Close

Recent Posts

ਗੁਰਦਾਸਪੁਰ ਪੰਜਾਬ

ਸ਼ਹਿਰ ਨੂੰ ਪਾਣੀ ਵਿੱਚ ਡੋਬਣ ਵਾਲੇ ਕਾਂਗਰਸੀ ਆਗੂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ – ਨੀਰਜ ਸਲਹੋਤਰਾ

ਸ਼ਹਿਰ ਨੂੰ ਪਾਣੀ ਵਿੱਚ ਡੋਬਣ ਵਾਲੇ ਕਾਂਗਰਸੀ ਆਗੂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ – ਨੀਰਜ ਸਲਹੋਤਰਾ
  • PublishedJuly 29, 2025

ਅਗਾਮੀ ਨਗਰ ਕੌਂਸਲ ਚੋਣਾਂ ਦੌਰਾਨ ਸ਼ਹਿਰ ਵਾਸੀ ਕਾਂਗਰਸ ਦਾ ਬੋਰੀ ਬਿਸਤਰਾ ਗੋਲ ਕਰਨਗੇ – ਹਿਤੇਸ਼ ਮਹਾਜਨ

ਗੁਰਦਾਸਪੁਰ, 29 ਜੁਲਾਈ 2025 (ਮੰਨਨ ਸੈਣੀ) । ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਨੀਰਜ ਸਲਹੋਤਰਾ ਨੇ ਕਿਹਾ ਹੈ ਕਿ ਨਗਰ ਕੌਂਸਲ ਗੁਰਦਾਸਪੁਰ ਦਾ ਪ੍ਰਧਾਨ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਣ ਵਿੱਚ ਬੁਰੀ ਤਰ੍ਹਾਂ ਫ਼ੇਲ੍ਹ ਹੋਇਆ ਹੈ, ਇਸ ਲਈ ਉਸ ਨੂੰ ਨਗਰ ਕੌਂਸਲ ਦੇ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਅੱਜ ਗੁਰਦਾਸਪੁਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਤੇ ਪ੍ਰੈਸ ਨੂੰ ਜਾਰੀ ਬਿਆਨ ਅੰਦਰ ਸਾਬਕਾ ਚੇਅਰਮੈਨ ਨੀਰਜ ਸਲਹੋਤਰਾ ਨੇ ਕਿਹਾ ਕਿ ਅੱਜ ਬਾਰਸ਼ ਦਾ ਪਾਣੀ ਵੜਨ ਨਾਲ ਲੋਕਾਂ ਦੀ ਦੁਕਾਨਾਂ ਤੇ ਘਰਾਂ ਦਾ ਜੋ ਮਾਲੀ ਨੁਕਸਾਨ ਹੋਇਆ ਹੈ ਉਸ ਲਈ ਸਿੱਧੇ ਤੌਰ ‘ਤੇ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਨਗਰ ਕੌਂਸਲ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਵੱਲੋਂ ਸਮਾਂ ਰਹਿੰਦੇ ਸ਼ਹਿਰ ਵਿੱਚ ਸੀਵਰੇਜ ਦੀ ਸਫ਼ਾਈ ਨਹੀਂ ਕਰਵਾਈ ਗਈ ਜਿਸ ਦਾ ਖ਼ਮਿਆਜ਼ਾ ਗੁਰਦਾਸਪੁਰ ਵਾਸੀਆਂ ਨੂੰ ਅੱਜ ਭੁਗਤਣਾ ਪਿਆ ਹੈ।

ਨੀਰਜ ਸਲਹੋਤਰਾ ਨੇ ਕਿਹਾ ਕਿ ਹਰ ਗੱਲ ਉੱਪਰ ਰਾਜਨੀਤੀ ਕਰਨ ਵਾਲੇ ਕਾਂਗਰਸੀ ਵਿਧਾਇਕ ਅਤੇ ਨਗਰ ਕੌਂਸਲ ਦੇ ਪ੍ਰਧਾਨ ਹੁਣ ਲੋਕਾਂ ਦੇ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਵੀ ਲੈਣ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਗੁਰਦਾਸਪੁਰ ਸ਼ਹਿਰ ਦੇ ਬਜ਼ਾਰਾਂ, ਗਲੀ-ਮੁਹੱਲਿਆਂ, ਰੇਲਵੇ ਅੰਡਰ ਬਰਿੱਜ ਅਤੇ ਏਥੋਂ ਤੱਕ ਕਿ ਨਗਰ ਕੌਂਸਲ ਗੁਰਦਾਸਪੁਰ ਦੇ ਦਫ਼ਤਰ ਵਿੱਚ ਵੀ ਬਾਰਸ਼ ਦਾ ਪਾਣੀ ਭਰ ਜਾਣਾ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਜੱਗ ਜ਼ਾਹਿਰ ਕਰਦਾ ਹੈ। ਉਨ੍ਹਾਂ ਕਿਹਾ ਕਿ ਕੀ ਨਗਰ ਕੌਂਸਲ ਏਨੀਂ ਬੇਲਗ਼ਾਮ ਹੋ ਗਈ ਹੈ ਕਿ ਉਹ ਜੋ ਮਰਜ਼ੀ ਕਰੀ ਜਾਣ ਜਾਂ ਲੋਕਾਂ ਦਾ ਜਿਨ੍ਹਾਂ ਮਰਜ਼ੀ ਨੁਕਸਾਨ ਹੋ ਜਾਵੇ ਕੋਈ ਪੁੱਛਣ ਵਾਲਾ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੀਵਰੇਜ ਦੀ ਨਿਕਾਸੀ ਨਾ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ ਨਗਰ ਕੌਂਸਲ ਪ੍ਰਧਾਨ ਨੂੰ ਵੀ ਬਰਖ਼ਾਸਤ ਕੀਤਾ ਜਾਵੇ ਤਾਂ ਜੋ ਸ਼ਹਿਰ ਨੂੰ ਦੁਬਾਰਾ ਇਹ ਹਾਲਤ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਟਰੱਸਟੀ ਅਤੇ ਸੀਨੀਅਰ ਆਪ ਆਗੂ ਹਿਤੇਸ਼ ਮਹਾਜਨ ਨੇ ਕਿਹਾ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਨਗਰ ਕੌਂਸਲ ਨਾ ਤਾਂ ਆਪ ਸ਼ਹਿਰ ਦੀ ਭਲਾਈ ਲਈ ਕੁਝ ਕਰਦੀ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਕਰਨ ਦਿੰਦੀ ਹੈ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਆਪਣੇ ਕੋਲੋਂ ਸ਼ਹਿਰ ਦੇ ਕਈ ਵਿਕਾਸ ਕਰਨ ਲਈ ਤਿਆਰ ਸੀ ਪਰ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਜਾਣਬੁੱਝ ਕੇ ਐੱਨ.ਓ.ਸੀ. ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਕਾਂਗਰਸ ਦੀ ਕਮੇਟੀ ਤੋਂ ਅੱਕ ਗਏ ਹਨ ਅਤੇ ਅਗਾਮੀ ਨਗਰ ਕੌਂਸਲ ਚੋਣਾਂ ਦੌਰਾਨ ਸ਼ਹਿਰ ਵਾਸੀ ਕਾਂਗਰਸ ਦਾ ਬੋਰੀ ਬਿਸਤਰਾ ਗੋਲ ਕਰ ਦੇਣਗੇ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਗਗਨ ਮਹਾਜਨ, ਰਾਕੇਸ਼ ਸ਼ਰਮਾ, ਰਿਸ਼ੀ, ਰੁਪੇਸ਼, ਕ੍ਰਿਸ਼ਨਾ, ਰਜਿੰਦਰ ਨਈਅਰ, ਦਵਿੰਦਰ ਹੈਪੀ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।  

Written By
The Punjab Wire