ਪੰਜਾਬ ਮੁੱਖ ਖ਼ਬਰ ਰਾਜਨੀਤੀ

ਭਾਜਪਾ ਵਿੱਚ ਸ਼ਾਮਲ ਹੁੰਦਿਆਂ ਹੀ ਖਰੜ ਦੇ ਰੀਅਲਟਰ ਰਣਜੀਤ ਗਿੱਲ ਦੇ ਘਰ ਅਤੇ ਦਫ਼ਤਰ ‘ਤੇ ਵਿਜੀਲੈਂਸ ਦਾ ਛਾਪਾ

ਭਾਜਪਾ ਵਿੱਚ ਸ਼ਾਮਲ ਹੁੰਦਿਆਂ ਹੀ ਖਰੜ ਦੇ ਰੀਅਲਟਰ ਰਣਜੀਤ ਗਿੱਲ ਦੇ ਘਰ ਅਤੇ ਦਫ਼ਤਰ ‘ਤੇ ਵਿਜੀਲੈਂਸ ਦਾ ਛਾਪਾ
  • PublishedAugust 2, 2025

ਮੋਹਾਲੀ, 2 ਅਗਸਤ 2025 (ਦੀ ਪੰਜਾਬ ਵਾਇਰ)। ਭਾਜਪਾ ਵਿੱਚ ਸ਼ਾਮਲ ਹੋਣ ਦੇ ਕੁਝ ਹੀ ਘੰਟਿਆਂ ਬਾਅਦ, ਖਰੜ ਦੇ ਪ੍ਰਸਿੱਧ ਰੀਅਲਟਰ ਅਤੇ ਸਾਬਕਾ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਦੇ ਮੋਹਾਲੀ ਅਤੇ ਚੰਡੀਗੜ੍ਹ ਸਥਿਤ ਘਰ ਅਤੇ ਦਫ਼ਤਰ ‘ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਸ਼ਨੀਵਾਰ ਸਵੇਰੇ ਕੀਤੀ ਗਈ।

ਰਣਜੀਤ ਸਿੰਘ ਗਿੱਲ ਦੇ ਖਰੜ ਸਥਿਤ ਗਿੱਲਕੋ ਵੈਲੀ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਸੀ, ਜਦੋਂ ਕਿ ਚੰਡੀਗੜ੍ਹ ਦੇ ਸੈਕਟਰ 2 ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਵੀ ਵਿਜੀਲੈਂਸ ਟੀਮ ਪਹੁੰਚੀ ਹੋਈ ਸੀ। ਹਾਲਾਂਕਿ ਗਿੱਲ ਖੁਦ ਇਸ ਬਾਰੇ ਟਿੱਪਣੀ ਲਈ ਉਪਲਬਧ ਨਹੀਂ ਸਨ, ਪਰ ਉਨ੍ਹਾਂ ਦੇ ਕਰੀਬੀ ਸਾਥੀਆਂ ਨੇ ਇਸ ਕਾਰਵਾਈ ਨੂੰ “ਸਿਆਸੀ ਬਦਲਾਖੋਰੀ” ਦੱਸਿਆ ਹੈ।

ਇਸ ਸੰਬੰਧੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਐਕਸ ਤੇ ਕਿਹਾ ਗਿਆ ਕਿ ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਰੇਡ ਦੀ ਟਾਈਮਿੰਗ ਸਰਕਾਰ ਦੇ ਹੰਕਾਰ ਦਾ ਪ੍ਰਗਟਾਵਾ ਹੈ। ਜਿਹੜੀ ਸਰਕਾਰ ਖੁਦ ਭੂ ਮਾਫੀਆ ਦਾ ਰੂਪ ਅਖਤਿਆਰ ਕਰ ਚੁੱਕੀ ਹੈ, ਉਸਨੂੰ ਇਹ ਗਵਾਰਾ ਨਹੀਂ ਕਿ ਕੋਈ ਬਿਲਡਰ ਆਪਣੀ ਇੱਛਾ ਨਾਲ ਆਪਣਾ ਕੋਈ ਰਾਜਨੀਤਿਕ ਰਾਹ ਚੁਣ ਸਕੇ। ਵਿਰੋਧੀ ਵਿਚਾਰਧਾਰਾ ਵਾਲਿਆਂ ਨੂੰ ਡਰਾਉਣ ਧਮਕਾਉਣ ਲਈ ਸਰਕਾਰ ਦੇ ਇਸ ਤਰ੍ਹਾਂ ਦੇ ਹੱਥ ਕੰਡੇ ਜਿੱਥੇ ਸਰਕਾਰ ਦੀ ਮਨਸ਼ਾ ਉਜਾਗਰ ਕਰਦੇ ਹਨ, ਉਥੇ ਹੀ ਇਹ ਲੋਕਤੰਤਰ ਦੇ ਬਿਲਕੁਲ ਖਿਲਾਫ ਹੈ।

ਹਾਲਾਕਿ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੀਲ ਗਰਗ ਨੇ ਭਾਜਪਾ ’ਤੇ ਸਵਾਲ ਖੜੇ ਕੀਤੇ ਅਤੇ ਦੋਸ਼ ਲਗਾਏ ਕਿ ਭਾਜਪਾ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਸ਼ਰਨ ਦਿੰਦੀ ਹੈ। ਉਨ੍ਹਾਂ ਦੋਸ਼ ਲਗਾਇਆ ਪਹਿਲਾਂ ਮਜੀਠੀਆ ਦੇ ਖਿਲਾਫ਼ ਨਸ਼ਾ ਤਸਕਰੀ ਮਾਮਲੇ ਵਿੱਚ ਈਡੀ ਦੀ ਜਾਂਚ ਭਾਜਪਾ ਨੇ ਰੋਕੀ। ਹੁਣ ਰਾਤੋਂ-ਰਾਤ ਅਕਾਲੀ ਆਗੂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾ ਦਿੱਤਾ। ਸੀਨੀਅਰ ਨੇਤਾ ਬਲਤੇਜ ਪੰਨੂ ਵੱਲੋਂ ਸਵਾਲ ਕੀਤਾ ਗਿਆ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਦੇ ਜਰਿਏ ਨਹੀਂ ਬਲਕਿ ਸਿੱਧਾ ਹਰਿਆਣਾ ਦੇ ਮੁੱਖ ਮੰਤਰੀ ਜੁਆਇਨ ਕਰਵਾਉਂਦੇ ਹਨ। ਉਨ੍ਹਾਂ ਵੀ ਕਿਹਾ ਕਿ ਭਾਜਪਾ ਸ਼ਹਿ ਦਿੰਦੀ ਹੈ।

ਜ਼ਿਕਰਯੋਗ ਹੈ ਕਿ ਰਣਜੀਤ ਗਿੱਲ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਖਰੜ ਤੋਂ ਚੋਣ ਲੜ ਚੁੱਕੇ ਹਨ। 2022 ਵਿੱਚ ਉਨ੍ਹਾਂ ਨੂੰ ‘ਆਪ’ ਦੀ ਅਨਮੋਲ ਗਗਨ ਮਾਨ ਤੋਂ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਗਿੱਲ ਨੇ ਹਾਲ ਹੀ ਵਿੱਚ ਆਪਣੀ ਪਾਰਟੀ ਦੇ ਅਹੁਦੇਦਾਰਾਂ ਦੀ ਨਿਯੁਕਤੀ ਤੋਂ ਨਾਰਾਜ਼ ਹੋ ਕੇ 12 ਜੁਲਾਈ ਨੂੰ ਅਕਾਲੀ ਦਲ ਛੱਡ ਦਿੱਤਾ ਸੀ।

Written By
The Punjab Wire