ਪੰਜਾਬ ਭਾਜਪਾ ਦੀ ਕਾਰਜਕਾਰਨੀ ਨੇ ਸੰਗਰੂਰ ਵਿੱਚ ਘੜ੍ਹੀ ਜਥੇਬੰਦਕ ਤੇ ਭਵਿੱਖ ਦੀ ਰਣਨੀਤੀ
ਪੰਜਾਬ ਸਰਕਾਰ ਦੀਆਂ ਨਾਕਾਮੀਆਂ, ਨਸ਼ਾ, ਗੈਂਗਸਟਰਵਾਦ, ਭ੍ਰਿਸ਼ਟਾਚਾਰ ਤੇ ਮਾੜੀ ਕਾਨੂੰਨ ਵਿਵਸਥਾ ਦੀ ਨਿਖੇਧੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 25 ਸਾਲਾ ਜਨਸੇਵਾ ਸਫ਼ਰ ਸਬੰਧੀ ਪ੍ਰਸ਼ੰਸ਼ਾ ਮਤਾ
ਸੰਗਰੂਰ/ ਚੰਡੀਗੜ੍ਹ, 16 ਅਕਤੂਬਰ 2026 (ਦੀ ਪੰਜਾਬ ਵਾਇਰ )- ਪੰਜਾਬ ਭਾਜਪਾ ਦੀ ਸੂਬਾ ਕਾਰਜਕਾਰਨੀ ਦੀ ਅੱਜ ਸੰਗਰੂਰ ਵਿੱਚ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ । ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਸ਼ਿਆਂ, ਗੈਂਗਸਟਰਵਾਦ, ਭ੍ਰਿਸ਼ਟਾਚਾਰ ਅਤੇ ਵਿਗੜਦੀ ਕਾਨੂੰਨ-ਵਿਵਸਥਾ ਕਾਰਨ ਆਮ ਲੋਕਾਂ, ਵਪਾਰੀਆਂ, ਮੁਲਾਜ਼ਮਾਂ ਅਤੇ ਨੌਜਵਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਵਿੱਚ ਭਜਾਪਾ ਦੀ ਡਬਲ ਇੰਜਨ ਸਰਕਾਰ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਭਾਜਪਾ ਹੀ ਦੇ ਸਕਦੀ ਹੈ। ਇਸ ਲਈ ਕਾਰਜਕਾਰਨੀ ਦੀ ਬੈਠਕ ਦਾ ਮੁੱਖ ਕੇਂਦਰ ਬਿੰਦੂ ਜਿੱਥੇ ਪਾਰਟੀ ਦੀ ਜਥੇਬੰਦਕ ਤੇ ਭਵਿੱਖੀ ਰਣਨੀਤੀ ਉੱਤੇ ਵਿਚਾਰ ਕਰਨਾ ਸੀ, ਉੱਥੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਦੀ ਚਾਰਜਸ਼ੀਟ ਵੀ ਪੇਸ਼ ਕਰਨਾ ਸੀ।
ਮੋਦੀ ਦੀ ਜਨਸੇਵਾ ਦੇ 25 ਸਾਲ
ਢਿੱਲੋਂ ਨੇ ਦੱਸਿਆ ਕਿ ਜਿੱਥੇ ਮੀਟਿੰਗ ਦੌਰਾਨ 2027 ਦੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਉੱਥੇ ਮੰਥਨ ਕੀਤਾ ਗਿਆ, ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨ-ਸੇਵਾ (ਬਤੌਰ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ) ਦੇ 25 ਸਾਲ ਪੂਰੇ ਹੋਣ ਉੱਤੇ ਪ੍ਰਸ਼ੰਸ਼ਾ ਮਤਾ ਪਾਸ ਕੀਤਾ ਗਿਆ।
ਬੈਠਕ ਦੀ ਸ਼ੁਰੂਆਤ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋ ਨੇ ਪਾਰਟੀ ਦਾ ਝੰਡਾ ਲਹਿਰਾ ਕੇ ਕੀਤੀ, ਜਦਕਿ ਉਦਘਾਟਨੀ ਸੈਸ਼ਨ ਦੌਰਾਨ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਸੇਵਾ ਦੇ 25 ਸਾਲਾ ਸਫ਼ਰ ਉੱਤੇ ਚਰਚਾ ਦੀ ਸ਼ੁਰੂਆਤ ਕੀਤੀ ਅਤੇ ਧੰਨਵਾਦੀ ਤੇ ਪ੍ਰਸ਼ੰਸ਼ਾ ਮਤਾ ਪੇਸ਼ ਕੀਤਾ। ਇਸ ਮਤੇ ਉੱਤੇ ਹੋਈ ਚਰਚਾ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ, ਵਿਧਾਇਕ ਅਤੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਰਵੀਂ ਸ਼ਮੂਲੀਅਤ ਕੀਤੀ, ਇਸ ਤੋਂ ਬਾਅਦ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ।
ਜਥੇਬੰਦਕ ਅਤੇ ਭਵਿੱਖੀ ਰਣਨੀਤੀ
ਮੀਟਿੰਗ ਦਾ ਇੱਕ ਪ੍ਰਮੁੱਖ ਸੈਸ਼ਨ ‘ਆਰਗੇਨਾਈਜ਼ੇਸ਼ਨ ਅਤੇ ਫਿਊਚਰ ਪਲਾਨ’ ’ਤੇ ਕੇਂਦਰਿਤ ਰਿਹਾ। ਜਿਸ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਰਾਜ ਸਭਾ ਮੈਂਬਰ ਡਾ. ਸਤੀਸ਼ ਪੂਨੀਆ ਨੇ ਸੰਬੋਧਨ ਕੀਤਾ। ਇਸ ਸੈਸ਼ਨ ਵਿੱਚ ਸੂਬਾ ਜਨਰਲ ਸਕੱਤਰ ਸੰਗਠਨ ਸ੍ਰੀ ਮੰਤਰੀ ਸ੍ਰੀਨਿਵਾਸੁਲੂ ਨੇ ਸੰਗਠਨ ਦੀ ਮਜ਼ਬੂਤੀ, ਆਗਾਮੀ ਪ੍ਰੋਗਰਾਮਾਂ ਅਤੇ ਭਵਿੱਖ ਦੀ ਰਣਨੀਤੀ ਬਾਰੇ ਦੱਸਿਆ। ਇਸ ਤੋਂ ਬਾਅਦ ਸੂਬਾ ਸਹਿ-ਇੰਚਾਰਜ ਸ੍ਰੀ ਵੀਰੇਂਦਰ ਸਚਦੇਵਾ, ਸੂਬਾ ਸਹਿ-ਇੰਚਾਰਜ ਅਤੇ ਰਾਜ ਸਭਾ ਮੈਂਬਰ ਸ੍ਰੀਮਤੀ ਅਲਕਾ ਗੁਰਜਰ ਵੀ ਸੰਬੋਧਨ ਕੀਤਾ।
ਨਸ਼ਾ ਮੁਕਤ ਪੰਜਾਬ ਯਾਤਰਾ ਤੇ ‘ਆਪ’ ਸਰਕਾਰ ਦੀਆਂ ਨਾਕਾਮੀਆਂ
‘ਪੰਜਾਬ ਸਰਕਾਰ ਦੀਆਂ ਨਾਕਾਮੀਆਂ’ ਵਿਸ਼ੇ ’ਤੇ ਬੋਲਦਿਆਂ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ, ਸਾਬਕਾ ਸੂਬਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਅਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਸਰਕਾਰ ਨੂੰ ਹਰ ਫਰੰਟ ਉੱਤੇ ਫੇਲ੍ਹ ਕਰਾਰ ਦਿੱਤਾ।
ਇਸ ਦੌਰਾਨ ਮੀਟਿੰਗ ਵਿੱਚ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਸਮੀਖਿਆ ਕੀਤੀ ਗਈ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਹੋਈ। ਇਸ ਦੇ ਨਾਲ ਹੀ ‘ਸੇਵਾ ਸੰਕਲਪ ਅਭਿਆਨ’ ਬਾਰੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਅਤੇ ਸੂਬਾ ਜਨਰਲ ਸਕੱਤਰ ਰਜਨੀਸ਼ ਧੀਮਾਨ ਨੇ ਵਿਸਥਾਰ ਨਾਲ ਚਰਚਾ ਕੀਤੀ।
‘ਆਪ’ ਖਿਲਾਫ਼ ਚਾਰਜਸ਼ੀਟ ਅਤੇ ਭਾਜਪਾ ਦਾ ਮੈਨੀਫੈਸਟੋ
ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਤਿਆਰ ਕੀਤੀ ਗਈ ਚਾਰਜਸ਼ੀਟ ਬਾਰੇ ਰਾਜ ਸਭਾ ਮੈਂਬਰ ਸ੍ਰੀ ਸੰਦੀਪ ਪਾਠਕ ਨੇ ਚਰਚਾ ਕੀਤੀ, ਜਦਕਿ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਪਾਰਟੀ ਦੇ ਚੋਣ ਮੈਨੀਫੈਸਟੋ ਨਾਲ ਸਬੰਧਤ ਵਿਸ਼ਿਆਂ ’ਤੇ ਜਾਣਕਾਰੀ ਸਾਂਝੀ ਕੀਤੀ ।
ਦਿਨ ਭਰ ਚੱਲੀ ਇਸ ਮੀਟਿੰਗ ਵਿੱਚ ਸੰਗਠਨਾਤਮਕ ਸਮੀਖਿਆ, ਲੋਕ-ਹਿੱਤ ਦੇ ਮੁੱਦਿਆਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਅੰਤ ਵਿੱਚ ਸੂਬਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਦੇ ਸੰਬੋਧਨ ਨਾਲ ਮੀਟਿੰਗ ਦੀ ਸਮਾਪਤੀ ਹੋਈ।