ਗੁਰਦਾਸਪੁਰ, 21 ਮਈ 2025 (ਦੀ ਪੰਜਾਬ ਵਾਇਰ) — ਜ਼ਿਲ੍ਹਾ ਮਾਈਨਿੰਗ ਵਿਭਾਗ ਅਤੇ ਪੁਲਿਸ ਵਲੋਂ ਸਾਂਝੀ ਕਾਰਵਾਈ ਕਰਦਿਆਂ ਕਲਾਨੌਰ ਇਲਾਕੇ ਦੇ ਪਿੰਡ ਭਗਵਾ ’ਚ ਗ਼ੈਰਕਾਨੂੰਨੀ ਢੰਗ ਨਾਲ ਮਿੱਟੀ ਖੁਦਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਮੌਕੇ ਤੋਂ JCB ਮਸ਼ੀਨ, ਟਰੈਕਟਰ ਅਤੇ ਟਰਾਲੀ ਵੀ ਜ਼ਬਤ ਕੀਤੀ ਗਈ।
ਕਲਾਨੌਰ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ਼ਆਈ.ਆਰ ਅਨੁਸਾਰ ਮਾਈਨਿੰਗ ਇੰਸਪੈਕਟਰ ਮਨਿੰਦਰਪਾਲ ਸਿੰਘ (ਜਲ ਵਿਕਾਸ ਉਪ-ਮੰਡਲ ਨੰਬਰ XI, ਗੁਰਦਾਸਪੁਰ) ਵੱਲੋਂ 20 ਮਈ 2025 ਨੂੰ ਪਿੰਡ ਭਗਵਾ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਇਹ ਦੇਖਿਆ ਗਿਆ ਕਿ ਪਿੰਡ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਮਿੱਟੀ ਦੀ ਖੁਦਾਈ ਚੱਲ ਰਹੀ ਸੀ। ਇਸ ਸੰਬੰਧੀ ਥਾਣਾ ਕਲਾਨੌਰ ਨੂੰ ਇਤਲਾਅ ਦਿੱਤੀ ਗਈ।
ਇਤਲਾਅ ਮਿਲਣ ’ਤੇ SI ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ। ਉੱਥੇ ਇੱਕ JCB, ਇੱਕ ਸਨਾਲੀਕਾ ਟਰੈਕਟਰ ਅਤੇ ਇੱਕ ਟਰਾਲੀ ਜਿਸ ਵਿੱਚ ਮਿੱਟੀ ਭਰੀ ਹੋਈ ਸੀ, ਕਬਜ਼ੇ ’ਚ ਲਏ ਗਏ।
ਪੁਲਿਸ ਨੇ ਮੌਕੇ ‘ਤੇ ਹੀ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ:
- ਸਰਪਰੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਕਿਹੜਾ ਕੋਟਲੀ, ਥਾਣਾ ਕਲਾਨੌਰ
- ਮਨਦੀਪ ਸਿੰਘ ਪੁੱਤਰ ਝਿਰਮਲ ਸਿੰਘ ਵਾਸੀ ਪਿੰਡ ਭੋਪਰ ਸੈਦਾ, ਥਾਣਾ ਸਦਰ
ਦੋਵਾਂ ਮੁਲਜ਼ਮਾਂ ਵਿਰੁੱਧ ਮਾਈਨਜ਼ ਐਂਡ ਮਿਨਰਲਜ਼ ਡਿਵੈਲਪਮੈਂਟ ਐਕਟ, 1957 ਦੀ ਧਾਰਾ 21(1) ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਤਫਤੀਸ਼ ਜਾਰੀ ਹੈ।