Close

Recent Posts

ਗੁਰਦਾਸਪੁਰ ਪੰਜਾਬ

ਸਿਵਲ ਸਰਜਨ ਗੁਰਦਾਸਪੁਰ ਵੱਲੋਂ ਦਰਿਆ ਪਾਰ ਦੇ ਪਿੰਡਾਂ ‘ਚ ਸਿਹਤ ਸਹੂਲਤਾਂ ਦਾ ਖਾਸ ਪ੍ਰਬੰਧ

ਸਿਵਲ ਸਰਜਨ ਗੁਰਦਾਸਪੁਰ ਵੱਲੋਂ ਦਰਿਆ ਪਾਰ ਦੇ ਪਿੰਡਾਂ ‘ਚ ਸਿਹਤ ਸਹੂਲਤਾਂ ਦਾ ਖਾਸ ਪ੍ਰਬੰਧ
  • PublishedJuly 31, 2025

ਗੁਰਦਾਸਪੁਰ, 31 ਜੁਲਾਈ 2025 (ਮੰਨਨ ਸੈਣੀ)। ਸਿਵਲ ਸਰਜਨ ਗੁਰਦਾਸਪੁਰ, ਡਾਕਟਰ ਜਸਵਿੰਦਰ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਮਕੋੜਾ ਪੱਤਨ ਤੋਂ ਦਰਿਆ ਰਾਵੀ ਦੇ ਪਾਰ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸਾਰੀਆਂ ਜ਼ਰੂਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਦਰਿਆ ਪਾਰ ਦੇ ਕਰੀਬ 7 ਪਿੰਡਾਂ ਵਿੱਚ ਰਹਿ ਰਹੇ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਹਰ ਸਾਲ ਮਾਨਸੂਨ ਸੀਜ਼ਨ ਦੌਰਾਨ ਦਰਿਆ ਰਾਵੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਖੇਤਰ ਦੇ ਕੁਝ ਪਿੰਡ ਬਾਕੀ ਹਿੱਸੇ ਤੋਂ ਕੱਟੇ ਜਾਂਦੇ ਹਨ। ਇਸ ਸਥਿਤੀ ਦੇ ਮੱਦੇਨਜ਼ਰ, ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ।

ਡਾਕਟਰ ਜਸਵਿੰਦਰ ਸਿੰਘ ਜੀ ਨੇ ਦੱਸਿਆ ਕਿ ਦਰਿਆ ਪਾਰ ਵਾਲੇ 7 ਪਿੰਡਾਂ ਵਿੱਚ 9 ਗਰਭਵਤੀ ਮਾਵਾਂ ਰਜਿਸਟਰਡ ਹਨ, ਜਿਨ੍ਹਾਂ ਵਿੱਚੋਂ 2 ਦਾ ਜਣੇਪਾ ਹੋ ਚੁੱਕਾ ਹੈ। ਜਿਨ੍ਹਾਂ ਮਾਵਾਂ ਦਾ ਜਣੇਪਾ ਅਕਤੂਬਰ ਮਹੀਨੇ ਵਿੱਚ ਹੋਣਾ ਹੈ, ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਦਰਿਆ ਦੇ ਇਸ ਪਾਰ ਲਿਆਂਦਾ ਗਿਆ ਹੈ। ਸਿਹਤ ਅਮਲੇ ਵੱਲੋਂ ਉਨ੍ਹਾਂ ਦਾ ਲਗਾਤਾਰ ਮੁਆਇਨਾ ਕੀਤਾ ਜਾ ਰਿਹਾ ਹੈ ਅਤੇ ਉਹ ਠੀਕ-ਠਾਕ ਹਨ। ਗਰਭਵਤੀ ਮਾਵਾਂ ਨੂੰ ਸੰਸਥਾਗਤ ਜਣੇਪੇ ਲਈ ਪ੍ਰੇਰਿਤ ਕੀਤਾ ਗਿਆ ਹੈ ਅਤੇ ਸਮੇਂ ਸਿਰ ਸਿਹਤ ਸੰਸਥਾ ਵਿੱਚ ਭੇਜਿਆ ਜਾਵੇਗਾ। ਬਾਕੀ ਗਰਭਵਤੀ ਮਾਵਾਂ ਵੀ ਠੀਕ ਹਨ ਅਤੇ ਲਗਾਤਾਰ ਸਿਹਤ ਅਮਲੇ ਦੇ ਸੰਪਰਕ ਵਿੱਚ ਹਨ।

ਦਰਿਆ ਪਾਰ ਵਾਲੇ ਪਿੰਡਾਂ ਵਿੱਚ ਮਰੀਜ਼ਾਂ ਦਾ ਮੁਆਇਨਾ ਆਯੁਸ਼ਮਾਨ ਅਰੋਗਿਆ ਕੇਂਦਰ ਤੂਰ ਚਿੱਬ ਦੇ ਕਮਿਊਨਿਟੀ ਹੈਲਥ ਅਫ਼ਸਰ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਉਪਲਬਧ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਦੇ ਆਯੁਸ਼ਮਾਨ ਅਰੋਗਿਆ ਕੇਂਦਰ ਤੂਰ ਚਿੱਬ (ਦਰਿਆ ਪਾਰ ਸਥਿਤ ਸਿਹਤ ਕੇਂਦਰ) ਦੇ ਮੁਲਾਜ਼ਮ ਸਮੇਂ-ਸਮੇਂ ‘ਤੇ ਪਿੰਡਾਂ ਦਾ ਸਰਵੇ ਕਰਦੇ ਹਨ।

ਸਹੂਲਤ ਵਜੋਂ ਸੀਨੀਅਰ ਮੈਡੀਕਲ ਅਫ਼ਸਰ, ਸੀਐਚਓ, ਅਤੇ ਆਸ਼ਾ ਵਰਕਰਾਂ ਦੇ ਫੋਨ ਨੰਬਰ ਸੈਂਟਰ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਲਿਖੇ ਗਏ ਹਨ। ਉਨ੍ਹਾਂ ਦੱਸਿਆ ਕਿ ਦਰਿਆ ਪਾਰ ਪਿੰਡਾਂ ਦਾ 5 ਟੀਮਾਂ ਨੇ ਘਰ-ਘਰ ਜਾ ਕੇ ਸਰਵੇ ਕਰ ਲਿਆ ਹੈ।

ਸੀਨੀਅਰ ਮੈਡੀਕਲ ਅਫ਼ਸਰ ਬਹਿਰਾਮਪੁਰ, ਡਾਕਟਰ ਬ੍ਰਿਜੇਸ਼ ਜੀ ਨੇ ਦੱਸਿਆ ਕਿ ਦਰਿਆ ਪਾਰ ਵਾਲੇ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਨਾਲ ਲਗਾਤਾਰ ਰਾਬਤਾ ਕਾਇਮ ਹੈ। ਮਾਨਸੂਨ ਵਿੱਚ ਬਦਲੇ ਹਾਲਾਤਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਜੋ ਵੀ ਦਿਸ਼ਾ-ਨਿਰਦੇਸ਼ ਪ੍ਰਾਪਤ ਹੋਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਬੀ.ਐੱਸ.ਐੱਫ. ਅਧਿਕਾਰੀਆਂ ਨਾਲ ਵੀ ਰਾਬਤਾ ਕਾਇਮ ਹੈ ਅਤੇ ਜ਼ਰੂਰਤ ਪੈਣ ‘ਤੇ ਉਨ੍ਹਾਂ ਦੀ ਮਦਦ ਲਈ ਜਾਵੇਗੀ। ਬੀ.ਐੱਸ.ਐੱਫ. ਦੀ ਪੋਸਟ ‘ਤੇ 1 ਅਗਸਤ ਨੂੰ ਸਰਵੇ ਕੀਤਾ ਜਾਵੇਗਾ ਅਤੇ ਸਪਰੇਅ ਕਰਵਾਈ ਜਾਵੇਗੀ।

Written By
The Punjab Wire