ਗੁਰਦਾਸਪੁਰ, 3 ਜੂਨ 2025 (ਦੀ ਪੰਜਾਬ ਵਾਇਰ) – ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਅੰਤਰਰਾਸ਼ਟਰੀ ਪੱਧਰ ‘ਤੇ “ਨੋ ਵਾਰ ਜ਼ੋਨ” (No-War Zone) ਘੋਸ਼ਿਤ ਕੀਤਾ ਜਾਵੇ।
ਸੰਸਦ ਮੈਂਬਰ ਨੇ ਲਿਖਿਆ ਕਿ,
“ਸ੍ਰੀ ਹਰਿਮੰਦਰ ਸਾਹਿਬ ਕੋਈ ਆਮ ਧਾਰਮਿਕ ਥਾਂ ਨਹੀਂ, ਸਗੋਂ ਸਿੱਖੀ ਦੀ ਰੂਹ ਅਤੇ ਪੂਰੇ ਵਿਸ਼ਵ ਲਈ ਅਮਨ, ਪਿਆਰ ਤੇ ਇਕਤਾ ਦਾ ਚਾਨਣ ਮੁਨਾਰਾ ਹੈ।“
ਉਨ੍ਹਾਂ ਨੇ ਕਿਹਾ ਕਿ ਜਿਵੇਂ ਵੈਟੀਕਨ ਸਿਟੀ ਨੂੰ ਵਿਸ਼ਵ ਪੱਧਰੀ ਸੁਰੱਖਿਆ ਮਿਲੀ ਹੋਈ ਹੈ, ਉਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰੂਹਾਨੀ ਮਹੱਤਤਾ ਨੂੰ ਮਨਵਾਉਂਦਿਆਂ ਉਨ੍ਹਾਂ ਲਈ ਵਿਸ਼ਵ ਪੱਧਰੀ ਸੁਰੱਖਿਆ ਢਾਂਚਾ ਵਿਕਸਿਤ ਕੀਤਾ ਜਾਵੇ।
ਇੰਡੋ-ਪਾਕ ਤਣਾਅ ਅਤੇ ਸ੍ਰੀ ਅੰਮ੍ਰਿਤਸਰ ਦੀ ਭੂਗੋਲਿਕ ਸੰਵੇਦਨਸ਼ੀਲਤਾ ਉਤੇ ਚਿੰਤਾ
ਪੱਤਰ ਵਿੱਚ ਉਨ੍ਹਾਂ ਨੇ ਹਾਲੀਆ ਭਾਰਤ-ਪਾਕਿਸਤਾਨ ਤਣਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਦੀ ਸਰਹੱਦੀ ਨੇੜਤਾ, ਸੰਘਰਸ਼ ਸਮੇਂ ਇਨ੍ਹਾਂ ਪਵਿੱਤਰ ਸਥਾਨਾਂ ਲਈ ਖਤਰੇ ਦਾ ਕਾਰਨ ਬਣ ਸਕਦੀ ਹੈ।
“ਇਹ ਅਪੀਲ ਕਿਸੇ ਰਾਜਨੀਤਕ ਖੇਤਰ ਅਧਿਕਾਰ ਦੀ ਮੰਗ ਨਹੀਂ, ਸਗੋਂ ਵਿਸ਼ਵ ਪੱਧਰ ’ਤੇ ਇੱਕ ਆਤਮਿਕ ਕੇਂਦਰ ਦੀ ਸੁਰੱਖਿਆ ਲਈ ਇੱਕ ਨੈਤਿਕ ਅਰਜ਼ੀ ਹੈ।“
“ਸਰਬੱਤ ਦਾ ਭਲਾ” ਦੇ ਸੰਦੇਸ਼ ਦੀ ਵਿਸ਼ਵ ਪੱਧਰ ਤੇ ਲੋੜ
ਸੁਖਜਿੰਦਰ ਰੰਧਾਵਾ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਜਿਵੇਂ ਦੁਨੀਆ ਭਰ ਵਿੱਚ ਹਿੰਸਾ ਅਤੇ ਤਣਾਅ ਵੱਧ ਰਹੇ ਹਨ, ਉਹਵੇਲੇ ਸਿੱਖ ਧਰਮ ਦਾ “ਸਰਬੱਤ ਦਾ ਭਲਾ” ਵਾਲਾ ਸੰਦੇਸ਼ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਿੱਖ ਭਾਈਚਾਰੇ ਅਤੇ ਸਿਵਲ ਸਮਾਜ ਵੱਲੋਂ ਉਠਾਈ ਗਈ ਇਹ ਚਿੰਤਾ, ਹੁਣ ਇੱਕ ਅੰਤਰਰਾਸ਼ਟਰੀ ਚਰਚਾ ਅਤੇ ਕਾਨੂੰਨੀ ਰਾਹਤ ਦੀ ਮੰਗ ਕਰ ਰਹੀ ਹੈ।