Close

Recent Posts

ਪੰਜਾਬ

ਪਟਿਆਲਾ-ਬਠਿੰਡਾ ਕੌਮੀ ਮਾਰਗ ‘ਤੇ ਡਿੱਗਿਆ ਭਾਖੜਾ ਨਹਿਰ ਦਾ ਪੁਲ; ਮਲਬੇ ‘ਚ ਫਸੇ ਦੋ ਟਰੱਕ, ਇੱਕ ਨੂੰ ਲੱਗੀ ਅੱਗ

ਪਟਿਆਲਾ-ਬਠਿੰਡਾ ਕੌਮੀ ਮਾਰਗ ‘ਤੇ ਡਿੱਗਿਆ ਭਾਖੜਾ ਨਹਿਰ ਦਾ ਪੁਲ; ਮਲਬੇ ‘ਚ ਫਸੇ ਦੋ ਟਰੱਕ, ਇੱਕ ਨੂੰ ਲੱਗੀ ਅੱਗ
  • PublishedNovember 19, 2026

ਪਟਿਆਲਾ, 19 ਨਵੰਬਰ 2026 (ਦੀ ਪੰਜਾਬ ਵਾਇਰ)। ਪਟਿਆਲਾ-ਸੰਗਰੂਰ-ਬਠਿੰਡਾ ਕੌਮੀ ਮਾਰਗ ‘ਤੇ ਭਾਖੜਾ ਨਹਿਰ ਉੱਪਰ ਬਣਿਆ ਇੱਕ ਬੇਲੀ ਪੁਲ ਵੀਰਵਾਰ ਸਵੇਰੇ ਅਚਾਨਕ ਡਿੱਗ ਗਿਆ। ਇਸ ਦੌਰਾਨ ਦੋ ਟਰੱਕ ਪੁਲ ਦੇ ਨਾਲ ਹੀ ਹੇਠਾਂ ਡਿੱਗ ਕੇ ਮਲਬੇ ਵਿੱਚ ਲਟਕ ਗਏ, ਜਿਨ੍ਹਾਂ ਵਿੱਚੋਂ ਇੱਕ ਨੂੰ ਅੱਗ ਲੱਗ ਗਈ। ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ, ਪਰ ਡਰਾਈਵਰਾਂ ਨੂੰ ਸੱਟਾਂ ਲੱਗੀਆਂ ਹਨ।

ਇਹ ਘਟਨਾ ਤੜਕਸਾਰ ਪਿੰਡ ਪਸਿਆਣਾ ਨੇੜੇ ਵਾਪਰੀ। ਜਾਣਕਾਰੀ ਅਨੁਸਾਰ ਸਵੇਰੇ ਕਰੀਬ ਛੇ ਵਜੇ ਇਸ ਪੁਲ ਤੋਂ ਤਿੰਨ ਗੱਡੀਆਂ ਲੰਘ ਰਹੀਆਂ ਸਨ। ਇੱਕ ਗੱਡੀ ਦਾ ਅੱਧਾ ਹਿੱਸਾ ਅਜੇ ਪੁਲ ‘ਤੇ ਹੀ ਸੀ ਕਿ ਪੁਲ ਟੁੱਟ ਗਿਆ। ਉਸ ਟਰੱਕ ਦਾ ਡਰਾਈਵਰ ਗੱਡੀ ਭਜਾ ਕੇ ਬਾਹਰ ਕੱਢਣ ਵਿੱਚ ਕਾਮਯਾਬ ਰਿਹਾ, ਪਰ ਪੁਲ ‘ਤੇ ਮੌਜੂਦ ਬਾਕੀ ਦੋ ਗੱਡੀਆਂ ਪੁਲ ਦੇ ਨਾਲ ਹੀ ਹੇਠਾਂ ਡਿੱਗ ਗਈਆਂ। ਦੋਵੇਂ ਟਰੱਕ ਰੇਤ ਨਾਲ ਭਰੇ ਹੋਏ ਸਨ।

ਪੁਲ ਡਿੱਗਣ ਮਗਰੋਂ ਦੋਵੇਂ ਟਰੱਕ ਟੁੱਟੇ ਢਾਂਚੇ ਵਿੱਚ ਫਸ ਕੇ ਨਹਿਰ ਦੇ ਉੱਪਰ ਲਟਕਦੇ ਰਹੇ, ਜਦਕਿ ਭਾਖੜਾ ਨਹਿਰ ਦਾ ਪਾਣੀ ਡਿੱਗੇ ਹੋਏ ਪੁਲ ਉੱਪਰੋਂ ਵਗਦਾ ਰਿਹਾ। ਆਲੇ-ਦੁਆਲੇ ਲੋਹੇ ਦਾ ਜੰਗਲਾ ਹੋਣ ਕਾਰਨ ਟਰੱਕ ਪਾਣੀ ਵਿੱਚ ਨਹੀਂ ਰੁੜ੍ਹੇ, ਪਰ ਇੱਕ ਟਰੱਕ ਨੂੰ ਅੱਗ ਲੱਗ ਗਈ ਤੇ ਉਹ ਸੜ ਕੇ ਨਸ਼ਟ ਹੋ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਟਰੱਕ ਦੀਆਂ ਹੀ ਤਾਰਾਂ ਦੇ ਸ਼ਾਰਟ ਹੋਣ ਕਾਰਨ ਲੱਗੀ ਦੱਸੀ ਜਾ ਰਹੀ ਹੈ। ਅੱਗ ‘ਤੇ ਕਾਬੂ ਪਾਉਣ ਲਈ ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਈ ਗਈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ, ਪੁਲੀਸ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਸਥਿਤੀ ਸੰਭਾਲਣ ਅਤੇ ਰਾਹਤ ਤੇ ਬਚਾਅ ਕਾਰਜ ਚਲਾਉਣ ਲਈ ਮੌਕੇ ‘ਤੇ ਪਹੁੰਚ ਗਏ।

ਹਾਦਸੇ ਵਿੱਚ ਇੱਕ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਪੁਲੀਸ ਨੇ ਹਸਪਤਾਲ ਦਾਖ਼ਲ ਕਰਵਾਇਆ ਹੈ। ਵੇਰਵਿਆਂ ਅਨੁਸਾਰ ਪੁਲ ਦੇ ਨਾਲ ਡਿੱਗੇ ਟਰੱਕਾਂ ਦੇ ਨੰਬਰ PB-03-BC-9456 ਅਤੇ HR-63-B-4935 ਹਨ। ਜ਼ਖ਼ਮੀ ਡਰਾਈਵਰ ਦੀ ਪਛਾਣ ਗੁਰਜੰਟ ਸਿੰਘ, ਵਾਸੀ ਪਿੰਡ ਭਾਈ ਰੂਪਾ (ਜ਼ਿਲ੍ਹਾ ਬਠਿੰਡਾ) ਵਜੋਂ ਹੋਈ ਹੈ, ਜੋ PB-03-BC-9456 ਨੰਬਰ ਵਾਲੇ ਟਰੱਕ ਦਾ ਚਾਲਕ ਹੈ। ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ, ਪਟਿਆਲਾ ਭੇਜਿਆ ਗਿਆ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਪੁਲ ਵੱਧ ਭਾਰ ਕਾਰਨ ਡਿੱਗਿਆ ਦੱਸਿਆ ਜਾ ਰਿਹਾ ਹੈ, ਜੋ ਸ਼ਾਇਦ ਪੁਲ ਤੋਂ ਲੰਘਣ ਲਈ ਤੈਅ ਸੀਮਾ ਤੋਂ ਵੱਧ ਸੀ। ਹਾਲਾਂਕਿ ਅਸਲ ਕਾਰਨਾਂ ਦਾ ਪਤਾ ਤਕਨੀਕੀ ਮਾਹਿਰਾਂ ਦੀ ਜਾਂਚ ਮਗਰੋਂ ਹੀ ਲੱਗੇਗਾ।

ਪ੍ਰਭਾਵਿਤ ਹਾਈਵੇਅ ‘ਤੇ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਦੂਜੇ ਪਾਸੇ ਵੱਲ ਮੋੜ (ਡਾਇਵਰਟ) ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਹ ਕੌਮੀ ਮਾਰਗ 2016 ਵਿੱਚ ਮੁਕੰਮਲ ਹੋਇਆ ਸੀ ਅਤੇ ਇਹ ਪੁਲ ਵੀ ਉਸੇ ਸਮੇਂ ਬਣਾਇਆ ਗਿਆ ਸੀ। ਕਰੀਬ 10 ਸਾਲਾਂ ਮਗਰੋਂ ਹੀ ਇਸ ਦੇ ਡਿੱਗਣ ਕਾਰਨ ਕਈ ਸਵਾਲ ਖੜ੍ਹੇ ਹੋ ਰਹੇ ਹਨ। ਇਸ ਸਬੰਧੀ ਪ੍ਰਸ਼ਾਸਨ ਦਾ ਪੱਖ ਜਾਣਨ ਲਈ ਜ਼ਿਲ੍ਹਾ ਮੈਜਿਸਟ੍ਰੇਟ ਡਾ. ਹਿਮਾਂਸ਼ੂ ਅਗਰਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫ਼ੋਨ ਨਾ ਚੁੱਕਣ ਕਾਰਨ ਸੰਪਰਕ ਨਹੀਂ ਹੋ ਸਕਿਆ।

ਸਿਆਸੀ ਪ੍ਰਤੀਕਿਰਿਆ: ਘਟਨਾ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਸਟੇਟ ਮੀਡੀਆ ਹੈੱਡ ਬਲਤੇਜ ਪੰਨੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਸਾਂਝੀ ਕਰਦਿਆਂ ਪਿਛਲੀ ਅਕਾਲੀ-ਭਾਜਪਾ ਸਰਕਾਰ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਲਿਖਿਆ ਕਿ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇ ‘ਤੇ ਪਟਿਆਲਾ ਵਿੱਚੋਂ ਲੰਘਦਿਆਂ ਭਾਖੜਾ ‘ਤੇ ਬਣਿਆ ਇਹ ਪੁਲ ਪੂਰਾ ਹੀ ਡਿੱਗ ਪਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਅਕਾਲੀ-ਭਾਜਪਾ ਸਰਕਾਰ ਵੇਲੇ ਬਣੀਆਂ “ਬੰਬ ਵਾਲੀਆਂ ਸੜਕਾਂ” ਵਿੱਚੋਂ ਇੱਕ ਹੈ ਅਤੇ ਲੋਕਾਂ ਦੀ ਜਾਨ ਲਈ ਖ਼ਤਰਾ ਬਣੀਆਂ ਇਹ ਨੈਸ਼ਨਲ ਹਾਈਵੇ ਦੀਆਂ ਸੜਕਾਂ ਭਾਜਪਾ ਦੀ ਕੁਰੱਪਸ਼ਨ ‘ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀਆਂ ਹਨ। ਇਹ ਦੋਸ਼ ਇੱਕ ਸਿਆਸੀ ਆਗੂ ਦੇ ਹਨ, ਜਦਕਿ ਹਾਦਸੇ ਦੇ ਕਾਰਨਾਂ ਬਾਰੇ ਅਧਿਕਾਰਤ ਜਾਂਚ ਹਾਲੇ ਬਾਕੀ ਹੈ।

ਇਸੇ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਰਣਜੀਤ ਸਵਾਜਪੁਰ ਅਤੇ ਬੀਕੇਯੂ ਕ੍ਰਾਂਤੀਕਾਰੀ ਦੇ ਆਗੂ ਅਵਤਾਰ ਸਿੰਘ ਕੌਰਜੀਵਾਲਾ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨ ਘਟਨਾ ਸਥਾਨ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੁਲ ਡਿੱਗਣ ਨਾਲ ਭਾਖੜਾ ਨਹਿਰ ਦੇ ਕੰਢੇ ਨੁਕਸਾਨੇ ਗਏ ਹਨ, ਇਸ ਲਈ ਪ੍ਰਸ਼ਾਸਨ ਇਨ੍ਹਾਂ ਕੰਢਿਆਂ ਨੂੰ ਤੁਰੰਤ ਮਜ਼ਬੂਤ ਕਰੇ, ਤਾਂ ਜੋ ਨਹਿਰ ਟੁੱਟਣ ਦਾ ਖ਼ਤਰਾ ਟਾਲਿਆ ਜਾ ਸਕੇ।

Written By
The Punjab Wire