ਚੇਅਰਮੈਨ ਰਮਨ ਬਹਿਲ, ਡੀਆਈਜੀ ਨਾਨਕ ਸਿੰਘ, ਡੀਸੀ ਦਲਵਿੰਦਰਜੀਤ ਸਿੰਘ, ਐਸਐਸਪੀ ਅਦਿੱਤਿਯ ਤੋਂ ਲੈ ਕੇ ਸ਼ਹਿਰ ਦਾ ਹਰ ਨਾਗਰਿਕ ਇਸ ਕਾਰਵਾਈ ਤੇ ਸਨ ਖਿਲਾਫ਼
ਗੈਂਗਸਟਰ ਨਹੀਂ ਇਹ ਲੋਕਲ ਬੰਦਿਆਂ ਦਾ ਕੰਮ ਹੈ- ਨੀਰਜ਼ ਸਲਹੋਤਰਾ
ਗੁਰਦਾਸਪੁਰ, 22 ਜੁਲਾਈ 2025 (ਮੰਨਨ ਸੈਣੀ)। ਬੀਤੀ 17 ਜੁਲਾਈ ਨੂੰ ਗੁਰਦਾਸਪੁਰ ਸ਼ਹਿਰ ਦੇ ਮੇਨ ਬਜ਼ਾਰ ਵਿੱਚ ਪੰਜਾਬ ਵਾਚ ਹਾਊਸ ਨਾਮਕ ਸ਼ੋਰੂਮ ‘ਤੇ ਗੋਲੀਆਂ ਚਲਾਉਣ ਵਾਲੇ ਦੋ ਦੋਸ਼ੀਆਂ ਵਿੱਚੋਂ ਇੱਕ ਨੂੰ ਅੱਜ ਸਵੇਰੇ ਗੁਰਦਾਸਪੁਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕਾਰਵਾਈ ਨੇ ਸਥਾਨਕ ਲੋਕਾਂ ਅੰਦਰ ਆਸ ਜਗਾਈ ਹੈ ਅਤੇ ਭਗਵੰਤ ਮਾਨ ਦੀ ਪੰਜਾਬ ਸਰਕਾਰ, ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੇ ਦਿਲ ਜਿੱਤ ਲਏ ਹਨ। ਜਿਹੜੇ ਦੁਕਾਨਦਾਰ ਰਾਤ ਸਾਡੇ ਸੱਤ ਵੱਜੇ ਤੱਕ ਦੁਕਾਨਾਂ ਬੰਦ ਕਰ ਘਰਾਂ ਅੰਦਰ ਜਾਣ ਦੀ ਗੱਲ ਕਰਦੇ ਸਨ, ਪ੍ਰਸ਼ਾਸਨ ਦੀ ਕਾਰਵਾਈ ਤੇ ਉਹਨ੍ਹਾਂ ਆਪਣਾ ਪੁਰਾਣਾ ਸਮਾਂ ਅਪਣਾ ਲਿਆ ਹੈ। ਸ਼ਹਿਰ ਦੇ ਹਰੇਕ ਬੰਦੇ ਵੱਲੋ ਇਸ ਸ਼ਰਮਨਾਕ ਕਾਰੇ ਦੀ ਜਿੱਥੇ ਨਿਖੇਦੀ ਕੀਤੀ ਗਈ ਉੱਥੇ ਹੀ ਅਸਮਾਜਿਕ ਤੱਤਾ ਦੇ ਖਿਲਾਫ਼ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ।
ਦੱਸਣਯੋਗ ਹੈ ਕਿ ਬੀਤੀ 17 ਜੁਲਾਈ ਨੂੰ ਗੁਰਦਾਸਪੁਰ ਸ਼ਹਿਰ ਦੇ ਮੇਨ ਬਜ਼ਾਰ ਵਿੱਚ ਪੰਜਾਬ ਵਾਚ ਹਾਊਸ ਨਾਮਕ ਸ਼ੋਰੂਮ ‘ਤੇ ਗੋਲੀਆਂ ਚਲਾਉਣ ਵਾਲੀ ਘਟਨਾ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਸੁਚੇਤ ਸੀ ਅਤੇ ਦੋਸ਼ੀਆਂ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਚੈਕਿੰਗ ਕਰ ਰਹੀ ਸੀ। ਚੇਅਰਮੈਨ ਰਮਨ ਬਹਿਲ ਦੀ ਅਗਵਾਈ ਹੇਠ ਤੱਤਕਾਲ ਦੁਕਾਨਦਾਰਾਂ ਦੀ ਮੀਟਿੰਗ ਪ੍ਰਸ਼ਾਸਨਿਕ ਅਦਾਰਿਆ ਨਾਲ ਕੀਤੀ ਗਈ ਅਤੇ ਦੁਕਾਨਦਾਰਾਂ ਵੱਲੋਂ ਸਖ਼ਤ ਨੋਟਿਸ ਲੈਣ ਦੀ ਗੱਲ ਕਹੀ ਹੈ। ਜਿਸ ਦਾ ਪ੍ਰਸ਼ਾਸਨ ਵੱਲੋਂ ਸੱਖਤ ਨੋਟਿਸ ਲੈਂਦੇ ਜਲਦ ਰਿਜਲਟ ਦੇਣ ਦੀ ਗੱਲ ਕਹੀ ਗਈ।
ਐਸਐਸਪੀ ਅਦਿੱਤਿਯ ਵੱਲੋਂ ਖੁੱਦ ਮੋਟਰਸਾਇਕਲ ਤੇ ਆਮ ਨਾਗਰਿਕ ਬਣ ਸੁਰੱਖਿਆ ਪ੍ਰਬੰਧਾ ਦਾ ਜਾਇਜਾ ਲੈਣਾ ਅਤੇ ਆਪਣੇ ਪੁਲਿਸ ਅਫ਼ਸਰਾਂ ਦੀ ਕਲਾਸ ਲਗਾਉਣਾ ਚਰਚਾ ਦਾ ਵਿਸ਼ਾ ਰਿਹਾ। ਜਿਸਦੇ ਚਲਦੇ ਸਾਰੀ ਫੋਰਸ ਅਲਰਟ ਤੇ ਰਹੀ ਅਤੇ ਇਸੇ ਦੌਰਾਨ ਅੱਜ ਸਵੇਰੇ ਗੁਰਦਾਸਪੁਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਗੋਲੀਬਾਰੀ ਦੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੀ ਪਛਾਣ ਗੁਰਦਾਸਪੁਰ ਨਿਵਾਸੀ ਰਾਹੁਲ ਵਜੋਂ ਹੋਈ ਹੈ।
ਇਹ ਮੁਠਭੇੜ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਅਤੇ ਨਵੀਪੁਰ ਦੇ ਵਿਚਕਾਰ ਗੰਦੇ ਨਾਲੇ ਦੇ ਰਸਤੇ ‘ਤੇ ਹੋਈ। ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਯ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਇੱਕ ਸੱਕੀ ਨੌਜਵਾਨ ਬਿਨਾਂ ਨੰਬਰ ਪਲੇਟ ਵਾਲੀ ਪਲਸਰ ਬਾਈਕ ‘ਤੇ ਆਉਂਦਾ ਦਿਖਾਈ ਦਿੱਤਾ। ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਬਾਈਕ ਦੀ ਰਫਤਾਰ ਵਧਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਤੁਰੰਤ ਉਸ ਦਾ ਪਿੱਛਾ ਸ਼ੁਰੂ ਕੀਤਾ ਅਤੇ ਦੂਜੀ ਟੀਮ ਨੇ ਘੇਰਾਬੰਦੀ ਕਰ ਦਿੱਤੀ। ਦੋਸ਼ੀ ਭੱਜਦਾ ਹੋਇਆ ਬਬਰੀ ਬਾਈਪਾਸ ਅਤੇ ਨਵੀਪੁਰ ਦੇ ਵਿਚਕਾਰ ਗੰਦੇ ਨਾਲੇ ਦੇ ਰਸਤੇ ‘ਤੇ ਪਹੁੰਚ ਗਿਆ।
ਇਸ ਦੌਰਾਨ ਰਾਹੁਲ ਨੇ ਅਚਾਨਕ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਮੋਰਚਾ ਸੰਭਾਲਿਆ। ਇਸ ਮੁਠਭੇੜ ਵਿੱਚ ਦੋਸ਼ੀ ਦੀ ਲੱਤ ‘ਤੇ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਉਸ ਨੂੰ ਸੁਰੱਖਿਆ ਵਿੱਚ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਫਿਲਹਾਲ, ਦੋਸ਼ੀ ਦੇ ਸਿਹਤਯਾਬ ਹੋਣ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਉਸ ਦੇ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕੇ।
ਇੱਥੇ ਇਹ ਵੀ ਦੱਸਣਾ ਬੰਨਦਾ ਹੈ ਕਿ ਸੂਤਰਾਂ ਅਨੁਸਾਰ ਗੁਰਦਾਸਪੁਰ ਦੇ ਐਸਐਚਓ ਦਵਿੰਦਰ ਪ੍ਰਕਾਸ਼ ਤੇ ਦੋਸ਼ੀ ਵੱਲੋਂ ਫਾਇਰ ਕੀਤਾ ਗਿਆ ਜਿਸ ਅੰਦਰ ਮਾਮਲਾ ਬੇਹੱਦ ਨਜਦੀਕੀ ਵਾਲਾ ਰਿਹਾ ਅਤੇ ਉਹ ਬਾਲ ਬਾਲ ਬੱਚੇ।
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਗੁਰਦਾਸਪੁਰ ਪੁਲਿਸ ਦੀ ਬਹਾਦਰੀ ਅਤੇ ਪੇਸ਼ੇਵਰਾਨਾ ਪਹੁੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੋਲੀ ਕਾਂਡ ਦੇ ਦੋਸ਼ੀ ਨੂੰ ਫੜ੍ਹਨ ਵਿੱਚ ਪੁਲਿਸ ਨੇ ਜੋ ਨਿਪੁੰਨਤਾ ਦਿਖਾਈ, ਉਹ ਕਾਬਿਲੇਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸੁਨੇਹਾ ਮਿਲੇਗਾ ਕਿ ਕੋਈ ਵੀ ਅਪਰਾਧੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਦੂਜੇ ਦੋਸ਼ੀ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ, ਡੀ.ਆਈ.ਜੀ. ਬਾਰਡਰ ਰੇਂਜ ਸ. ਨਾਨਕ ਸਿੰਘ ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਯ ਦਾ ਧੰਨਵਾਦ ਕਰਦਿਆਂ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੁਲਿਸ ਦੀ ਇਸ ਸਫਲਤਾ ਨੇ ਸਥਾਨਕ ਲੋਕਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ।
ਇੰਪਰੂਵਮੇਂਟ ਟਰਸੱਟ ਦੇ ਸਾਬਕਾ ਚੇਅਰਮੈਨ ਨੀਰਜ ਸਲਹੋਤਰਾ ਨੇ ਵੀ ਪੁਲਿਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਗੈਂਗਸਟਰ ਨਹੀਂ, ਸਗੋਂ ਲੋਕਲ ਲੋਕ ਹੀ ਹਨ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੀਦਾ ਅਤੇ ਸਾਰੇ ਤੱਥ ਬਾਹਰ ਕੱਢਣੇ ਚਾਹੀਦੇ। ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪੁਲਿਸ ਬਾਰੀਕੀ ਨਾਲ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਵੇਗੀ।
ਆਮ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਚਰਚਾ ਹੈ ਕਿ ਇਹ ਗੈਂਗਸਟਰਾਂ ਦਾ ਕੰਮ ਨਹੀਂ ਸਗੋਂ ਸਥਾਨਕ ਵਿਅਕਤੀਆਂ ਦਾ ਹੀ ਹੈ। ਇਸ ਸਫਲ ਕਾਰਵਾਈ ਨਾਲ ਸਰਕਾਰ, ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੇ ਦਿਲ ਜਿੱਤ ਲਏ ਹਨ ਅਤੇ ਸਮਾਜ ਵਿੱਚ ਸੁਰੱਖਿਆ ਦਾ ਅਹਿਸਾਸ ਪੈਦਾ ਕੀਤਾ ਹੈ।