ਗੁਰਦਾਸਪੁਰ ਪੰਜਾਬ

ਬਿਆਸ ਦਰਿਆ ਅੰਦਰ ਡੁੱਬਿਆ ਕਿਸਾਨ ਦਾ ਪੁੱਤਰ- ਗੋਤਾਖੋਰਾਂ ਦੀ ਘਾਟ ਕਾਰਨ ਬਚਾਅ ਕਾਰਵਾਈ ਵਿੱਚ ਹੋਈ ਦੇਰੀ, ਪਿੰਡ ਵਾਸੀਆਂ ਵਿੱਚ ਰੋਸ

ਬਿਆਸ ਦਰਿਆ ਅੰਦਰ ਡੁੱਬਿਆ ਕਿਸਾਨ ਦਾ ਪੁੱਤਰ- ਗੋਤਾਖੋਰਾਂ ਦੀ ਘਾਟ ਕਾਰਨ ਬਚਾਅ ਕਾਰਵਾਈ ਵਿੱਚ ਹੋਈ ਦੇਰੀ, ਪਿੰਡ ਵਾਸੀਆਂ ਵਿੱਚ ਰੋਸ
  • PublishedJune 3, 2025

ਗੁਰਦਾਸਪੁਰ, 3 ਜੂਨ 2025 (ਦੀ ਪੰਜਾਬ ਵਾਇਰ)। ਥਾਣਾ ਪੁਰਾਣਾ ਸ਼ਾਲਾ ਦੇ ਅਧੀਨ ਆਉਂਦੇ ਪਿੰਡ ਚੇਚੀਆਂ ਛੋੜੀਆਂ ਵਿੱਚੋਂ ਕਿਸਾਨ ਦਾ 35 ਸਾਲਾ ਪੁੱਤਰ ਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਬਿਆਸ ਦਰਿਆ ਨੂੰ ਪਾਰ ਕਰਦਿਆਂ ਤੇਜ਼ ਪਾਣੀ ਦੇ ਵੇਗ ਵਿੱਚ ਆ ਕੇ ਡੁੱਬ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ, ਪਰ ਗੋਤਾਖੋਰਾਂ ਦੀ ਕਮੀ ਕਾਰਨ ਰਾਹਤ ਕਾਰਵਾਈ ਵਿੱਚ ਬਹੁਤ ਦੇਰੀ ਹੋਈ, ਜਿਸ ਕਾਰਨ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵਿੱਚ ਜ਼ਬਰਦਸਤ ਰੋਸ ਹੈ।

ਪਾਪੁਲਰ ਦੀ ਕਟਾਈ ਲਈ ਪਾਰ ਜਾ ਰਿਹਾ ਸੀ ਮਨਦੀਪ

ਜਾਣਕਾਰੀ ਅਨੁਸਾਰ, ਮਨਦੀਪ ਸਿੰਘ ਪਿੰਡ ਦੀ ਹੱਦ ਦੇ ਸਾਹਮਣੇ ਬਣੇ ਸੱਪਰ (ਪੁਲ ਨੁਮਾ ਰਸਤਾ) ਰਾਹੀਂ ਦਰਿਆ ਪਾਰ ਕਰਕੇ ਆਪਣੇ ਖੇਤਾਂ ਵੱਲ ਜਾ ਰਿਹਾ ਸੀ, ਜਿੱਥੇ ਪਾਪੁਲਰ ਦੇ ਦਰੱਖਤਾਂ ਦੀ ਕਟਾਈ ਚੱਲ ਰਹੀ ਸੀ। ਉਸਦੇ ਨਾਲ ਕੁਝ ਮਜ਼ਦੂਰ ਵੀ ਸਨ, ਪਰ ਪਾਣੀ ਦਾ ਵਹਾਵ ਇੰਨਾ ਤੇਜ਼ ਸੀ ਕਿ ਉਹ ਸੰਤੁਲਨ ਗਵਾ ਬੈਠਾ ਤੇ ਦਰਿਆ ’ਚ ਵਹਿ ਗਿਆ।

ਪੁਲਿਸ ਨੇ ਕੀਤੇ ਜਤਨ, ਪਰ ਗੋਤਾਖੋਰ ਨਾ ਮਿਲਣ ਕਾਰਨ ਨਤੀਜਾ ਨਹੀਂ ਨਿਕਲਿਆ

ਸਰਪੰਚ ਸਤਨਾਮ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਦੀਪ ਦੀ ਤਲਾਸ਼ ਲਈ ਪੁਲਿਸ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਮੌਕੇ ’ਤੇ ਗੋਤਾਖੋਰਾਂ ਦੀ ਟੀਮ ਨਾ ਹੋਣ ਕਾਰਨ ਕੋਈ ਸਫਲਤਾ ਨਹੀਂ ਮਿਲੀ। ਥਾਣਾ ਇੰਚਾਰਜ ਦੀਪਿਕਾ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੀਆਂ, ਪਰ ਕਈ ਘੰਟਿਆਂ ਤੱਕ ਰਾਹਤ ਟੀਮ ਜਾਂ ਗੋਤਾਖੋਰ ਨਹੀਂ ਪਹੁੰਚੇ, ਜਿਸ ਨੇ ਸਥਿਤੀ ਨੂੰ ਹੋਰ ਵੀ ਭਾਰੀ ਕਰ ਦਿੱਤਾ।

ਪਰਿਵਾਰ ਤੇ ਪਿੰਡ ਵਾਸੀਆਂ ਦਾ ਪ੍ਰਸ਼ਾਸਨ ਵਿਰੁੱਧ ਗੁੱਸਾ

ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਕਿਹਾ ਕਿ ਜੇ ਜ਼ਿਲ੍ਹਾ ਪ੍ਰਸ਼ਾਸਨ ਵਕਤ ’ਤੇ ਗੋਤਾਖੋਰਾਂ ਦੀ ਟੀਮ ਭੇਜ ਦਿੰਦਾ, ਤਾਂ ਮਨਦੀਪ ਸਿੰਘ ਦੀ ਜਾਨ ਬਚ ਸਕਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਹਮੇਸ਼ਾ ਦੀ ਤਰ੍ਹਾਂ ਪ੍ਰਸ਼ਾਸਨ ਦੀ ਲਾਪਰਵਾਹੀ ਨੇ ਇੱਕ ਹੋਰ ਪਰਿਵਾਰ ਨੂੰ ਦੁੱਖਾਂ ਵਿੱਚ ਧੱਕ ਦਿੱਤਾ।

Written By
The Punjab Wire