Close

Recent Posts

ਪੰਜਾਬ

ਸੁਖਜਿੰਦਰ ਰੰਧਾਵਾ ਨੇ ਸਰਹੱਦ, ਨਸ਼ਿਆਂ ਅਤੇ ਗੈਂਗਸਟਰਵਾਦ ਦੇ ਸਵਾਲਾਂ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਿਆ

ਸੁਖਜਿੰਦਰ ਰੰਧਾਵਾ ਨੇ ਸਰਹੱਦ, ਨਸ਼ਿਆਂ ਅਤੇ ਗੈਂਗਸਟਰਵਾਦ ਦੇ ਸਵਾਲਾਂ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਿਆ
  • PublishedSeptember 30, 2026

ਇੱਕ ਹੋਰ ਵਾਅਦਾ, ਇੱਕ ਹੋਰ ਡੈੱਡਲਾਈਨ ਦੇਣ ਤੋਂ ਪਹਿਲਾਂ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਨਸ਼ਿਆਂ ਦੀ ਤਸਕਰੀ ਦਾ ਹਿਸਾਬ ਦੇਵੇ ਕੇਂਦਰ: ਰੰਧਾਵਾ

ਰੰਧਾਵਾ ਨੇ ਕਿਹਾ-ਮੇਰੀਆਂ ਚਿੱਠੀਆਂ ਦਾ ਜਵਾਬ ਤਾਂ ਦਿੱਤਾ ਨਹੀਂ, ਅੱਜ ਪੰਜਾਬ ਵਿੱਚ ਹਨ ਤਾਂ ਪੰਜਾਬ ਦੇ ਸਵਾਲਾਂ ਤੋਂ ਨਾ ਭੱਜਣ

ਜੇ ਪੰਜਾਬ ਦੌਰਾ ਸਿਰਫ਼ ਸਿਆਸੀ ਹੈ ਤਾਂ ਮੇਰੀ ਵੱਲੋਂ ਤੁਹਾਨੂੰ ਸੁਖਦ ਯਾਤਰਾ ਦੀਆਂ ਸ਼ੁਭਕਾਮਨਾਵਾਂ: ਰੰਧਾਵਾ

ਚੰਡੀਗੜ੍ਹ, 30 ਸਤੰਬਰ, 2026 (ਦੀ ਪੰਜਾਬ ਵਾਇਰ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਲੰਧਰ ਦੌਰੇ ’ਤੇ ਸਵਾਲਾਂ ਦੀ ਬੌਛਾਰ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਬੈਠ ਕੇ ਪੰਜਾਬ ਦੇ ਗੰਭੀਰ ਮੁੱਦਿਆਂ ਸਬੰਧੀ ਉਨ੍ਹਾਂ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਦਾ ਜਵਾਬ ਨਹੀਂ ਦਿੱਤਾ ਗਿਆ, ਪਰ ਅੱਜ ਅਮਿਤ ਸ਼ਾਹ ਖੁਦ ਪੰਜਾਬ ਆਏ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਸਿਆਸੀ ਭਾਸ਼ਣ ਦੇਣ ਤੋਂ ਪਹਿਲਾਂ ਪੰਜਾਬ ਦੀ ਜਨਤਾ ਦੇ ਉਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ, ਜੋ ਲੰਮੇ ਸਮੇਂ ਤੋਂ ਅਣਸੁਲਝੇ ਹਨ।

ਪੰਜਾਬ ਨੂੰ 31 ਦਸੰਬਰ 2029 ਤੱਕ ਨਸ਼ਾ ਮੁਕਤ ਕਰਨ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੀ ਗਈ ਡੈੱਡਲਾਈਨ ’ਤੇ ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਇੱਕ ਹੋਰ ਵਾਅਦੇ ਜਾਂ ਡੈੱਡਲਾਈਨ ਦੀ ਲੋੜ ਨਹੀਂ ਹੈ। ਨਵੀਂ ਡੈੱਡਲਾਈਨ ਦੇਣ ਤੋਂ ਪਹਿਲਾਂ ਕੇਂਦਰ ਨੂੰ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਬਰਾਮਦਗੀ ਬਾਰੇ ਵੀ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ। ਸਰਕਾਰੀ ਰਿਕਾਰਡ ਮੁਤਾਬਕ, ਗੁਜਰਾਤ ਦੇ ਮੁੰਦਰਾ ਪੋਰਟ ’ਤੇ 2021 ਵਿੱਚ 2,988 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੀ ਬਰਾਮਦਗੀ ਹੋਈ ਸੀ, ਜਦਕਿ ਕਾਂਡਲਾ ਪੋਰਟ ’ਤੇ 205.6 ਕਿਲੋਗ੍ਰਾਮ ਹੈਰੋਇਨ ਅਤੇ ਪਿਪਾਵਾਵ ਵਿੱਚ ਹੈਰੋਇਨ-ਲਪੇਟੇ ਧਾਗੇ ਦੀ ਖੇਪ ਫੜੀ ਗਈ ਸੀ। ਮਹਾਰਾਸ਼ਟਰ ਦੇ ਨ੍ਹਾਵਾ ਸ਼ੇਵਾ ਪੋਰਟ ’ਤੇ ਵੀ 293 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਦਰਜ ਹੋਈ ਸੀ।

ਰੰਧਾਵਾ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ‘ਨਸ਼ਾ ਮੁਕਤ ਪੰਜਾਬ’ ਦੇ ਨਾਮ ’ਤੇ ਯਾਤਰਾ ਕੱਢ ਰਹੀ ਹੈ, ਪਰ ਪੰਜਾਬ ਨੂੰ ਨਾਅਰਿਆਂ ਅਤੇ ਯਾਤਰਾਵਾਂ ਤੋਂ ਵੱਧ ਜ਼ਮੀਨੀ ਪੱਧਰ ’ਤੇ ਕਾਰਵਾਈ ਅਤੇ ਨਤੀਜਿਆਂ ਦੀ ਲੋੜ ਹੈ। ਕੇਂਦਰੀ ਗ੍ਰਹਿ ਮੰਤਰੀ ਨੂੰ ਪੰਜਾਬ ਆ ਕੇ ਇਹ ਦੱਸਣਾ ਚਾਹੀਦਾ ਹੈ ਕਿ ਸਰਹੱਦ ਪਾਰੋਂ ਆਉਣ ਵਾਲੇ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਕੇਂਦਰ ਨੇ ਹੁਣ ਤੱਕ ਕੀ ਕੀਤਾ ਹੈ ਅਤੇ ਅੱਗੇ ਕੀ ਕਰਨ ਜਾ ਰਿਹਾ ਹੈ।

ਰੰਧਾਵਾ ਨੇ ਕਿਹਾ ਕਿ ਜੇ ਅਮਿਤ ਸ਼ਾਹ ਵਾਕਈ ਪੰਜਾਬ ਦੇ ਹਿੱਤੈਸ਼ੀ ਹਨ ਤਾਂ ਸਖ਼ਤ ਕਦਮ ਚੁੱਕਣ, ਸਰਹੱਦ ’ਤੇ ਸਪਲਾਈ ਲਾਈਨ ਤੋੜਨ, ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਨੂੰ ਭਾਰਤ ਲਿਆਉਣ ਅਤੇ ਪੰਜਾਬ ਨੂੰ ਨਤੀਜੇ ਦੇਣ। ਪਰ ਜੇ ਪੰਜਾਬ ਆਉਣਾ ਸਿਰਫ਼ ਸਿਆਸੀ ਦੌਰੇ ਅਤੇ ਭਾਸ਼ਣਾਂ ਤੱਕ ਸੀਮਿਤ ਹੈ ਤਾਂ ਮੇਰੀ ਵੱਲੋਂ ਤੁਹਾਨੂੰ ਤੁਹਾਡੀ ਸੁਖਦ ਯਾਤਰਾ ਦੀਆਂ ਸ਼ੁਭਕਾਮਨਾਵਾਂ ਹਨ।

ਅਮਿਤ ਸ਼ਾਹ ਤੋਂ ਰੰਧਾਵਾ ਨੇ ਮੰਗੇ ਇਨ੍ਹਾਂ ਸਵਾਲਾਂ ਦੇ ਜਵਾਬ

-ਜਦੋਂ ਅੰਤਰਰਾਸ਼ਟਰੀ ਸਰਹੱਦ ਦੀ ਸੁਰੱਖਿਆ BSF ਦੇ ਜ਼ਿੰਮੇ ਹੈ ਤਾਂ ਸਰਹੱਦ ਪਾਰੋਂ ਡਰੋਨ ਰਾਹੀਂ ਪੰਜਾਬ ਵਿੱਚ ਨਸ਼ੇ ਅਤੇ ਹਥਿਆਰ ਪਹੁੰਚਾਉਣ ਵਾਲੀ ਸਪਲਾਈ ਚੇਨ ਪੂਰੀ ਤਰ੍ਹਾਂ ਖਤਮ ਕਿਉਂ ਨਹੀਂ ਹੋਈ? ਪੰਜਾਬ ਵਿੱਚ ਅੱਜ ਵੀ ਸਰਹੱਦ ਪਾਰੋਂ ਡਰੋਨ ਆਉਣ ਅਤੇ ਨਸ਼ੇ ਤੇ ਹਥਿਆਰ ਪਹੁੰਚਣ ਦੀਆਂ ਘਟਨਾਵਾਂ ਸਾਹਮਣੇ ਕਿਉਂ ਆ ਰਹੀਆਂ ਹਨ?

-ਐਂਟੀ-ਡਰੋਨ ਤਕਨਾਲੋਜੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਜ਼ਮੀਨੀ ਨਤੀਜੇ ਕੀ ਹਨ? ਸਰਹੱਦ ’ਤੇ ਤਾਇਨਾਤ ਤਕਨਾਲੋਜੀ ਕਿੰਨੀ ਪ੍ਰਭਾਵਸ਼ਾਲੀ ਸਾਬਤ ਹੋਈ ਹੈ ਅਤੇ ਪੂਰੀ ਸਰਹੱਦੀ ਪੱਟੀ ਨੂੰ ਪ੍ਰਭਾਵਸ਼ਾਲੀ ਐਂਟੀ-ਡਰੋਨ ਕਵਰੇਜ ਆਖ਼ਿਰ ਕਦੋਂ ਤੱਕ ਮਿਲੇਗੀ?

-ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰੋਂ ਅਤੇ ਵਿਦੇਸ਼ਾਂ ਵਿੱਚ ਬੈਠ ਕੇ ਫਿਰੌਤੀਆਂ, ਕਤਲਾਂ ਅਤੇ ਸੰਗਠਿਤ ਅਪਰਾਧ ਦੇ ਨੈੱਟਵਰਕ ਚਲਾਉਣ ਵਾਲੇ ਗੈਂਗਸਟਰਾਂ ਖ਼ਿਲਾਫ਼ ਕੇਂਦਰ ਸਰਕਾਰ ਦੀ ਕੀ ਰਣਨੀਤੀ ਹੈ? ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਹੈਂਡਲਰਾਂ ਨੂੰ ਭਾਰਤ ਵਾਪਸ ਲਿਆਉਣ ਲਈ ਹੁਣ ਤੱਕ ਕੀ ਠੋਸ ਕਾਰਵਾਈ ਕੀਤੀ ਗਈ ਹੈ ਅਤੇ ਇਹ ਕਾਰਵਾਈ ਕਿੰਨੀ ਅੱਗੇ ਵਧੀ ਹੈ?

-ਸਤੰਬਰ ਮਹੀਨੇ ਵਿੱਚ ਹੀ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਤੋਂ 100 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਹੋਣ ਦਾ ਅੰਕੜਾ ਸਾਹਮਣੇ ਆਇਆ ਹੈ। ਜੇ ਸਰਹੱਦ ’ਤੇ ਕੇਂਦਰੀ ਏਜੰਸੀਆਂ ਦੀ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧ ਮੌਜੂਦ ਹਨ ਤਾਂ ਇਹ ਜ਼ਹਿਰ ਪੰਜਾਬ ਦੇ ਅੰਦਰ ਤੱਕ ਕਿਵੇਂ ਪਹੁੰਚ ਰਿਹਾ ਹੈ? ਕੀ ਕੇਂਦਰ ਸਰਕਾਰ ਸਿਰਫ਼ ਬਰਾਮਦਗੀ ਦੇ ਅੰਕੜੇ ਗਿਣਾਏਗੀ ਜਾਂ ਪੂਰੀ ਸਪਲਾਈ ਚੇਨ ਅਤੇ ਉਸ ਦੇ ਪਿੱਛੇ ਮੌਜੂਦ ਨੈੱਟਵਰਕ ਨੂੰ ਵੀ ਖਤਮ ਕਰੇਗੀ?

-ਪੁਲਿਸ ਥਾਣਿਆਂ, ਚੌਕੀਆਂ ਅਤੇ ਹੋਰ ਥਾਵਾਂ ’ਤੇ ਹੋਏ ਗ੍ਰਨੇਡ ਹਮਲਿਆਂ ਦੇ ਪਿੱਛੇ ਮੌਜੂਦ ਨੈੱਟਵਰਕ ਅਤੇ ਵਿਦੇਸ਼ੀ ਹੈਂਡਲਰਾਂ ਤੱਕ ਪਹੁੰਚਣ ਲਈ ਕੇਂਦਰ ਸਰਕਾਰ ਨੇ ਕੀ ਠੋਸ ਕਦਮ ਚੁੱਕੇ ਹਨ? ਇਨ੍ਹਾਂ ਹਮਲਿਆਂ ਦੇ ਪਿੱਛੇ ਕਿਹੜੇ ਨੈੱਟਵਰਕ ਹਨ, ਉਨ੍ਹਾਂ ਨੂੰ ਵਿੱਤੀ ਮਦਦ ਕੌਣ ਦੇ ਰਿਹਾ ਹੈ ਅਤੇ ਉਨ੍ਹਾਂ ਦੇ ਵਿਦੇਸ਼ੀ ਹੈਂਡਲਰਾਂ ਤੱਕ ਕੇਂਦਰੀ ਏਜੰਸੀਆਂ ਕਦੋਂ ਪਹੁੰਚਣਗੀਆਂ?

-ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਹੈਂਡਲਰਾਂ ਨੂੰ ਭਾਰਤ ਵਾਪਸ ਲਿਆਉਣ ਦੀ ਕਾਰਵਾਈ ਆਖ਼ਿਰ ਕਿੰਨੀ ਅੱਗੇ ਵਧੀ ਹੈ? ਕੀ ਕੇਂਦਰ ਸਰਕਾਰ ਕੋਲ ਅਜਿਹੇ ਅਪਰਾਧੀਆਂ ਨੂੰ ਭਾਰਤ ਲਿਆਉਣ ਲਈ ਕੋਈ ਸਮਾਂਬੱਧ ਰਣਨੀਤੀ ਹੈ ਜਾਂ ਫਿਰ ਇਹ ਮੁੱਦਾ ਵੀ ਸਿਰਫ਼ ਸਿਆਸੀ ਭਾਸ਼ਣਾਂ ਤੱਕ ਹੀ ਸੀਮਿਤ ਰਹੇਗਾ?

-ਇਹ ਵੀ ਪੁੱਛਿਆ ਕਿ ਨਸ਼ਿਆਂ, ਹਥਿਆਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ BSF, NIA, ਕੇਂਦਰੀ ਖੁਫੀਆ ਏਜੰਸੀਆਂ ਅਤੇ ਪੰਜਾਬ ਪੁਲਿਸ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਦਾ ਰੋਡਮੈਪ ਕੀ ਹੈ? ਕੀ ਇਸ ਸਬੰਧੀ ਕੋਈ ਸਾਂਝੀ ਅਤੇ ਸਮਾਂਬੱਧ ਰਣਨੀਤੀ ਤਿਆਰ ਕੀਤੀ ਗਈ ਹੈ? ਜੇ ਤਿਆਰ ਕੀਤੀ ਗਈ ਹੈ ਤਾਂ ਇਸ ਦੇ ਨਤੀਜੇ ਪੰਜਾਬ ਦੀ ਜਨਤਾ ਦੇ ਸਾਹਮਣੇ ਕਦੋਂ ਰੱਖੇ ਜਾਣਗੇ?

Written By
The Punjab Wire