ਹਾਲੇ ਤੱਕ ਸੁਖਜਿੰਦਰ ਰੱਧਾਵਾ ਵੱਲੋਂ ਸੰਸਦ ਅੰਦਰ ਪੁੱਛੇ ਗਏ 46 ਸਵਾਲ
ਗੁਰਦਾਸਪੁਰ, 31 ਜੁਲਾਈ 2025 (ਮੰਨਨ ਸੈਣੀ)। ਗੁਰਦਾਸਪੁਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ, ਖਾਸ ਕਰਕੇ ਗੁਰਦਾਸਪੁਰ ਅਤੇ ਬਟਾਲਾ, ਵਿੱਚ ਮਾਈਕਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ਼ਿਜ਼ (MSME) ਸੈਕਟਰ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਨੂੰ ਵਿਸ਼ੇਸ਼ ਪਹਿਲਕਦਮੀਆਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਸੁਖਜਿੰਦਰ ਰੰਧਾਵਾ ਵੱਲੋਂ ਹਾਲੇ ਤੱਕ ਸੰਸਦ ਦੇ ਵੱਖ ਵੱਖ ਸੈਸ਼ਨਾ ਦੌਰਾਨ ਕੁਲ 46 ਸਵਾਲ ਰੱਖੇ ਗਏ ਹਨ।
ਹਾਲਾਕਿ ਸੰਸਦ ਵਿੱਚ ਪੁੱਛੇ ਗਏ ਸਵਾਲ (ਅਣਸਟਾਰਡ ਸਵਾਲ ਨੰ. 2051) ਦੇ ਜਵਾਬ ਵਿੱਚ, ਮਾਈਕਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ਼ਿਜ਼ ਰਾਜ ਮੰਤਰੀ ਸੁਸ਼ਰੀ ਸ਼ੋਭਾ ਕਰੰਡਲਾਜੇ ਨੇ ਦੱਸਿਆ ਕਿ ਕੇਂਦਰ ਸਰਕਾਰ MSME ਸੈਕਟਰ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਰਾਜ ਸਰਕਾਰਾਂ ਦੇ ਯਤਨਾਂ ਨੂੰ ਸਮਰਥਨ ਦਿੰਦੀ ਹੈ।
ਸਰਹੱਦੀ ਜ਼ਿਲ੍ਹਿਆਂ ਲਈ ਵਿਸ਼ੇਸ਼ ਸਕੀਮਾਂ ਦੀ ਮੰਗ
ਸੁਖਜਿੰਦਰ ਰੰਧਾਵਾ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਅੰਤਰਰਾਸ਼ਟਰੀ ਸਰਹੱਦ ਤੋਂ 50 ਕਿਲੋਮੀਟਰ ਦੇ ਦਾਇਰੇ ਵਿੱਚ ਸਥਿਤ ਗੁਰਦਾਸਪੁਰ ਵਰਗੇ ਸਰਹੱਦੀ ਜ਼ਿਲ੍ਹਿਆਂ ਵਿੱਚ ਪ੍ਰਾਈਵੇਟ ਅਤੇ MSME ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਵਿਸ਼ੇਸ਼ ਪੂੰਜੀ ਸਬਸਿਡੀ ਸਕੀਮ, ਟੈਕਸ ਛੋਟਾਂ ਅਤੇ ਮੁਆਫੀਆਂ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਜਿਹੀਆਂ ਸਕੀਮਾਂ ਨਾ ਸਿਰਫ ਸਥਾਨਕ ਰੁਜ਼ਗਾਰ ਨੂੰ ਵਧਾਉਣਗੀਆਂ, ਸਗੋਂ ਨੌਜਵਾਨਾਂ ਦੇ ਵਿਦੇਸ਼ ਪਰਵਾਸ ਨੂੰ ਰੋਕਣ ਵਿੱਚ ਵੀ ਮਦਦਗਾਰ ਸਾਬਤ ਹੋਣਗੀਆਂ। ਹਾਲਾਂਕਿ, ਸਰਕਾਰ ਨੇ ਅਜੇ ਤੱਕ ਅਜਿਹੀ ਕਿਸੇ ਵਿਸ਼ੇਸ਼ ਸਕੀਮ ਦੀ ਸ਼ੁਰੂਆਤ ਦੀ ਪੁਸ਼ਟੀ ਨਹੀਂ ਕੀਤੀ।
ਸੁਖਜਿੰਦਰ ਰੰਧਾਵਾ ਵੱਲੋਂ ਗੁਰਦਾਸਪੁਰ ਅਤੇ ਬਟਾਲਾ ਵਿੱਚ ਸੰਭਾਵੀ ਉਦਯੋਗਿਕ ਜ਼ੋਨਾਂ ਦੀ ਪਛਾਣ ਕਰਨ ਦੀ ਗੱਲ ਕੀਤੀ ਗਈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਜੇਕਰ ਅਜਿਹਾ ਸੰਭਵ ਨਹੀਂ ਹੈ, ਤਾਂ ਸਰਕਾਰ ਨੂੰ ਘੱਟੋ-ਘੱਟ 25 ਸਾਲ ਦੀ ਮਿਆਦ ਵਾਲਾ ਇੱਕ ਲੰਬੇ ਸਮੇਂ ਦਾ ਉਦਯੋਗਿਕ ਪੈਕੇਜ ਤਿਆਰ ਕਰਨਾ ਚਾਹੀਦਾ, ਜੋ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਆਰਥਿਕ ਸਥਿਰਤਾ ਅਤੇ ਵਿਕਾਸ ਨੂੰ ਉਤਸ਼ਾਹਿਤ ਕਰੇ।
ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਦੇ ਸਰਹੱਦੀ ਖੇਤਰਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਕਰਨ ਦੇ ਆਪਣੇ ਵਿਜ਼ਨ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ “ਸਰਹੱਦੀ ਖੇਤਰਾਂ ਦੇ ਨੌਜਵਾਨਾਂ ਨੂੰ ਸਥਾਨਕ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਮੇਰੀ ਪਹਿਲ ਹੈ। MSME ਸੈਕਟਰ ਦੇ ਵਿਕਾਸ ਨਾਲ ਨਾ ਸਿਰਫ ਆਰਥਿਕ ਸਥਿਰਤਾ ਆਵੇਗੀ, ਸਗੋਂ ਸਾਡੇ ਖੇਤਰ ਦੀ ਸੁਰੱਖਿਆ ਅਤੇ ਸਮਾਜਿਕ ਢਾਂਚੇ ਨੂੰ ਵੀ ਮਜ਼ਬੂਤੀ ਮਿਲੇਗੀ।