ਅੰਮ੍ਰਿਤਸਰ, 21 ਮਈ 2025 (ਦੀ ਪੰਜਾਬ ਵਾਇਰ): ਭਾਰਤ-ਪਾਕਿ ਸਰਹੱਦੀ ਤਣਾਅ ਦੇ ਮਾਹੌਲ ਵਿਚ ਜਿੱਥੇ ਦੋਹਾਂ ਦੇ ਰਿਸ਼ਤੇ ਖਿੰਚਾਅ ਵਾਲੀ ਹੱਦ ਤੱਕ ਪਹੁੰਚੇ ਹੋਏ ਹਨ, ਉੱਥੇ ਬੀਐਸਐਫ਼ ਦੇ ਚੌਕਸ ਜਵਾਨ ਹਰ ਪਲ ਸਰਹੱਦ ਦੀ ਰਾਖੀ ‘ਚ ਜੁਟੇ ਹੋਏ ਨੇ। ਬੀਤੀ ਸ਼ਾਮ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕਰੀਮਪੁਰਾ ਨੇੜੇ ਇਕ ਪਾਕਿਸਤਾਨੀ ਨਾਗਰਿਕ ਨੂੰ ਭਾਰਤੀ ਹੱਦ ਵਿੱਚ ਘੁਸਦੇ ਹੋਏ ਬੀਐਸਐਫ਼ ਨੇ ਫੜ ਲਿਆ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੀਐਸਐਫ਼ ਦੇ ਜਵਾਨਾਂ ਨੇ ਸਰਹੱਦ ‘ਤੇ ਸ਼ੱਕੀ ਹਿਲਜੁਲ ਵੇਖੀ। ਵਿਅਕਤੀ ਨੇ ਅੰਤਰਰਾਸ਼ਟਰੀ ਸਰਹੱਦ (IB) ਲੰਘ ਕੇ ਭਾਰਤੀ ਇਲਾਕੇ ਵੱਲ ਰੁਖ ਕੀਤਾ ਸੀ। ਬੀਐਸਐਫ਼ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਰੋਕਿਆ ਤੇ ਕਾਬੂ ਕਰ ਲਿਆ।

ਉਕਤ ਵਿਅਕਤੀ ਨੇ ਆਪਣੀ ਪਛਾਣ ਪਾਕਿਸਤਾਨੀ ਨਾਗਰਿਕ ਵਜੋਂ ਦੱਸਦੇ ਹੋਏ ਕਿਹਾ ਕਿ ਉਹ ਕਿਸੇ ਗਲਤੀ ਕਰਕੇ ਆ ਗਿਆ। ਪਰ ਉੱਦੇ ਕੋਲੋਂ 330 ਰੁਪਏ ਪਾਕਿਸਤਾਨੀ ਕਰੰਸੀ ਵੀ ਮਿਲੀ, ਜਿਸ ਨੇ ਪੁੱਛਗਿੱਛ ਨੂੰ ਹੋਰ ਗੰਭੀਰ ਬਣਾਇਆ। ਬੀਐਸਐਫ਼ ਅਤੇ ਹੋਰ ਖੁਫੀਆ ਏਜੰਸੀਆਂ ਵੱਲੋਂ ਸ਼ੁਰੂਆਤੀ ਜਾਂਚ ਮਗਰੋਂ, ਉਸਨੂੰ ਅਗਲੇ ਪੜਾਅ ਲਈ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਬੀਐਸਐਫ਼ ਦੀ ਸੂਝਬੂਝ, ਤੁਰੰਤ ਕਾਰਵਾਈ ਅਤੇ ਸਰਹੱਦ ਦੀ ਚੌਕਸੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਭਾਰਤੀ ਸਰਹੱਦਾਂ ਸੁਰੱਖਿਅਤ ਹਨ।