਮਾ ਅਤੇ ਮੰਜੀਤ ਸਿੰਘ ਰਾਏਕੋਟ ਦੇ ਨਾਲ ਬੁੱਧਵਾਰ ਨੂੰ ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕਿਹਾ ਕਿ ਹੇਠਲੇ ਪੱਧਰ ‘ਤੇ ਪ੍ਰਭਾਵਸ਼ਾਲੀ ਪਹੁੰਚ ਅਤੇ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਨਸ਼ਾ ਮੁਕਤੀ ਮੋਰਚਾ ਦੀ ਟੀਮ ਨੂੰ ਪੰਜ ਜ਼ੋਨਾਂ ਮਾਝਾ, ਦੋਆਬਾ ਅਤੇ ਮਾਲਵਾ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਮਾਲਵਾ ਨੂੰ ਅੱਗੇ ਮਾਲਵਾ ਪੂਰਬੀ, ਮਾਲਵਾ ਕੇਂਦਰੀ ਅਤੇ ਮਾਲਵਾ ਪੱਛਮੀ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੋਰਚਾ ‘ਯੁੱਧ ਨਸ਼ਿਆਂ ਵਿਰੁੱਧ‘ ਮੁਹਿੰਮ ਦੇ ਇੱਕ ਅਹਿਮ ਅਤੇ ਸਰਗਰਮ ਹਿੱਸੇ ਵਜੋਂ ਕੰਮ ਕਰਦਾ ਹੈ।
ਮੁਹਿੰਮ ਦੇ ਪਹਿਲੇ ਪੜਾਅ ਦੀ ਜਾਨਕਾਰੀ ਦਿੰਦੇ ਹੋਏ ਪੰਨੂ ਨੇ ਦੱਸਿਆ ਕਿ ‘ਆਪ‘ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਪੰਜਾਬ ਦੇ ਹਰ ਪਿੰਡ ਅਤੇ ਵਾਰਡ ਤੱਕ ਪਹੁੰਚੀ ਹੈ। ਲੋਕਾਂ ਨੂੰ ਸਹੁੰ ਚੁਕਾਈ ਗਈ ਕਿ ਉਹ ਨਾ ਤਾਂ ਨਸ਼ਾ ਕਰਨਗੇ ਅਤੇ ਨਾ ਹੀ ਨਸ਼ਾ ਤਸਕਰਾਂ ਦਾ ਸਾਥ ਦੇਣਗੇ, ਜਿਸ ਵਿੱਚ ਉਨ੍ਹਾਂ ਦੀ ਜ਼ਮਾਨਤ ਲਈ ਗਾਰੰਟਰ ਵਜੋਂ ਖੜ੍ਹੇ ਹੋਣ ਤੋਂ ਇਨਕਾਰ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਪੜਾਅ ਦਾ ਬਹੁਤ ਸਕਾਰਾਤਮਕ ਪ੍ਰਭਾਵ ਪਿਆ ਹੈ ਅਤੇ ਪੰਜਾਬ ਦੇ ਲੋਕ ਇਸ ਲਹਿਰ ਦਾ ਸਰਗਰਮੀ ਨਾਲ ਸਮਰਥਨ ਕਰ ਰਹੇ ਹਨ।
ਪੰਨੂ ਨੇ ਅੱਗੇ ਕਿਹਾ ਕਿ ਹਾਲ ਹੀ ਦੀਆਂ ਰਿਪੋਰਟਾਂ ਅਨੁਸਾਰ, ਪਿਛਲੇ ਤਿੰਨ ਸਾਲਾਂ ਵਿੱਚ ਐਨਡੀਪੀਐਸ ਕੇਸਾਂ ਵਿੱਚ ਪੰਜਾਬ ਦੀ ਸਜ਼ਾ ਦਰ ਲਗਭਗ 85 ਪ੍ਰਤੀਸ਼ਤ ਰਹੀ ਹੈ, ਜੋ ਹੁਣ ਤੱਕ ਦੀ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਵਿੱਚ ਜਨਤਕ ਜਾਗਰੂਕਤਾ ਅਤੇ ਸਹਿਯੋਗ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨਾਲ ਮੁਹਿੰਮ ਦਾ ਪਹਿਲਾ ਪੜਾਅ ਸਪੱਸ਼ਟ ਤੌਰ ‘ਤੇ ਸਫਲ ਰਿਹਾ ਹੈ।
ਦੂਜੇ ਪੜਾਅ ਦੇ ਵੇਰਵੇ ਸਾਂਝੇ ਕਰਦਿਆਂ ਪੰਨੂ ਨੇ ਦੱਸਿਆ ਕਿ ਨਿਰੰਤਰ ਜਾਗਰੂਕਤਾ ਯਤਨਾਂ ਦੇ ਹਿੱਸੇ ਵਜੋਂ ਇਸ ਸਮੇਂ ਸੂਬੇ ਭਰ ਵਿੱਚ ਵੱਡੇ ਪੱਧਰ ‘ਤੇ ਪੈਦਲ ਯਾਤਰਾਵਾਂ ਕੀਤੀਆਂ ਜਾ ਰਹੀਆਂ ਹਨ। ਬਲਾਕ ਪੱਧਰ ਦੇ ਇੰਚਾਰਜ ਨਿਯੁਕਤ ਕੀਤੇ ਗਏ ਹਨ, ਬਲਾਕ ਅਤੇ ਜ਼ਿਲ੍ਹਾ ਪੱਧਰ ਦੇ ਵਾਲੰਟੀਅਰਾਂ ਨਾਲ ਰੋਜ਼ਾਨਾ ਤਾਲਮੇਲ ਕਾਲਾਂ ਕੀਤੀਆਂ ਜਾਂਦੀਆਂ ਹਨ, ਹਰ ਰੋਜ਼ ਕੰਮ ਸੌਂਪੇ ਜਾਂਦੇ ਹਨ ਅਤੇ ਅਗਲੇ ਦਿਨ ਉਨ੍ਹਾਂ ਦਾ ਰਿਵਿਊ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਾਡੀਆਂ ਟੀਮਾਂ ਵਿਵਸਥਿਤ ਤਰੀਕੇ ਨਾਲ ਨਸ਼ਿਆਂ ਵਿਰੁੱਧ ਲੜ ਰਹੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਦੂਜੇ ਪੜਾਅ ਤਹਿਤ ‘ਪਿੰਡ ਦੇ ਪਹਿਰੇਦਾਰ‘ ਨਾਮ ਹੇਠ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਨਾਲ ਇੱਕ ਲੱਖ ਤੋਂ ਵੱਧ ਵਾਲੰਟੀਅਰ ਪਹਿਲਾਂ ਹੀ ਜੁੜ ਚੁੱਕੇ ਹਨ। ਇਹ ਵਾਲੰਟੀਅਰ ਪੰਜਾਬ ਭਰ ਦੇ ਪਿੰਡਾਂ, ਕਸਬਿਆਂ ਅਤੇ ਵਾਰਡਾਂ ਵਿੱਚ ਸਰਗਰਮੀ ਨਾਲ ਪੈਦਲ ਯਾਤਰਾਵਾਂ ਕਰ ਰਹੇ ਹਨ।
ਪੰਨੂ ਨੇ ਸਾਂਝਾ ਕੀਤਾ ਕਿ ਹੁਣ ਤੱਕ ਪੰਜ ਜ਼ੋਨਾਂ ਵਿੱਚ ਕੁੱਲ 9,099 ਪੈਦਲ ਯਾਤਰਾਵਾਂ ਕੀਤੀਆਂ ਜਾ ਚੁੱਕੀਆਂ ਹਨ। ਦੋਆਬਾ ਵਿੱਚ 1,969 ਪੈਦਲ ਯਾਤਰਾਵਾਂ ਕੀਤੀਆਂ ਗਈਆਂ- ਮਾਝਾ ਵਿੱਚ 1,930, ਮਾਲਵਾ ਕੇਂਦਰੀ ਵਿੱਚ 1,395, ਮਾਲਵਾ ਪੂਰਬੀ ਵਿੱਚ 2,167 ਅਤੇ ਮਾਲਵਾ ਪੱਛਮੀ ਵਿੱਚ 1,618 ਪੈਦਲ ਯਾਤਰਾਵਾਂ ਹੋਈਆਂ।
ਜ਼ੋਨ-ਵਾਰ ਵੇਰਵੇ ਦਿੰਦਿਆਂ ਪੰਨੂ ਨੇ ਦੱਸਿਆ ਕਿ ਦੋਆਬਾ ਵਿੱਚ ਹੁਸ਼ਿਆਰਪੁਰ (661), ਜਲੰਧਰ ਦਿਹਾਤੀ (492), ਜਲੰਧਰ ਸ਼ਹਿਰੀ (79), ਕਪੂਰਥਲਾ (351) ਅਤੇ ਐਸ.ਬੀ.ਐਸ ਨਗਰ (386) ਵਿੱਚ ਪੈਦਲ ਯਾਤਰਾਵਾਂ ਕੀਤੀਆਂ ਗਈਆਂ। ਮਾਝਾ ਵਿੱਚ ਅੰਮ੍ਰਿਤਸਰ ਦਿਹਾਤੀ ਵਿੱਚ 472, ਅੰਮ੍ਰਿਤਸਰ ਸ਼ਹਿਰੀ 45, ਗੁਰਦਾਸਪੁਰ 771, ਪਠਾਨਕੋਟ 389 ਅਤੇ ਤਰਨਤਾਰਨ ਵਿੱਚ 253 ਪੈਦਲ ਯਾਤਰਾਵਾਂ ਹੋਈਆਂ।
ਮਾਲਵਾ ਕੇਂਦਰੀ ਵਿੱਚ, ਫਰੀਦਕੋਟ ਵਿੱਚ 251, ਫਤਹਿਗੜ੍ਹ ਸਾਹਿਬ 312, ਲੁਧਿਆਣਾ ਦਿਹਾਤੀ-1 ਵਿੱਚ 291, ਲੁਧਿਆਣਾ ਦਿਹਾਤੀ-2 ਵਿੱਚ 242, ਲੁਧਿਆਣਾ ਸ਼ਹਿਰੀ 59 ਅਤੇ ਮੋਗਾ ਵਿੱਚ 240 ਪੈਦਲ ਯਾਤਰਾਵਾਂ ਦਰਜ ਕੀਤੀਆਂ ਗਈਆਂ। ਮਾਲਵਾ ਪੂਰਬੀ ਵਿੱਚ, ਮਲੇਰਕੋਟਲਾ ਵਿੱਚ 178, ਪਟਿਆਲਾ ਦਿਹਾਤੀ 466, ਪਟਿਆਲਾ ਸ਼ਹਿਰੀ 412, ਰੂਪਨਗਰ 394, ਸੰਗਰੂਰ 459 ਅਤੇ ਐਸ.ਏ.ਐਸ ਨਗਰ ਵਿੱਚ 278 ਪੈਦਲ ਯਾਤਰਾਵਾਂ ਦੇਖਣ ਨੂੰ ਮਿਲੀਆਂ। ਮਾਲਵਾ ਪੱਛਮੀ ਵਿੱਚ ਬਰਨਾਲਾ ਵਿੱਚ 209, ਬਠਿੰਡਾ 191, ਫਾਜ਼ਿਲਕਾ 433, ਫਿਰੋਜ਼ਪੁਰ 587, ਮਾਨਸਾ 190 ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ 8 ਪੈਦਲ ਯਾਤਰਾਵਾਂ ਹੋਈਆਂ।
ਪੰਨੂ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਅਜਿਹਾ ਜ਼ੋਨ ਜਾਂ ਜ਼ਿਲ੍ਹਾ ਨਹੀਂ ਹੈ ਜਿੱਥੇ ‘ਯੁੱਧ ਨਸ਼ਿਆਂ ਵਿਰੁੱਧ’ ਦਾ ਦੂਜਾ ਪੜਾਅ ਸਰਗਰਮ ਨਾ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਅਸੀਂ ਪੰਜਾਬ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਜੜ੍ਹੋਂ ਨਹੀਂ ਪੁੱਟ ਦਿੰਦੇ।
ਉਨ੍ਹਾਂ ਕਿਹਾ ਕਿ ਪੰਚਾਇਤਾਂ, ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਪਰਿਵਾਰਾਂ ਸਮੇਤ ਸਾਰੇ ਵਰਗਾਂ ਦੇ ਲੋਕ ਇਸ ਮੁਹਿੰਮ ਵਿੱਚ ਸਰਗਰਮ ਭਾਗੀਦਾਰ ਵਜੋਂ ਅੱਗੇ ਆ ਰਹੇ ਹਨ। ਪੰਨੂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਨਸ਼ਾ ਮੁਕਤੀ ਮੋਰਚਾ’ ਦੇ ਵਾਲੰਟੀਅਰਾਂ ਦਾ ਸਹਿਯੋਗ ਕਰਨ, ਕਿਉਂਕਿ ਉਹ ਸਿਰਫ਼ ਸਮਾਜ ਦੀ ਮਦਦ ਲਈ ਕੰਮ ਕਰ ਰਹੇ ਹਨ।
ਪੰਨੂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇੱਕ ਸਮਰਪਿਤ ਮੋਬਾਈਲ ਐਪ ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਗਈ ਹੈ। ਇਸ ਐਪ ਦੀ ਵਰਤੋਂ ਸਿਰਫ਼ ਨਸ਼ਾ ਮੁਕਤੀ ਮੋਰਚਾ ਦੇ ਮੈਂਬਰਾਂ ਵੱਲੋਂ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਸਿੱਧੀ ਡੀਜੀਪੀ ਅਤੇ ਮੁੱਖ ਮੰਤਰੀ ਕੋਲ ਜਾਂਦੀ ਹੈ, ਜਿਸ ਤੋਂ ਬਾਅਦ ਇਸ ਦੀ ਤਸਦੀਕ ਕੀਤੀ ਜਾਂਦੀ ਹੈ ਅਤੇ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਾਣਕਾਰੀ ਸਾਂਝੀ ਕਰਨ ਵਾਲੇ ਵਿਅਕਤੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਸਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ।