Close

Recent Posts

ਗੁਰਦਾਸਪੁਰ ਪੰਜਾਬ

ਲੁਧਿਆਣਾ ਪੱਛਮੀ ਵਿੱਚ ਵਿਕਾਸ ਦੀ ਹੰਕਾਰ ਉੱਪਰ ਜਿੱਤ ਹੋਈ – ਵਿਧਾਇਕ ਰੰਧਾਵਾ

ਲੁਧਿਆਣਾ ਪੱਛਮੀ ਵਿੱਚ ਵਿਕਾਸ ਦੀ ਹੰਕਾਰ ਉੱਪਰ ਜਿੱਤ ਹੋਈ – ਵਿਧਾਇਕ ਰੰਧਾਵਾ
  • PublishedJune 23, 2025

ਵਿਰੋਧੀ ਪਾਰਟੀਆਂ ਦੇ ਝੂਠੇ ਤੇ ਗੁਮਰਾਹਕੁਨ ਪ੍ਰਚਾਰ ਨੂੰ ਲੋਕਾਂ ਨੇ ਸਿਰੇ ਤੋਂ ਨਕਾਰਿਆ – ਰੰਧਾਵਾ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 23 ਜੂਨ 2025 (ਦੀ ਪੰਜਾਬ ਵਾਇਰ )। ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੰਜੀਵ ਅਰੋੜਾ ਦੀ ਹੋਈ ਸ਼ਾਨਦਾਰ ਜਿੱਤ ਨੂੰ ਹੰਕਾਰ ਉੱਪਰ ਵਿਕਾਸ ਦੀ ਜਿੱਤ ਦੱਸਿਆ ਹੈ। ਪਾਰਟੀ ਦੀ ਰਿਕਾਰਡ ਅਤੇ ਸ਼ਾਨਦਾਰ ਜਿੱਤ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦਿਆਂ ਵਿਧਾਇਕ ਸ. ਰੰਧਾਵਾ ਨੇ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਜਿੱਤ ਹੈ।

ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦੇ ਨਤੀਜੇ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ 2027 ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਵਿਕਾਸ ਪੱਖੀ ਨੀਤੀਆਂ ਅੱਗੇ ਵਿਰੋਧੀ ਪਾਰਟੀਆਂ ਟਿਕ ਨਹੀਂ ਸਕੀਆਂ ਤੇ ਵਿਰੋਧੀ ਪਾਰਟੀਆਂ ਦੇ ਝੂਠੇ ਤੇ ਗੁਮਰਾਹਕੁਨ ਪ੍ਰਚਾਰ ਨੂੰ ਲੋਕਾਂ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਸਮਝ ਆ ਚੁੱਕੀ ਹੈ ਕਿ ਰਿਵਾਇਤੀ ਪਾਰਟੀਆਂ ਦੇ ਆਗੂ ਸਿਰਫ਼ ਜ਼ੁਮਲੇਬਾਜ਼ੀ ਅਤੇ ਝੂਠ ਦੀ ਰਾਜਨੀਤੀ ਕਰਦੇ ਹਨ ਜਦਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਅਤੇ ਸੂਬੇ ਦੇ ਵਿਕਾਸ ਦੀ ਗੱਲ ਕਰਦੀ ਹੈ। ਉਨ੍ਹਾਂ ਪਾਰਟੀ ਵਰਕਰਾਂ, ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕਰਦਿਆਂ ਅੱਗੇ ਕਿਹਾ ਕਿ ਮਾਨ ਸਰਕਾਰ ਵੱਲੋਂ ਹਰੇਕ ਵਰਗ ਦੇ ਹਿਤ ਵਿੱਚ ਕੀਤੇ ਕੰਮਾਂ ਤੇ ਲੋਕਾਂ ਨੇ ਮੋਹਰ ਲਗਾਈ ਹੈ ਅਤੇ ਅਗਲੇ ਸਮੇਂ ਦੌਰਾਨ ਮਾਨ ਸਰਕਾਰ ਹੋਰ ਤੇਜ਼ੀ ਨਾਲ ਸੂਬੇ ਅੰਦਰ ਵਿਕਾਸ ਕਾਰਜ ਕਰੇਗੀ।

ਸ. ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਗਰਾਫ਼ ਪੂਰੇ ਦੇਸ਼ ਵਿੱਚ ਵੱਧ ਰਿਹਾ ਹੈ ਅਤੇ ਅੱਜ ਗੁਜਰਾਤ ਸੂਬੇ ਦੀ ਵਿਸਾਵਦਰ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਆਏ ਨਤੀਜੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੋਪਾਲ ਅਟਾਲੀਆ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਪਾਰਟੀ ਦੀ ਲੁਧਿਆਣਾ ਪੱਛਮੀ ਅਤੇ ਗੁਜਰਾਤ ਵਿੱਚ ਵਿਸਾਵਦਰ ਸੀਟ ਜਿੱਤਣ ਲਈ ਸ. ਰੰਧਾਵਾ ਨੇ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜ਼ਰੀਵਾਲ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਪੰਜਾਬ ਦੇ ਪ੍ਰਭਾਰੀ ਸ੍ਰੀ ਮਨੀਸ਼ ਸਿਸ਼ੋਦੀਆ ਅਤੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਦਿੱਤੀ ਹੈ।

ਦੱਸਣਯੋਗ ਹੈ ਕਿ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ 10637  ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ ਜਦਕਿ ਕਾਂਗਰਸ ਪਾਰਟੀ ਦੂਜੇ ਨੰਬਰ, ਤੀਜੇ ਸਥਾਨ ‘ਤੇ ਭਾਜਪਾ ਅਤੇ ਚੌਥੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਰਿਹਾ ਹੈ।

Written By
The Punjab Wire