ਲੈਂਡ ਪੂਲਿੰਗ ਵਿਰੁੱਧ ਐਸਕੇਐਮ ਨੇ ਕੀਤਾ ਟਰੈਕਟਰ ਮਾਰਚ
ਬਿਨਾਂ ਦੇਰੀ ਨੋਟੀਫਿਕੇਸ਼ਨ ਰੱਦ ਕਰਨ ਦੀ ਕੀਤੀ ਮੰਗ
ਗੁਰਦਾਸਪੁਰ 30 ਜੁਲਾਈ 2025 (ਮੰਨਨ ਸੈਣੀ)। ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਗੁਰਦਾਸਪੁਰ ਅੰਦਰ ਟਰੈਕਟਰ ਮਾਰਚ ਕੀਤਾ ਗਿਆ ।ਗੁਰਦਾਸਪੁਰ ਵਿਖੇ ਪਿੰਡ ਘਰਾਲਾ ਦੀ ਅੱਸੀ ਏਕੜ ਜਮੀਨ ਇਸ ਨੀਤੀ ਤਹਿਤ ਅਕਵਾਇਰ ਕੀਤੀ ਜਾ ਰਹੀ ਹੈ। ਜੱਥੇਬੰਦੀ ਦਾ ਕਹਿਣਾ ਹੈ ਕਿ ਇਸ ਪਿੰਡ ਦੀ ਪਹਿਲਾਂ ਹੀ 150 ਏਕੜ ਤੋਂ ਵੱਧ ਜਮੀਨ ਹਾਈਵੇ ਅਤੇ ਨਗਰ ਸੁਧਾਰ ਟਰਸਟ ਵਿੱਚ ਆ ਚੁੱਕੀ ਹੈ ।
ਜਿਸ ਤਹਿਤ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਵਿਖੇ ਇਕੱਤਰ ਹੋ ਕੇ ਪਿੰਡ ਘਰਾਲਾ, ਔਜਲਾ, ਪਾਹੜਾ ,ਕੋਠੇ ਤੇ ਹੋਰ ਨਾਲ ਦੇ ਪਿੰਡਾਂ ਤੋਂ ਬਾਅਦ ਸ਼ਹਿਰ ਵਿੱਚ ਟਰੈਕਟਰ ਮਾਰਚ ਕੀਤਾ ਗਿਆ। ਇਸ ਟਰੈਕਟਰ ਮਾਰਚ ਦੀ ਅਗਵਾਈ ਸਾਂਝੇ ਤੌਰ ਤੇ ਜਮੀਨ ਬਚਾਓ ਸੰਘਰਸ਼ ਕਮੇਟੀ ਪਿੰਡ ਘਰਾਲਾ ਦੇ ਕਨਵੀਨਰ ਰਜਿੰਦਰ ਸਿੰਘ ਸੋਨਾ, ਪਰਮਜੀਤ ਕੌਰ ਅਤੇ ਰਣਜੀਤ ਸਿੰਘ ਰਾਣਾ ਤੋਂ ਇਲਾਵਾ ਵੱਖ ਵੱਖ ਜੱਥੇਬੰਦੀਆ ਵੱਲੋਂ ਕੀਤੀ ਗਈ।
ਪਿੰਡਾਂ ਅਤੇ ਸ਼ਹਿਰ ਦੇ ਚੌਂਕਾਂ ਵਿੱਚ ਬੋਲਦਿਆਂ ਮਾਨ ਸਰਕਾਰ ਤੇ ਦੋਸ਼ ਲਾਇਆ ਕਿ ਇਹ ਵੀ ਮੋਦੀ ਸਰਕਾਰ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਤੇ ਹੀ ਚੱਲ ਰਹੀ ਹੈ । ਲੈਂਡ ਪੂਲਿੰਗ ਨੀਤੀ ਤਹਿਤ ਲਗਭਗ 65 ਹਜਾਰ 355 ਏਕੜ ਜਮੀਨ ਕਿਸਾਨਾਂ ਤੋਂ ਖੋਹੀ ਜਾ ਰਹੀ ਹੈ। ਇਹ ਕਿਸਾਨਾਂ ਨੂੰ ਜਮੀਨ ਤੋਂ ਵਿਰਵੇ ਕਰਕੇ ਖੇਤੀ ਨੂੰ ਕਾਰਪੋਰੇਟ ਹਵਾਲੇ ਕਰਨ ਦੀ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਤਹਿਤ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਮੋਦੀ ਨੇ ਵੀ ਕਾਲੇ ਕਾਨੂੰਨ ਲਿਆ ਕੇ ਇਵੇਂ ਹੀ ਕੀਤਾ ਸੀ ਅਤੇ ਜਿਵੇਂ ਮੋਦੀ ਨੂੰ ਐਸਕੇਐਮ ਨੇ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਸੀ ਇਸੇ ਤਰ੍ਹਾਂ ਹੀ ਸਿਰੜੀ ਘੋਲ਼ ਲੜ ਕੇ ਲੈਂਡ ਪੁੂਲਿੰਗ ਨੀਤੀ ਵੀ ਹਰ ਹਾਲ ਮਾਨ ਸਰਕਾਰ ਤੋਂ ਰੱਦ ਕਰਾਈ ਜਾਵੇਗੀ। ਪੰਜਾਬ ਦੇ ਕਿਸਾਨ ਮਜ਼ਦੂਰ ਨੂੰ ਹਰਗਿਜ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਮਾਰਚ ਪਿੰਡਾਂ ਤੋਂ ਹੋ ਕੇ ਤਿਬੜੀ ਚੌਕ, ਹਨੂਮਾਨ ਚੌਕ, ਲਾਇਬਰੇਰੀ ਚੌਕ, ਡਾਕਖਾਨਾ ਚੌਕ, ਦਰਾਂਗਲਾ ਚੌਕ ਤੇ ਕਾਹਨੂੰਵਾਨ ਚੌਕ ਤੋਂ ਹੁੰਦਾ ਹਇਆ ਕਲਾਨੌਰ ਚੌਂਕ ਵਿੱਚ ਜਾ ਕੇ ਸਮਾਪਤ ਹੋਇਆ ।