Close

Recent Posts

ਗੁਰਦਾਸਪੁਰ

ਫੌਜ ਵਿਚ ਅਫਸਰ ਬਣਨ ਵਾਲੇ ਨੌਜਵਾਨਾਂ ਲਈ ਰੋਲ ਮਾਡਲ ਬਣਿਆ ਅਰਮਾਨਪ੍ਰੀਤ ਸਿੰਘ

ਫੌਜ ਵਿਚ ਅਫਸਰ ਬਣਨ ਵਾਲੇ ਨੌਜਵਾਨਾਂ ਲਈ ਰੋਲ ਮਾਡਲ ਬਣਿਆ ਅਰਮਾਨਪ੍ਰੀਤ ਸਿੰਘ
  • PublishedJune 27, 2025

ਅਰਮਾਨਪ੍ਰੀਤ ਸਿੰਘ ਵਰਗੇ ਹੋਣਹਾਰ ਅਫਸਰਾਂ ਦੀ ਭਾਰਤੀ ਫੌਜ ਨੂੰ ਬਹੁਤ ਵੱਡੀ ਲੋੜ : ਬ੍ਰਗੇਡੀਅਰ ਵਿਕਰਮਜੀਤ ਸਿੰਘ ਕੋਛੜ

ਕਾਰਗਿਲ ਸ਼ਹੀਦ ਨਾਨਾ ਸੂਬੇਦਾਰ ਸ੍ਰ. ਅਜੀਤ ਸਿੰਘ ਦਕੋਹਾ ਜੀ ਦੀ ਪ੍ਰੇਰਣਾ ਸਦਕਾ ਫੌਜ ਵਿਚ ਅਫਸਰ ਬਣਨ ਦਾ ਲਿਆ ਸੀ ਸੁਪਨਾ।

ਗੁਰਦਾਸਪੁਰ 27 ਜੂਨ (ਦੀ ਪੰਜਾਬ ਵਾਇਰ)– ਫੌਜ ਵਿਚ ਅਫਸਰ ਬਣਨ ਵਾਲੇ ਨੌਜਵਾਨਾਂ ਲਈ ਰੋਲ ਮਾਡਲ ਬਣੇ ਅਰਮਾਨਪ੍ਰੀਤ ਸਿੰਘ ਨੇ ਐਨ.ਡੀ.ਏ. ਦੀ ਪ੍ਰੀਖਿਆ ਸਾਲ-2024 ਵਿਚ ਦੇਸ਼ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਦੇ ਝੰਡੇ ਗੱਡੇ ਹਨ । ਅਰਮਾਨਪ੍ਰੀਤ ਵੱਲੋਂ ਆਪਣੀ ਟ੍ਰੇਨਿੰਗ ਦੀ ਛੁੱਟੀ ਦੌਰਾਨ ਤਿੱਬੜੀ ਕੈਂਟ ਪਹੁੰਚ ਕੇ ਆਪਣੇ ਸੀਨੀਅਰ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਨੂੰ ਪਹਿਲਾਂ ਸਲੂਟ ਕਰਦਿਆਂ ਫੁੱਲ ਭੇਂਟ ਕੀਤੇ ਅਤੇ ਫਿਰ ਸਟੇਸ਼ਨ ਕਮਾਂਡਰ ਤਿੱਬੜੀ ਕੈਂਟ ਬ੍ਰਿਗੇਡੀਅਰ ਵਿਕਰਮਜੀਤ ਸਿੰਘ ਕੋਛੜ ਜੀ ਤੋਂ ਅਸ਼ੀਰਵਾਦ ਲਿਆ। ਬ੍ਰਿਗੇਡੀਅਰ ਵਿਕਰਮਜੀਤ ਸਿੰਘ ਕੋਛੜ ਨੇ ਅਰਮਾਨਪ੍ਰੀਤ ਸਿੰਘ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਭਾਰਤੀ ਫੌਜ ਦੁਨੀਆਂ ਦੀ ਸ਼ਕਤੀਸਾਲੀ ਫੌਜ ਹੈ। ਇਸ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਬਹੁਤ ਵੱਡੀ ਮਾਣ ਵਾਲੀ ਗੱਲ ਹੈ, ਭਾਰਤੀ ਫੌਜ ਨੂੰ ਅਰਮਾਨਪ੍ਰੀਤ ਸਿੰਘ ਵਰਗੇ ਹੋਣਹਾਰ ਬਹਾਦਰ ਅਫਸਰਾਂ ਦੀ ਬਹੁਤ ਵੱਡੀ ਲੋੜ ਹੈ । ਉਹਨਾਂ ਅਰਮਾਨਪ੍ਰੀਤ ਨੂੰ ਐਨ.ਡੀ.ਏ. ਦੀ ਪ੍ਰੀਖਿਆ ਵਿਚ ਕੀਤੀ ਪ੍ਰਾਪਤੀ ਤੇ ਵਧਾਈ ਦਿੱਤੀ । ਉਹਨਾਂ ਅੱਗੇ ਦੱਸਿਆ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਅੱਜ ਅਰਮਾਨਪ੍ਰੀਤ ਨੇ ਆਪਣੇ ਸੀਨੀਅਰ ਅਫਸਰ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੀ ਬਹਾਦਰੀ ਨੂੰ ਸਲੂਟ ਕਰਦਿਆਂ ਤਿੱਬੜੀ ਕੈਂਟ ਪਹੁੰਚ ਕੇ ਫੁੱਲ ਭੇਂਟ ਕੀਤੇ ਹਨ । ਬ੍ਰਿਗੇਡੀਅਰ ਵਿਕਰਮਜੀਤ ਸਿੰਘ ਕੋਛੜ ਵੱਲੋਂ ਅਰਮਾਨਪ੍ਰੀਤ ਸਿੰਘ ਨੂੰ ਉਸ ਦੇ ਪਰਿਵਾਰ ਅਤੇ ਉਸ ਦੀ ਪ੍ਰਾਪਤੀ ਬਾਰੇ ਪੁੱਛਿਆ ਗਿਆ ਤਾਂ ਅਰਮਾਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਸਰਕਾਰੀ ਸਕੂਲ ਵਿਚ ਲੈਕਚਰਾਰ ਹਨ ਅਤੇ ਉਸ ਦੀ ਮਾਤਾ ਜੀ ਐਸ.ਡੀ.ਐਮ. ਦਫਤਰ ਕਲਾਨੌਰ ਵਿਚ ਸੁਪਰਡੰਟ ਤਾਇਨਾਤ ਹਨ । ਅਰਮਾਨਪ੍ਰੀਤ ਸਿੰਘ ਦੇ ਦੱਸਿਆ ਕਿ ਉਸ ਦੇ ਨਾਨਾ ਜੀ ਸੂਬੇਦਾਰ ਸ੍ਰ. ਅਜੀਤ ਸਿੰਘ ਦਕੋਹਾ ਕਾਰਗਿਲ ਦੀ ਜੰਗ ਵਿਚ ਸ਼ਹੀਦ ਹੋਏ ਸਨ ਅਤੇ ਉਹਨਾਂ ਦੀ ਬਹਾਦਰੀ ਬਾਰੇ ਆਪਣੇ ਪਰਿਵਾਰਿਕ ਮੈਂਬਰਾਂ ਤੋਂ ਅਕਸਰ ਬਚਪਨ ਵਿਚ ਸੁਣਿਆ ਕਰਦਾ ਸੀ । ਨਾਨਾ ਜੀ ਦੀ ਬਹਾਦਰੀ ਅਤੇ ਦੇਸ਼ ਦੀ ਸੇਵਾ ਤੋਂ ਮੈਨੂੰ ਫੌਜ ਵਿਚ ਭਰਤੀ ਹੋਣ ਲਈ ਪ੍ਰੇਰਨਾ ਮਿਲੀ ਅਤੇ ਮੇਰੇ ਦਾਦਾ ਜੀ ਸ੍ਰ. ਪਰਮਜੀਤ ਸਿੰਘ ਜੀ ਫੌਜ਼ ਵਿਚ ਆਪਣੀ ਪੂਰੀ ਸੇਵਾ ਕਰਕੇ ਸੇਵਾ-ਮੁਕਤ ਹੋਏ ਹਨ। ਮੈਂ ਇੱਕ ਆਮ ਪਰਿਵਾਰ ਵਿਚ ਰਹਿੰਦਿਆਂ ਦਿਨ-ਰਾਤ ਪੜ੍ਹਾਈ ਦੇ ਖੇਤਰ ਵਿਚ ਅਤੇ ਖੇਤੀਬਾੜੀ ਕਰਨ ਵਿਚ ਵੀ ਮਿਹਨਤ ਕੀਤੀ । ਮੈਂ ਖੇਡਾਂ ਅਤੇ ਸਕੂਲ ਵਿਚ ਹੋਰ ਵੱਖ-ਵੱਖ ਕਲਾਂ ਦੀਆਂ ਗਤੀਵਿਧੀਆਂ ਵਿਚ ਵੀ ਭਾਗ ਲੈਂਦਾ ਰਿਹਾ । ਦਸਵੀਂ ਤੋਂ ਬਾਅਦ ਮੇਰੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਵਿਖੇ ਚੋਣ ਹੋ ਗਈ, ਜਿਸ ਵਿਚ ਪੜ੍ਹਾਈ ਅਤੇ ਟ੍ਰੇਨਿੰਗ ਕਰਦਿਆਂ ਮੇਰਾ ਜੀਵਨ ਹੀ ਬਦਲ ਗਿਆ । ਦੋ ਸਾਲਾਂ ਦੀ ਸਖ਼ਤ ਮਿਹਨਤ ਨਾਲ ਮੈਂ ਪੂਰੇ ਭਾਰਤ ਵਿਚੋਂ ਐਨ.ਡੀ.ਏ. ਪ੍ਰੀਖਿਆ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਹੁਣ ਏਅਰਫੋਰਸ ਟ੍ਰੇਨਿੰਗ ਸੈਂਟਰ ਪੂਨਾ (ਮਹਾਰਾਸ਼ਟਰਾ) ਵਿਖੇ ਟ੍ਰੇਨਿੰਗ ਕਰ ਰਿਹਾ ਹਾਂ। ਅਰਮਾਨਪ੍ਰੀਤ ਸਿੰਘ ਨਾਲ ਆਏ ਉਸ ਦੇ ਪਰਿਵਾਰਿਕ ਮੈਂਬਰਾਂ ਮਨਜਿੰਦਰ ਸਿੰਘ ਬਾਜਵਾ, ਤਹਿਸੀਲਦਾਰ ਚੋਣਾਂ, ਗੁਰਦਾਸਪੁਰ ਅਤੇ ਪਰਮਿੰਦਰ ਸਿੰਘ ਸੈਣੀ, ਜ਼ਿਲ੍ਹਾ ਗਾਈਡੈਂਸ ਕਾਊਸਲਰ, ਗੁਰਦਾਸਪੁਰ ਨੇ ਦੱਸਿਆ ਕਿ ਅਰਮਾਨਪ੍ਰੀਤ ਸਿੰਘ ਇੱਕਲੇ ਗੁਰਦਾਸਪੁਰ ਜ਼ਿਲ੍ਹੇ ਲਈ ਨਹੀਂ ਸਗੋਂ ਸਾਰੇ ਭਾਰਤ ਦੇ ਨੌਜਵਾਨਾਂ ਲਈ ਜਿਥੇਂ ਰੋਲ ਮਾਡਲ ਹੈ, ਉਥੇਂ ਉਸ ਦਾ ਭਰਾ ਗੁਰਮਾਨਪ੍ਰੀਤ ਸਿੰਘ ਵੀ ਨੌਜ਼ਵਾਨਾਂ ਲਈ ਰੋਲ ਮਾਡਲ ਹੈ, ਜਿਸ ਨੇ ਨੀਟ ਪ੍ਰੀਖਿਆ ਵਿੱਚ 720 ਵਿੱਚੋਂ 715 ਨੰਬਰ ਪ੍ਰਾਪਤ ਕੀਤੇ ਅਤੇ ਪੂਰੇ ਦੇਸ਼ ਵਿੱਚ ਅਵੱਲ ਰਿਹਾ ਹੈ । ਉਹਨਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨਾਂ ਨੂੰ ਮਿਸ਼ਨ ਉਮੀਦ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਹਰਜਿੰਦਰ ਸਿੰਘ ਬੇਦੀ, ਆਈ.ਏ.ਐਸ. ਅਤੇ ਸ੍ਰੀ ਜਸਪਿੰਦਰ ਸਿੰਘ ਭੁੱਲਰ, ਆਈ.ਏ.ਐਸ. ਉਪ ਮੰਡਲ ਮੈਜਿਸਟ੍ਰੇਟ ਦੀਨਾਨਗਰ ਦੀ ਦੇਖਰੇਖ ਹੇਠ ਫੌਜ ਵਿਚ ਭਰਤੀ ਹੋਣ ਲਈ ਸਰਕਾਰੀ ਕਾਲਜ ਗੁਰਦਾਸਪੁਰ, ਸਕੂਲ ਆਫ ਐਮੀਨੈਂਸ ਬਟਾਲਾ ਅਤੇ ਸੀ-ਪਾਇਟ ਡੇਰਾ ਬਾਬਾ ਨਾਨਕ ਵਿਖੇ ਮੁਫਤ ਕੋਚਿੰਗ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਆਈ.ਏ.ਐਸ. ਅਤੇ ਪੀ.ਸੀ.ਐਸ. ਦੀ ਪ੍ਰੀਖਿਆਵਾਂ ਦੀ ਮੁਫਤ ਕੋਚਿੰਗ ਰੋਜਗਾਰ ਬਿਓਰੋ ਕਮਰਾ ਨੰ:218 ਬਲਾਕ-ਬੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਦਿੱਤੀ ਜਾ ਰਹੀ ਹੈ । ਉਹਨਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਨੌਜਵਾਨ ਮੁਫਤ ਕੋਚਿੰਗ ਲਈ ਜ਼ਿਲ੍ਹਾ ਨੋਡਲ ਅਫਸਰ ਮਿਸ਼ਨ ਉਮੀਦ ਪਰਮਿੰਦਰ ਸਿੰਘ ਸੈਣੀ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਗੁਰਦਾਸਪੁਰ ਨਾਲ ਹੈਲਪਲਾਈਨ ਨੰਬਰ 7888592634 ਤੇ ਸੰਪਰਕ ਕਰ ਸਕਦੇ ਹਨ ।

Written By
The Punjab Wire