ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਿੱਲੀ ਪੁਲਿਸ ਵਲੋ ਕੀਤੀ ਮਰਿਯਾਦਾ ਦੀ ਉਲੰਘਣਾ ਦਾ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ – ਸਰਦਾਰ ਮਨਪ੍ਰੀਤ ਸਿੰਘ ਇਯਾਲੀ
ਮਰਿਯਾਦਾ ਵਿੱਚ ਰਹਿ ਕੇ ਗੁਰੂ ਘਰ ਦਾ ਆਸਰਾ ਲੈਣ ਵਾਲੇ ਹਰ ਮਜ਼ਲੂਮ ਦੀ ਰੱਖਿਆ ਕਰਨਾ ਸਿੱਖ ਕੌਮ ਦਾ ਫਰਜ਼ ਪਰ ਗੁਰੂ ਘਰ ਦੀ ਹਦੂਦ ਅੰਦਰ ਨਾਅਰੇਬਾਜ਼ੀ ਕਰਨਾ ਮੰਦਭਾਗਾ
ਮੁੱਲਾਂਪੁਰ ਦਾਖਾ, 12 ਅਕਤੂਬਰ 2026 (ਦੀ ਪੰਜਾਬ ਵਾਇਰ)– ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਤੋਂ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੀ ਹਦੂਦ ਅੰਦਰ ਦਿੱਲੀ ਪੁਲਿਸ ਕੀਤੀ ਗਈ ਮਰਿਯਾਦਾ ਦੀ ਉਲੰਘਣਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸਰਦਾਰ ਇਯਾਲੀ ਨੇ ਕਿਹਾ ਕਿ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਨੂੰ ਲੈਕੇ ਦੇਸ਼ ਦੇ ਨੌਜਵਾਨਾਂ ਵਲੋਂ ਜੰਤਰ ਮੰਤਰ ਉਪਰ ਕੀਤੇ ਪ੍ਰਦਰਸ਼ਨ ਨੂੰ ਰੋਕਣ ਲਈ ਅਤੇ ਨੌਜਵਾਨਾਂ ਗ੍ਰਿਫਤਾਰ ਕਰਨ ਲਈ ਦਿੱਲੀ ਪੁਲਿਸ ਦੇ ਜਵਾਨਾਂ ਦਾ ਨੰਗੇ ਸਿਰ ਅਤੇ ਜੋੜਿਆਂ ਸਮੇਤ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਜਾਣਾ ਸਿੱਖ ਮਰਿਯਾਦਾ ਦੀ ਵੱਡੀ ਉਲੰਘਣਾ ਹੈ, ਦੇਸ਼ ਵਿਦੇਸ਼ ਵਿੱਚ ਵਸਦਾ ਅੱਜ ਹਰ ਸਿੱਖ ਦਿੱਲੀ ਪੁਲਿਸ ਦੀ ਇਸ ਗੈਰ ਜ਼ਿਮੇਵਾਰਨਾ ਕਰਵਾਈ ਤੋ ਪੂਰੀ ਤਰਾਂ ਹਤਾਸ਼ ਹੈ।
ਸਰਦਾਰ ਇਯਾਲੀ ਨੇ ਕਿਹਾ ਕਿ, ਪਿਛਲੇ ਦੋ ਦਿਨ ਤੋਂ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਉਪਰ ਦਿੱਲੀ ਪੁਲਿਸ ਦੇ ਜਵਾਨਾਂ ਦੀਆਂ ਗੁਰੂ ਘਰ ਵੜਨ ਦੀਆਂ ਜਿਸ ਤਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਉਸ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਚੁੱਪੀ ਬੜਾ ਕੁਝ ਬਿਆਨ ਕਰਦੀ ਹੈ। ਅੱਜ ਸਮੁੱਚੀ ਸਿੱਖ ਕੌਮ ਦਿੱਲੀ ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰ ਰਹੀ ਹੈ ਜਦੋਂ ਕਿ ਕੇਂਦਰੀ ਗ੍ਰਹਿ ਮੰਤਰਾਲਾ, ਜਿਸ ਦੇ ਅਧੀਨ ਦਿੱਲੀ ਪੁਲਿਸ ਹੈ, ਉਸ ਦਾ ਬਿਆਨ ਤੱਕ ਨਾ ਆਉਣਾ, ਸਮਝ ਆਉਂਦੀ ਹੈ ਕਿ, ਮਰਿਯਾਦਾ ਦੇ ਘਾਣ ਤੇ ਵੀ ਕੇਂਦਰ ਸਰਕਾਰ ਜਾਣਬੁੱਝ ਕੇ ਅਜਿਹੇ ਹਾਲਾਤ ਪੈਦਾ ਕਰ ਰਹੀ ਹੈ
ਇਸ ਦੇ ਨਾਲ ਹੀ ਸਰਦਾਰ ਇਯਾਲੀ ਨੇ ਬੜੀ ਸਪੱਸ਼ਟਤਾ ਨਾਲ ਕਿਹਾ ਕਿ,ਸਾਡੇ ਗੁਰੂ ਘਰ ਮਜ਼ਲੂਮਾਂ ਦੀ ਹਮੇਸ਼ਾ ਰੱਖਿਆ ਕਰਦੇ ਆਏ ਹਨ, ਹਮੇਸ਼ਾ ਹੀ ਮਜ਼ਲੂਮ ਗੁਰੂ ਘਰ ਦੀ ਸ਼ਰਨ ਵਿੱਚ ਆਉਂਦੇ ਰਹੇ ਹਨ। ਗੁਰੂ ਘਰਾਂ ਦੀ ਆਪਣੀ ਮਰਿਯਾਦਾ ਹੈ। ਕੋਈ ਵੀ ਮਜ਼ਲੂਮ ਲੋੜਵੰਦ ਜੇਕਰ ਗੁਰੂ ਘਰਾਂ ਦੀ ਮਰਿਯਾਦਾ ਵਿੱਚ ਰਹਿ ਕੇ ਸ਼ਰਨ ਵਿੱਚ ਆਉਂਦਾ ਹੈ ਤਾਂ ਸਿੱਖ ਕੌਮ ਦਾ ਫਰਜ਼ ਬਣਦਾ ਹੈ ਕਿ ਉਸ ਦੇ ਜਾਨ ਮਾਲ ਦੀ ਪੂਰੀ ਤਰਾਂ ਹਿਫ਼ਾਜ਼ਤ ਕੀਤੀ ਜਾਵੇ। ਜਰੂਰਤਮੰਦ ਅਤੇ ਮਜ਼ਲੂਮ ਦੀ ਦੇ ਰਹਿਣ ਤੋ ਲੈਕੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ ਸਿੱਖੀ ਰਿਵਾਇਤਾਂ ਅਨੁਸਾਰ ਫਰਜ਼ ਅਤੇ ਜ਼ਿੰਮੇਵਾਰੀ ਹੈ।
ਸਰਦਾਰ ਇਯਾਲੀ ਨੇ ਕਿਹਾ ਕਿ, ਗੁਰੂ ਘਰ ਦੀ ਹਦੂਦ ਅੰਦਰ ਕਿਸੇ ਵੀ ਤਰਾਂ ਦੀ ਨਾਅਰੇਬਾਜ਼ੀ ਕਰਨਾ ਵੀ ਸਿੱਖ ਪਰੰਪਰਾ ਅਤੇ ਮਰਿਯਾਦਾ ਦੀ ਉਲੰਘਣਾ ਹੈ। ਸਰਦਾਰ ਇਯਾਲੀ ਨੇ ਪ੍ਰਦਰਸ਼ਨਕਾਰੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ, ਓਹ ਜਜ਼ਬਾਤ ਵਿੱਚ ਆ ਕੇ ਕਿਸੇ ਤਰਾਂ ਗੁਰੂ ਘਰਾਂ ਦੀ ਮਰਿਯਾਦਾ ਦੀ ਉਲੰਘਣਾ ਵਿੱਚ ਨਾ ਪੈਣ, ਅੱਜ ਪੂਰਾ ਪੰਜਾਬ ਅਤੇ ਸਿੱਖ ਕੌਮ ਆਪਣੇ ਹੱਕਾਂ ਅਤੇ ਅਧਿਕਾਰਾਂ ਦੀ ਰਾਖੀ ਕਰਨ ਲਈ ਲੜਨ ਵਾਲੇ ਨੌਜਵਾਨਾਂ ਦੇ ਨਾਲ ਖੜੀ ਹੈ।