70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਜੂਡੋ ਲੜਕੀਆਂ ਵਿੱਚ ਗੁਰਦਾਸਪੁਰ ਨੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ
ਫਾਜ਼ਿਲਕਾ ਦੂਜੇ ਅਤੇ ਜਲੰਧਰ ਤੀਜੇ ਸਥਾਨ ’ਤੇ ਰਿਹਾ
ਗੁਰਦਾਸਪੁਰ, 1 ਨਵੰਬਰ 2026 (ਮੰਨਨ ਸੈਣੀ)–ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀ ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਕਰਵਾਈਆਂ ਗਈਆਂ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਜੂਡੋ ਲੜਕੀਆਂ ਦੇ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ 22 ਜ਼ਿਲ੍ਹਿਆਂ ਤੋਂ ਪਹੁੰਚੀਆਂ ਲਗਭਗ 200 ਖਿਡਾਰਨਾਂ ਨੇ 9 ਵੱਖ-ਵੱਖ ਭਾਰ ਵਰਗਾਂ ਵਿੱਚ ਆਪਣੀ ਖੇਡ ਪ੍ਰਤਿਭਾ, ਤਕਨੀਕ ਅਤੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਨ੍ਹਾਂ ਮੁਕਾਬਲਿਆਂ ਵਿੱਚ ਗੁਰਦਾਸਪੁਰ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਪਹਿਲਾ ਸਥਾਨ ਹਾਸਲ ਕਰਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਫਾਜ਼ਿਲਕਾ ਜ਼ਿਲ੍ਹੇ ਨੇ ਦੂਜਾ ਅਤੇ ਜਲੰਧਰ ਜ਼ਿਲ੍ਹੇ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਖਿਡਾਰੀਆਂ ਅਤੇ ਕੋਚਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਜੂਡੋ ਲੜਕੀਆਂ ਲਈ ਬਹੁਤ ਹੀ ਲਾਹੇਵੰਦ ਖੇਡ ਹੈ। ਅੱਜ ਦੀਆਂ ਲੜਕੀਆਂ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ ਅਤੇ ਖੇਡਾਂ ਰਾਹੀਂ ਦੇਸ਼ ਦਾ ਨਾਮ ਰੌਸ਼ਨ ਕਰਨ ਦੇ ਨਾਲ-ਨਾਲ ਆਪਣੇ ਮਾਪਿਆਂ ਅਤੇ ਜ਼ਿਲ੍ਹੇ ਦਾ ਮਾਣ ਵੀ ਵਧਾ ਰਹੀਆਂ ਹਨ। ਉਨ੍ਹਾਂ ਮਾਣ ਨਾਲ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਤਿੰਨ ਸਾਲ ਪਹਿਲਾਂ ਉਨ੍ਹਾਂ ਵੱਲੋਂ ਲਗਾਇਆ ਗਿਆ ਲੜਕੀਆਂ ਦੀ ਜੂਡੋ ਸਿਖਲਾਈ ਦਾ ਬੂਟਾ ਅੱਜ ਵਧੀਆ ਫਲ ਦੇ ਰਿਹਾ ਹੈ, ਜਿਸ ਦਾ ਸਬੂਤ ਇਸ ਚੈਂਪੀਅਨਸ਼ਿਪ ਵਿੱਚ ਮਿਲੀ ਸ਼ਾਨਦਾਰ ਸਫ਼ਲਤਾ ਹੈ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੈਡਮ ਅਨੀਤਾ ਨੇ ਦੱਸਿਆ ਕਿ ਬਾਹਰਲੇ ਜ਼ਿਲ੍ਹਿਆਂ ਤੋਂ ਆਈਆਂ ਟੀਮਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ। ਟੂਰਨਾਮੈਂਟ ਦੇ ਓਵਰਆਲ ਇੰਚਾਰਜ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਅਤੇ ਅੰਤਰਰਾਸ਼ਟਰੀ ਜੂਡੋ ਰੈਫਰੀ ਦੀ ਅਗਵਾਈ ਹੇਠ ਗਠਿਤ ਤਕਨੀਕੀ ਟੀਮ ਨੇ ਮੁਕਾਬਲਿਆਂ ਨੂੰ ਨਿਰਪੱਖ, ਸੁਚੱਜੇ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ।
ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:
– -36 ਕਿਲੋ ਭਾਰ ਵਰਗ: ਹਿਮਾਂਸ਼ੀ (ਮੋਹਾਲੀ) ਪਹਿਲਾ, ਨਾਜ਼ੀਆ (ਜਲੰਧਰ) ਦੂਜਾ।
– -40 ਕਿਲੋ ਭਾਰ ਵਰਗ: ਬੰਦਨਾ (ਫਾਜ਼ਿਲਕਾ) ਪਹਿਲਾ, ਕਰਿਸ਼ਮਾ (ਮੋਹਾਲੀ) ਦੂਜਾ।
– -44 ਕਿਲੋ ਭਾਰ ਵਰਗ: ਤਾਨਿਆ ਕੰਬੋਜ (ਫਾਜ਼ਿਲਕਾ) ਪਹਿਲਾ, ਪੂਜਾ (ਗੁਰਦਾਸਪੁਰ) ਦੂਜਾ।
– -48 ਕਿਲੋ ਭਾਰ ਵਰਗ: ਖੁਸ਼ੀ (ਗੁਰਦਾਸਪੁਰ) ਪਹਿਲਾ, ਆਇਸ਼ਾ (ਪਟਿਆਲਾ) ਦੂਜਾ।
– -52 ਕਿਲੋ ਭਾਰ ਵਰਗ: ਤ੍ਰਿਪਤੀ (ਜਲੰਧਰ) ਪਹਿਲਾ, ਤਰਨਦੀਪ ਕੌਰ (ਗੁਰਦਾਸਪੁਰ) ਦੂਜਾ।
– -57 ਕਿਲੋ ਭਾਰ ਵਰਗ: ਐਂਜਲ (ਗੁਰਦਾਸਪੁਰ) ਪਹਿਲਾ, ਮਹਿਕਪ੍ਰੀਤ ਕੌਰ (ਤਰਨਤਾਰਨ) ਦੂਜਾ।
– -63 ਕਿਲੋ ਭਾਰ ਵਰਗ: ਦੀਪਿਕਾ ਸਾਜਵਾਨ (ਪਟਿਆਲਾ) ਪਹਿਲਾ, ਤਮੰਨਾ (ਪਠਾਨਕੋਟ) ਦੂਜਾ।
– -70 ਕਿਲੋ ਭਾਰ ਵਰਗ: ਮਿਹਰਪ੍ਰੀਤ ਕੌਰ (ਹੁਸ਼ਿਆਰਪੁਰ) ਪਹਿਲਾ, ਸਗਨ (ਲੁਧਿਆਣਾ) ਦੂਜਾ।
– +70 ਕਿਲੋ ਭਾਰ ਵਰਗ: ਗੁਰਨੂਰ ਕੌਰ ਸ਼ੀਨਾ (ਅੰਮ੍ਰਿਤਸਰ) ਪਹਿਲਾ, ਖੁਸ਼ੀ (ਜਲੰਧਰ) ਦੂਜਾ।
ਇਸ ਮੌਕੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਮੀਤ ਪ੍ਰਧਾਨ ਸ੍ਰੀ ਇਕਬਾਲ ਸਿੰਘ ਸਮਰਾ, ਸ੍ਰੀ ਸਤੀਸ਼ ਕੁਮਾਰ, ਪੰਜਾਬ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਚੇਅਰਮੈਨ, ਚਰਨਜੀਤ ਸਿੰਘ ਲੈਕਚਰਰ ਸਰੀਰਕ ਸਿੱਖਿਆ ਪਟਿਆਲਾ ਟੂਰਨਾਮੈਂਟ ਅਬਜਰਵਰ, ਦਿਨੇਸ਼ ਕੁਮਾਰ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ, ਸੰਦੀਪ,ਪਵਨ ਕੁਮਾਰ ਜਸਵਿੰਦਰ ਸਿੰਘ,ਸੁਲਿੰਦਰ ਸਿੰਘ ਤੋਂ ਇਲਾਵਾ ਹੋਰ ਖੇਡ ਪ੍ਰੇਮੀ ਅਤੇ ਅਧਿਕਾਰੀ ਹਾਜ਼ਰ ਸਨ।