Close

Recent Posts

ਗੁਰਦਾਸਪੁਰ

ਸ੍ਰੀ ਸਨਾਤਨ ਕ੍ਰਾਂਤੀ ਦਲ ਵੱਲੋਂ ਸਮੂਹ ਧਾਰਮਿਕ ਤੇ ਸਮਾਜਿਕ ਸੰਗਠਨਾਂ ਨੂੰ 22 ਨਵੰਬਰ ਦੀ ਮੀਟਿੰਗ ’ਚ ਪਹੁੰਚਣ ਦਾ ਸੱਦਾ

ਸ੍ਰੀ ਸਨਾਤਨ ਕ੍ਰਾਂਤੀ ਦਲ ਵੱਲੋਂ ਸਮੂਹ ਧਾਰਮਿਕ ਤੇ ਸਮਾਜਿਕ ਸੰਗਠਨਾਂ ਨੂੰ 22 ਨਵੰਬਰ ਦੀ ਮੀਟਿੰਗ ’ਚ ਪਹੁੰਚਣ ਦਾ ਸੱਦਾ
  • PublishedNovember 19, 2026

ਗੁਰਦਾਸਪੁਰ ਵਿੱਚ ਧਾਰਮਿਕ ਜਥੇਬੰਦੀਆਂ, ਮੰਦਰ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਇੱਕ ਮੰਚ ’ਤੇ ਲਿਆਉਣ ਦਾ ਉਪਰਾਲਾ

ਗੁਰਦਾਸਪੁਰ, 19 ਨਵੰਬਰ 2026 (ਮੰਨਨ ਸੈਣੀ)। ਗੁਰਦਾਸਪੁਰ ਦੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਮੁੱਦਿਆਂ ਸਬੰਧੀ ਸਨਾਤਨ ਸਮਾਜ ਵਿੱਚ ਪਾਈ ਜਾ ਰਹੀ ਬੇਰੁਖ਼ੀ ਨੂੰ ਖ਼ਤਮ ਕਰਨ ਅਤੇ ਸਾਰੀਆਂ ਸਨਾਤਨੀ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਦੇ ਮਕਸਦ ਨਾਲ ਸ੍ਰੀ ਸਨਾਤਨ ਕ੍ਰਾਂਤੀ ਦਲ ਨੇ ਇੱਕ ਵਾਰ ਫਿਰ ਪਹਿਲ ਕੀਤੀ ਹੈ।

ਇਸ ਸਬੰਧੀ ਸ੍ਰੀ ਸਨਾਤਨ ਕ੍ਰਾਂਤੀ ਦਲ ਦੇ ਸੀਨੀਅਰ ਮੈਂਬਰ ਹਰਵਿੰਦਰ ਸੋਨੀ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਲੰਮੇ ਸਮੇਂ ਤੋਂ ਕਈ ਧਾਰਮਿਕ ਤੇ ਸਮਾਜਿਕ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਮੁੱਦਿਆਂ ’ਤੇ ਸਾਂਝੇ ਤੌਰ ’ਤੇ ਆਵਾਜ਼ ਉਠਾਉਣ ਲਈ ਕੋਈ ਠੋਸ ਯਤਨ ਨਜ਼ਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਹਿੰਦੂ ਜਥੇਬੰਦੀਆਂ ਆਪਣੇ ਧਾਰਮਿਕ ਤੇ ਸਮਾਜਿਕ ਹਿੱਤਾਂ ਲਈ ਮਿਲ ਕੇ ਆਵਾਜ਼ ਬੁਲੰਦ ਕਰ ਰਹੀਆਂ ਹਨ, ਜਦਕਿ ਗੁਰਦਾਸਪੁਰ ਵਿੱਚ ਗਊਸ਼ਾਲਾਵਾਂ ਦੀ ਮਾੜੀ ਹਾਲਤ, ਮੰਦਰਾਂ ’ਤੇ ਕਥਿਤ ਨਾਜਾਇਜ਼ ਕਬਜ਼ਿਆਂ ਅਤੇ ਸਨਾਤਨ ਪਰੰਪਰਾਵਾਂ ਤੇ ਧਾਰਮਿਕ ਮਰਿਆਦਾ ਨਾਲ ਜੁੜੇ ਮਸਲਿਆਂ ’ਤੇ ਲੋੜੀਂਦੀ ਇਕਜੁੱਟਤਾ ਦਿਖਾਈ ਨਹੀਂ ਦੇ ਰਹੀ।

ਉਨ੍ਹਾਂ ਖ਼ਾਸ ਤੌਰ ’ਤੇ ਕਿਹਾ ਕਿ ਮੰਦਰਾਂ ਦੇ ਆਸ-ਪਾਸ ਹਲਾਲ ਮੀਟ ਅਤੇ ਮੀਟ ਦੀਆਂ ਦੁਕਾਨਾਂ ਦਾ ਮੁੱਦਾ ਨਿਹੰਗ ਸਿੰਘਾਂ ਵੱਲੋਂ ਉਠਾਇਆ ਗਿਆ, ਜਦਕਿ ਇਹ ਮਸਲਾ ਸਭ ਤੋਂ ਪਹਿਲਾਂ ਹਿੰਦੂ ਜਥੇਬੰਦੀਆਂ ਅਤੇ ਮੰਦਰ ਕਮੇਟੀਆਂ ਦੀ ਮੁੱਢਲੀ ਜ਼ਿੰਮੇਵਾਰੀ ਬਣਦਾ ਸੀ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਮਾਮਲਾ ਹਿੰਦੂ ਧਾਰਮਿਕ ਸਥਾਨਾਂ ਦੀ ਮਰਿਆਦਾ ਅਤੇ ਸਨਾਤਨ ਸਮਾਜ ਦੀਆਂ ਭਾਵਨਾਵਾਂ ਨਾਲ ਜੁੜਿਆ ਸੀ, ਤਾਂ ਹਿੰਦੂ ਜਥੇਬੰਦੀਆਂ ਨੂੰ ਆਪ ਅੱਗੇ ਆ ਕੇ ਆਵਾਜ਼ ਕਿਉਂ ਨਹੀਂ ਉਠਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਇਸ ਜ਼ਿੰਮੇਵਾਰੀ ਨੂੰ ਲੋੜੀਂਦੀ ਗੰਭੀਰਤਾ ਨਾਲ ਨਹੀਂ ਨਿਭਾਇਆ ਜਾ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਧਾਰਮਿਕ ਸਥਾਨ ਦੀ ਪਵਿੱਤਰਤਾ, ਮਾਣ-ਸਨਮਾਨ ਅਤੇ ਉਸ ਦੇ ਆਸ-ਪਾਸ ਦੇ ਮਾਹੌਲ ਸਬੰਧੀ ਸਬੰਧਤ ਪ੍ਰਸ਼ਾਸਨ ਤੋਂ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਬਣਦੀ ਕਾਰਵਾਈ ਦੀ ਮੰਗ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।

ਇਸ ਤੋਂ ਇਲਾਵਾ ਹਿੰਦੂ ਵਪਾਰੀਆਂ ਨੂੰ ਮਿਲ ਰਹੀਆਂ ਕਥਿਤ ਧਮਕੀਆਂ, ਮੰਦਰਾਂ ਦੀਆਂ ਜਾਇਦਾਦਾਂ ਦੀ ਸੁਰੱਖਿਆ ਅਤੇ ਗਊਸ਼ਾਲਾਵਾਂ ਦੀ ਹਾਲਤ ਵਰਗੇ ਵਿਸ਼ੇ ਵੀ ਸਮਾਜ ਦੀ ਸਾਂਝੀ ਚਿੰਤਾ ਦਾ ਕਾਰਨ ਹਨ।

ਹਰਵਿੰਦਰ ਸੋਨੀ ਨੇ ਦੱਸਿਆ ਕਿ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਸਾਂਝੇ ਦਲ ਸ੍ਰੀ ਸਨਾਤਨ ਕ੍ਰਾਂਤੀ ਦਲ ਨੇ ਪਹਿਲਾਂ ਅਪਰਾਧਿਕ ਛਵੀ ਵਾਲੇ ਪ੍ਰਵਾਸੀਆਂ ਦੀਆਂ ਕਥਿਤ ਨਾਜਾਇਜ਼ ਸਰਗਰਮੀਆਂ ਅਤੇ ਘੁਸਪੈਠ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਸੀ, ਪਰ ਸਿਆਸੀ ਤੇ ਪ੍ਰਸ਼ਾਸਨਿਕ ਪੱਧਰ ’ਤੇ ਲੋੜੀਂਦੀ ਕਾਰਵਾਈ ਨਾ ਹੋਣ ਕਾਰਨ ਇਹ ਮਸਲੇ ਪ੍ਰਭਾਵੀ ਢੰਗ ਨਾਲ ਅੱਗੇ ਨਹੀਂ ਵਧ ਸਕੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਨਾਤਨ ਸਮਾਜ ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਆਪਣੇ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਹਿੱਤਾਂ ਲਈ ਇਕਜੁੱਟ ਹੋਵੇ।

ਇਸੇ ਮਕਸਦ ਨਾਲ 22 ਨਵੰਬਰ 2026, ਦਿਨ ਐਤਵਾਰ ਨੂੰ ਸ਼ਾਮ 4 ਵਜੇ ਸ੍ਰੀ ਹਨੂੰਮਾਨ ਮੰਦਰ, ਹਨੂੰਮਾਨ ਚੌਂਕ, ਗੁਰਦਾਸਪੁਰ ਵਿਖੇ ਇੱਕ ਅਹਿਮ ਮੀਟਿੰਗ ਕਰਵਾਈ ਜਾ ਰਹੀ ਹੈ।

ਇਸ ਮੀਟਿੰਗ ਵਿੱਚ ਗੁਰਦਾਸਪੁਰ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ, ਮੰਦਰ ਕਮੇਟੀਆਂ, ਰਾਮਲੀਲ੍ਹਾ ਕਮੇਟੀਆਂ, ਲੰਗਰ ਕਮੇਟੀਆਂ, ਦੁਸਹਿਰਾ ਕਮੇਟੀਆਂ, ਗਊਸ਼ਾਲਾ ਕਮੇਟੀਆਂ ਅਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਸਮੇਤ ਹਰ ਸਨਾਤਨੀ ਨੂੰ ਖੁੱਲ੍ਹੇ ਤੌਰ ’ਤੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੀਟਿੰਗ ਲਈ ਕਿਸੇ ਵਿਅਕਤੀ ਜਾਂ ਸੰਗਠਨ ਨੂੰ ਵੱਖਰਾ ਸੱਦਾ ਪੱਤਰ ਨਹੀਂ ਭੇਜਿਆ ਜਾ ਰਿਹਾ, ਸਗੋਂ ਜਨਤਕ ਸੱਦੇ ਰਾਹੀਂ ਸਮੁੱਚੇ ਸਨਾਤਨ ਸਮਾਜ ਨੂੰ ਸੱਦਿਆ ਜਾ ਰਿਹਾ ਹੈ। ਇਹ ਕਿਸੇ ਇੱਕ ਸੰਗਠਨ ਦਾ ਪ੍ਰੋਗਰਾਮ ਨਹੀਂ, ਸਗੋਂ ਸਨਾਤਨ ਸਮਾਜ ਦੇ ਧਾਰਮਿਕ ਤੇ ਸਮਾਜਿਕ ਸਰੋਕਾਰਾਂ ਬਾਰੇ ਸਾਂਝੇ ਵਿਚਾਰ-ਵਟਾਂਦਰੇ ਅਤੇ ਇਕਜੁੱਟਤਾ ਦਾ ਯਤਨ ਹੈ।

ਹਰਵਿੰਦਰ ਸੋਨੀ ਨੇ ਕਿਹਾ ਕਿ ਸਨਾਤਨ ਪ੍ਰਤੀ ਸ਼ਰਧਾ ਰੱਖਣ ਵਾਲਾ ਹਰ ਵਿਅਕਤੀ ਇਸ ਮੀਟਿੰਗ ਵਿੱਚ ਜ਼ਰੂਰ ਪਹੁੰਚੇ, ਕਿਉਂਕਿ ਸਮਾਜ ਦੇ ਧਾਰਮਿਕ ਹਿੱਤਾਂ ਦੀ ਰਾਖੀ ਸਿਰਫ਼ ਸਾਂਝੀ ਇਕਜੁੱਟਤਾ ਅਤੇ ਜ਼ਿੰਮੇਵਾਰ ਯਤਨਾਂ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਸਿਰਫ਼ ਗੱਲਾਂ ਕਰਨ ਦਾ ਨਹੀਂ, ਸਗੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਇਕਜੁੱਟ ਹੋ ਕੇ ਅੱਗੇ ਆਉਣ ਦਾ ਹੈ।

Written By
The Punjab Wire