Close

Recent Posts

ਗੁਰਦਾਸਪੁਰ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡ ਭੋਮਾ ਵਿਖੇ ਨਸ਼ਾ ਤਸਕਰ ਵਲੋਂ ਕੀਤੀ ਨਾਜਾਇਜ਼ ਉਸਾਰੀ ’ਤੇ ਫੇਰਿਆ ਬੁਲਡੋਜ਼ਰ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡ ਭੋਮਾ ਵਿਖੇ ਨਸ਼ਾ ਤਸਕਰ ਵਲੋਂ ਕੀਤੀ ਨਾਜਾਇਜ਼ ਉਸਾਰੀ ’ਤੇ ਫੇਰਿਆ ਬੁਲਡੋਜ਼ਰ
  • PublishedJuly 30, 2025

ਨਸ਼ਾ ਤਸਕਰ , ਉਸਦੀ ਪਤਨੀ ਅਤੇ ਉਸਦੇ ਦੋ ਭਰਾਵਾਂ ’ਤੇ ਵੀ ਐਨ.ਡੀ.ਪੀ.ਐਸ. ਤਹਿਤ ਮੁਕੱਦਮੇ ਦਰਜ ਹਨ

ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ-ਐਸ.ਪੀ, ਸਹੋਤਾ

ਘੁਮਾਣ (ਬਟਾਲਾ), 30 ਜੁਲਾਈ 2025 (ਮੰਨਨ ਸੈਣੀ)।ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ’ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਅੱਜ ਬਟਾਲਾ ਪੁਲਿਸ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਭੋਮਾ ਵਿਖੇ ਨਸ਼ਾ ਤਸਕਰ ਅੰਮ੍ਰਿਤਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਲੋਂ ਪੰਚਾਇਤੀ ਜਗ੍ਹਾ ’ਤੇ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਜੇ.ਸੀ.ਬੀ ਮਸ਼ੀਨ ਲਗਾ ਕੇ ਢਾਹ ਦਿੱਤਾ। ਇਸ ਮੌਕੇ ਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ (ਡੀ) ਬਟਾਲਾ, ਹਰੀਸ਼ ਬਹਿਲ ਡੀ.ਐਸ.ਪੀ ਸ੍ਰੀ ਹਰਗੋਬਿੰਦਪੁਰ ਸਾਹਿਬ, ਨਾਇਬ ਤਹਿਸੀਲਦਾਰ ਵਿਨੋਦ ਮਹਿਤਾ, ਬੀ.ਡੀ.ਪੀ.ਓ ਨਰਿੰਦਰ ਸਿੰਘ ਖਹਿਰਾ, ਸੁਖਵਿੰਦਰ ਸਿੰਘ ਐਸ.ਐੱਚ.ਓ ਸ੍ਰੀ ਹਰਗੋਬਿੰਦਪੁਰ ਸਾਹਿਬ, ਗੁਰਮੀਤ ਸਿੰਘ ਐੱਸ.ਐੱਚ ਓ ਕਾਦੀਆਂ, ਹਰਮੀਤ ਸਿੰਘ ਐਸ.ਐੱਚ.ਓ ਰੰਗੜ ਨੰਗਲ ਸਮੇਤ ਪੁਲਿਸ ਫੌਰਸ ਮੋਜੂਦ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ (ਡੀ) ਨੇ ਦੱਸਿਆ ਕਿ ਮੁੱਖ ਮੰਤਰੀ, ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਸ੍ਰੀ ਗੌਰਵ ਯਾਦਵ ਦੀ ਅਗਵਾਈ ਹੇਠ ਸੂਬੇ ਅੰਦਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਨਸ਼ਾ ਤਸਕਰਾਂ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਰੁਖ ਆਪਣਾਇਆ ਗਿਆ ਹੈ।

ਉਨਾਂ ਅੱਗੇ ਕਿਹਾ ਕਿ ਐਸ.ਐਸ.ਪੀ ਬਟਾਲਾ ਸੁਹੇਲ ਕਾਸਿਮ ਮੀਰ ਦੀ ਅਗਵਾਈ ਵਿੱਚ ਬਟਾਲਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਜੋ ਲੋਕ ਕਿਸੇ ਕਰਨ ਨਸ਼ਿਆਂ ਦੇ ਜਾਲ ਵਿੱਚ ਫਸ ਗਏ ਹਨ ਉਨਾਂ ਦਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾਂ ਨੇ ਅੱਗੇ ਦੱਸਿਆ ਕਿ ਨਸ਼ਾ ਤਸਕਰ ਅੰਮ੍ਰਿਤਪਾਲ ਸਿੰਘ ਖਿਲਾਫ ਦੇ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ ਅਤੇ ਇਸ ਵੇਲੇ ਸੇਂਟਰਲ ਜੇਲ੍ਹ ਗੁਰਦਾਸਪੁਰ ਵਿੱਚ ਬੰਦ ਹੈ। ਇਸ ਉੱਪਰ ਐਨ.ਡੀ.ਪੀ.ਐੱਸ ਤਹਿਤ 3 ਪਰਚਿਆਂ ਸਮੇਤ ਡਕੈਟੀ ਤੇ ਚੋਰੀ ਆਦਿ ਦੇ ਮੁਕੱਦਮੇ ਵੀ ਦਰਜ ਹਨ। ਉਨਾਂ ਦੱਸਿਆ ਕਿ ਉਸਦੀ ਪਤਨੀ ਅਤੇ ਇਸਦੇ ਦੋ ਭਰਾਵਾਂ ਉੱਪਰ ਵੀ ਐਨ.ਡੀ.ਪੀ.ਐਸ ਤਹਿਤ ਮੁਕੱਦਮੇ ਹਨ। ਇਸਦੀ ਪਤਨੀ ਅਤੇ ਇੱਕ ਭਰਾ ਜੇਲ੍ਹ ਵਿੱਚ ਬੰਦ ਹੈ ਅਤੇ ਇੱਕ ਭਰਾ ਭਗੋੜਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਵਲੋਂ ਨਸ਼ੇ ਦੀ ਕਮਾਈ ਨਾਲ ਇਹ ਉਸਾਰੀ ਕੀਤੀ ਗਈ ਸੀ, ਜਿਸਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਢਾਹਿਆ ਗਿਆ ਹੈ।

ਐਸ.ਪੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਸਪੱਸ਼ਟ ਹਦਾਇਤਾਂ ਹਨ ਕਿ ਜੋ ਵੀ ਵਿਅਕਤੀ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਿਲ ਹੈ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਵੀ ਵਿਅਕਤੀ ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਵਿੱਚ ਸ਼ਾਮਿਲ ਹੈ, ਉੁਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ ਠੋਸ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਨਸ਼ਾ ਤਸਕਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾ ਰਿਹਾ ਹੈ।

Written By
The Punjab Wire