ਗੁਰਦਾਸਪੁਰ

ਕੂੜੇ ਦੇ ਡੰਪ ‘ਚੋਂ ਮਿਲੇ ਕੌਮੀ ਝੰਡੇ: ਗੁਰਦਾਸਪੁਰ ਵਾਸੀਆਂ ਨੇ ਥਾਣਾ ਸਿਟੀ ‘ਚ ਲਿਖਤੀ ਸ਼ਿਕਾਇਤ ਦੇ ਕੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ

ਕੂੜੇ ਦੇ ਡੰਪ ‘ਚੋਂ ਮਿਲੇ ਕੌਮੀ ਝੰਡੇ: ਗੁਰਦਾਸਪੁਰ ਵਾਸੀਆਂ ਨੇ ਥਾਣਾ ਸਿਟੀ ‘ਚ ਲਿਖਤੀ ਸ਼ਿਕਾਇਤ ਦੇ ਕੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ
  • PublishedOctober 30, 2026

ਗੁਰਦਾਸਪੁਰ, 30 ਅਕਤੂਬਰ 2026 (ਮੰਨਨ ਸੈਣੀ)। ਬੀਤੀ ਰਾਤ ਕਲਾਨੌਰ ਰੋਡ ‘ਤੇ ਡੀ-ਮਾਰਟ ਦੇ ਬਿਲਕੁਲ ਸਾਹਮਣੇ ਕੂੜੇ ਦੇ ਡੰਪ ‘ਤੇ ਵੱਡੀ ਗਿਣਤੀ ਵਿੱਚ ਦੇਸ਼ ਦੇ ਕੌਮੀ ਝੰਡੇ (ਤਿਰੰਗੇ) ਪਏ ਮਿਲੇ। ਇਸ ਦੀ ਜਾਣਕਾਰੀ ਮਿਲਦਿਆਂ ਹੀ ਇਲਾਕਾ ਵਾਸੀਆਂ ਅਤੇ ਸਮਾਜ ਸੇਵੀਆਂ ਵਿੱਚ ਡੂੰਘਾ ਰੋਸ ਫੈਲ ਗਿਆ।

ਸੂਚਨਾ ਮਿਲਣ ‘ਤੇ ਸਮਾਜ ਸੇਵੀ ਮੌਕੇ ‘ਤੇ ਪਹੁੰਚੇ ਅਤੇ ਕੂੜੇ ਦੇ ਢੇਰ ਵਿੱਚ ਪਏ ਕੌਮੀ ਝੰਡਿਆਂ ਨੂੰ ਪੂਰੇ ਸਤਿਕਾਰ ਅਤੇ ਆਨ-ਬਾਨ-ਸ਼ਾਨ ਨਾਲ ਚੁੱਕਿਆ। ਉਨ੍ਹਾਂ ਨੇ ਝੰਡਿਆਂ ਨੂੰ ਸਹੀ ਢੰਗ ਨਾਲ ਤਹਿ ਲਾ ਕੇ ਆਪਣੇ ਕੋਲ ਸੰਭਾਲ ਲਿਆ।

ਮੌਕੇ ‘ਤੇ ਪਹੁੰਚੇ ਰਿੱਕੀ ਮਹੰਤ, ਵਰੁਣ ਮਰਵਾਹਾ (ਮਿੱਠੂ), ਰਾਜੂ ਮਹਾਜਨ, ਪ੍ਰਵੀਨ ਕੁਮਾਰ ਅਤੇ ਸ਼ਿਵ ਦੁੱਗਲ ਨੇ ਮੀਡੀਆ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਡੂੰਘੀ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਗੁਰਦਾਸਪੁਰ ਅਤੇ ਪੂਰੇ ਦੇਸ਼ ਲਈ ਬੇਹੱਦ ਮੰਦਭਾਗੀ ਅਤੇ ਸ਼ਰਮਨਾਕ ਘਟਨਾ ਹੈ।

ਉਨ੍ਹਾਂ ਕਿਹਾ ਕਿ ਜਿਸ ਤਿਰੰਗੇ ਦੀ ਆਨ-ਬਾਨ-ਸ਼ਾਨ ਦੀ ਰਾਖੀ ਲਈ ਸਾਡੇ ਬਜ਼ੁਰਗਾਂ, ਫ਼ੌਜੀਆਂ ਅਤੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ, ਉਸ ਨੂੰ ਕੁਝ ਬੇਵਕੂਫ਼ ਜਾਂ ਸ਼ਰਾਰਤੀ ਅਨਸਰਾਂ ਨੇ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ। ਉਨ੍ਹਾਂ ਮੁਤਾਬਕ ਇਹ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਅਤੇ ਅਮਨ ਭੰਗ ਕਰਨ ਦੀ ਸੋਚੀ-ਸਮਝੀ ਸਾਜ਼ਿਸ਼ ਹੋ ਸਕਦੀ ਹੈ।

ਇਸ ਸਬੰਧੀ ਸ਼ਹਿਰ ਵਾਸੀਆਂ ਨੇ 30 ਅਕਤੂਬਰ ਨੂੰ ਐੱਸ.ਐੱਚ.ਓ. ਥਾਣਾ ਸਿਟੀ ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਸੌਂਪੀ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ 29 ਅਕਤੂਬਰ ਨੂੰ ਸ਼ਾਮ ਕਰੀਬ 7 ਵਜੇ ਕਲਾਨੌਰ ਰੋਡ ‘ਤੇ ਡੀ-ਮਾਰਟ ਦੇ ਸਾਹਮਣੇ ਕੂੜੇ ਦੇ ਡੰਪ ਵਿੱਚੋਂ ਕੌਮੀ ਝੰਡਿਆਂ ਦਾ ਇੱਕ ਵੱਡਾ ਬੰਡਲ ਮਿਲਿਆ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਕੌਮੀ ਝੰਡਾ ਦੇਸ਼ ਦੀ ਸਤਿਕਾਰਤ ਪਛਾਣ ਹੈ, ਇਸ ਲਈ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸਮਾਜ ਸੇਵੀਆਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਬਰਾਮਦ ਕੀਤੇ ਸਾਰੇ ਤਿਰੰਗੇ ਸਤਿਕਾਰ ਸਹਿਤ ਡਿਪਟੀ ਕਮਿਸ਼ਨਰ ਜਾਂ ਤਹਿਸੀਲਦਾਰ ਕੋਲ ਜਮ੍ਹਾਂ ਕਰਵਾਉਣਗੇ ਅਤੇ ਲਿਖਤੀ ਸ਼ਿਕਾਇਤ ਦੇ ਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਨਗੇ।

ਇਲਾਕਾ ਵਾਸੀਆਂ ਅਤੇ ਸਮਾਜ ਸੇਵੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮੁੱਖ ਮਾਰਗ ‘ਤੇ ਥਾਂ-ਥਾਂ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਚਾਹੀਦੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਜਾਂ ਸੰਸਥਾ ਕੌਣ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀ ਕਾਰਜ-ਪ੍ਰਣਾਲੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਕਲਾਨੌਰ ਰੋਡ ‘ਤੇ ਡੀ-ਮਾਰਟ ਕੋਲ ਸਟਰੀਟ ਲਾਈਟਾਂ ਦਾ ਕੋਈ ਪੱਕਾ ਪ੍ਰਬੰਧ ਨਹੀਂ ਹੈ। ਰਾਤ ਪੈਂਦਿਆਂ ਹੀ ਸੜਕ ‘ਤੇ ਹਨੇਰਾ ਛਾ ਜਾਂਦਾ ਹੈ, ਜਿਸ ਦਾ ਫ਼ਾਇਦਾ ਚੁੱਕ ਕੇ ਸ਼ਰਾਰਤੀ ਅਨਸਰ ਅਜਿਹੀਆਂ ਅਪਰਾਧਿਕ ਅਤੇ ਸਮਾਜ ਵਿਰੋਧੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਨਿਕਲ ਜਾਂਦੇ ਹਨ। ਵਾਸੀਆਂ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਸੰਬੰਧੀ ਥਾਣਾ ਸਿਟੀ ਗੁਰਦਾਸਪੁਰ ਦੇ ਐਸ.ਐਚ.ਓ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਇਸ ਸੰਬੰਧੀ ਸ਼ਿਕਾਇਤ ਪੱਤਰ ਮਿਲਿਆ ਹੈ। ਇਸ ਦੀ ਡੂੰਗਾਈ ਤੱਕ ਜਾਂਚ ਕੀਤੀ ਜਾਵੇਗੀ।

Written By
The Punjab Wire