ਗੁਰਦਾਸਪੁਰ, 2 ਅਗਸਤ 2025 (ਮੰਨਨ ਸੈਣੀ)। ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਥਾਣਾ ਬਹਿਰਾਮਪੁਰ ਦੀ ਪੁਲਿਸ ਵੱਲੋਂ ਨਸ਼ਿਆਂ ਅਤੇ ਹਥਿਆਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾ 266 ਗ੍ਰਾਮ ਹੈਰੋਇਨ, ਇੱਕ ਪਿਸਤੌਲ, 8 ਜ਼ਿੰਦਾ ਰੌਂਦ ਅਤੇ 2100 ਰੁਪਏ ਡਰੱਗ ਮਨੀ ਬਰਾਮਦ ਕਰਨ ਦੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਆਈ. ਗੁਰਮੁੱਖ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਪਿੰਡ ਡਾਲਾ ਭੋਲਾ ਦੇ ਚੌਂਕ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਸ਼ੱਕੀ ਹੋਂਡਾ ਸਿਟੀ ਕਾਰ ਨੂੰ ਰੋਕਿਆ ਗਿਆ। ਕਾਰ ਵਿੱਚ ਸਵਾਰ ਦੋ ਵਿਅਕਤੀਆਂ ਦੀ ਤਲਾਸ਼ੀ ਲਈ ਗਈ, ਜਿਨ੍ਹਾਂ ਦੀ ਪਛਾਣ ਰਾਜਿੰਦਰ ਸਿੰਘ ਉਰਫ਼ ਜਿੰਦਰ ਵਾਸੀ ਅਬਲਖੈਰ ਅਤੇ ਸ਼ਰਨਜੀਤ ਸਿੰਘ ਉਰਫ਼ ਸ਼ਰਨ ਵਾਸੀ ਖਰਲਾ ਵਜੋਂ ਹੋਈ।
ਤਲਾਸ਼ੀ ਦੌਰਾਨ ਸ਼ਰਨਜੀਤ ਸਿੰਘ ਦੀ ਪੈਂਟ ਦੀ ਜੇਬ ਵਿੱਚੋਂ 266 ਗ੍ਰਾਮ ਹੈਰੋਇਨ ਅਤੇ 2100 ਰੁਪਏ ਨਕਦ ਬਰਾਮਦ ਹੋਏ। ਜਦਕਿ ਰਾਜਿੰਦਰ ਸਿੰਘ ਅਤੇ ਗੱਡੀ ਦੀ ਤਲਾਸ਼ੀ ਦੌਰਾਨ ਕਾਰ ਦੇ ਡੈਸ਼ਬੋਰਡ ਵਿੱਚੋਂ ਇੱਕ ‘Made in Italy’ ਦਾ ਪਿਸਤੌਲ, ਦੋ ਖਾਲੀ ਮੈਗਜ਼ੀਨ ਅਤੇ 8 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ।
ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ NDPS ਐਕਟ ਅਤੇ ਆਰਮਸ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।