ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮੁੱਦੇ ’ਤੇ ਚੋਣਾਂ ਲੜੇਗੀ ਭਾਜਪਾ: ਅਮਿਤ ਸ਼ਾਹ
ਜਲੰਧਰ ਵਿੱਚ ਪੰਜਾਬ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸਮਾਪਤੀ ਮੌਕੇ ਇਤਿਹਾਸਕ ਰੈਲੀ
ਜਲੰਧਰ, 30 ਸਤੰਬਰ 2026 (ਦੀ ਪੰਜਾਬ ਵਾਇਰ)– ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਮੁੱਦੇ ਉੱਤੇ ਲੜੇਗੀ ਅਤੇ ਭਾਜਪਾ ਸਰਕਾਰ ਬਣਨ ਉੱਤੇ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਨੂੰ ਨਸ਼ਾ ਮੁਕਤ ਵੀ ਕਰੇਗੀ। ਇਹ ਐਲਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਦੇ ਪਰਾਗਪੁਰ ਵਿੱਚ ਪੰਜਾਬ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਸਮਾਪਤੀ ਮੌਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ, ਸ਼ਵੇਤ ਮਲਿਕ, ਅਵਿਨਾਸ਼ ਰਾਏ ਖੰਨਾ, ਮਨੋਰੰਜਨ ਕਾਲੀਆ, ਸੁਨੀਲ ਜਾਖੜ, ਪ੍ਰਨੀਤ ਕੌਰ ਅਤੇ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਸੰਬੋਧਨ ਕੀਤਾ।
➖ਨਸ਼ਾ ਮੁਕਤੀ ਲਈ ਤੈਅ ਕੀਤੀ ਡੈੱਡਲਾਇਨ
ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨੀ, ਮਹਿਲਾਵਾਂ, ਨੌਜਵਾਨ, ਉਦਯੋਗ ਅਤੇ ਮਾੜੀ ਆਰਥਿਕਤਾ ਦੇ ਕਈ ਮੁੱਦੇ ਹਨ ਪਰ ਭਾਜਪਾ ਨਸ਼ਾ ਮੁਕਤ ਪੰਜਾਬ ਦੇ ਮੁੱਦੇ ਉੱਤੇ ਚੋਣਾਂ ਲੜਨ ਜਾ ਰਹੀ ਹੈ, ਸਾਡੇ ਲਈ ਇਹ ਮੁੱਖ ਮੁੱਦਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀਆਂ ਮਹਿਲਾਵਾਂ ਤੇ ਨੌਜਵਾਨਾਂ ਨਾਲ ਵਾਅਦਾ ਕਰਦੇ ਹਨ ਕਿ ਪੰਜਾਬ ਵਿੱਚ ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾ ਪੰਜਾਬ ਨੂੰ ਨਸ਼ੇ ਦੀ ਸਮੱਸਿਆ ਤੋਂ ਮੁਕਤ ਕਰ ਦਿਆਂਗੇ। ਇਸੇ ਲਈ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ 18 ਸਤੰਬਰ ਨੂੰ ਪਠਾਨਕੋਟ ਤੋਂ ਯਾਤਰਾ ਸ਼ੁਰੂ ਕੀਤੀ ਸੀ, ਜੋ 13 ਦਿਨਾਂ ਵਿੱਚ 4 ਹਜ਼ਾਰ ਕਿਲੋਮੀਟਰ ਜਾ ਸਫ਼ਰ ਤੈਅ ਕਰਕੇ ਇੱਥੇ ਪਹੁੰਚੀ ਹੈ।
ਅਮਿਤ ਸ਼ਾਹ ਨੇ ਕਿਹਾ ਉਨ੍ਹਾਂ ਵਲੋਂ ਨਸ਼ੇ ਬਾਰੇ ਤੈਅ ਕੀਤੀ ਇਸ ਡੈੱਡਲਾਇਨ ਬਾਰੇ ਉਨ੍ਹਾਂ ਤੋਂ ਪਿੱਛੋਂ ਕੇਜਰੀਵਾਲ ਐਂਡ ਪਾਰਟੀ ਕਈ ਕੁਝ ਕਹਿਣ ਵਾਲੀ ਹੈ, ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੇ ਜੋ ਕਿਹਾ ਉਹ ਕਰ ਕੇ ਦਿਖਾਇਆ। ਕਸ਼ਮੀਰ ਵਿੱਚੋਂ ਧਾਰਾ 370, ਉੱਤਰ ਪੂਰਬ ਦੇ ਅੱਤਵਾਦ, ਨਕਸਲਵਾਦ ਨੂੰ ਖ਼ਤਮ ਕਰਨ ਤੋਂ ਬਾਅਦ ਹੁਣ ਵਾਰੀ ਹੈ ਪੰਜਾਬ ਨੂੰ ਚਿੱਟਾ ਮੁਕਤ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੀਆਂ ਮਹਿਲਾਵਾਂ ਅਤੇ ਨੌਜਵਾਨਾਂ ਨਾਲ ਇਹ ਵਾਅਦਾ ਕਰਦਾ ਹਾਂ ਕਿ 31 ਦਸੰਬਰ 2029 ਤੋਂ ਬਾਅਦ ਪੰਜਾਬ ਵਿੱਚ ਕੋਈ ਚਿੱਟਾ ਮੁਹੱਈਆ ਕਰਵਾਉਣ ਵਾਲਾ ਨਹੀਂ ਬਚੇਗਾ, ਭਾਜਪਾ ਇਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟਾਂਗੇ।

➖ਭਗਵੰਤ ਮਾਨ ਨੂੰ ਅੰਕੜਿਆਂ ਰਾਹੀਂ ਸਵਾਲ
ਅਮਿਤ ਸ਼ਾਹ ਨੇ ਅੰਕੜੇ ਗਿਣਾਉਂਦਿਆਂ ਕਿਹਾ ਕਿ ਸਰਕਾਰ ਨੇ ਨਸ਼ੀਲੇ ਪਦਾਰਥਾਂ ਖ਼ਿਲਾਫ਼ ਆਪਣੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਕਿਹਾ, “2004 ਤੋਂ 2014 ਤੱਕ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਲਗਭਗ 26 ਲੱਖ ਕਿਲੋਗ੍ਰਾਮ ਹੈਰੋਇਨ, ਜਿਸ ਦੀ ਕੀਮਤ ਕਰੀਬ ₹40,000 ਕਰੋੜ ਸੀ, ਜ਼ਬਤ ਕੀਤੀ ਗਈ। ਜਦਕਿ 2014 ਤੋਂ 2024 ਤੱਕ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਲਗਭਗ 1.20 ਕਰੋੜ ਕਿਲੋਗ੍ਰਾਮ ਹੈਰੋਇਨ, ਜਿਸ ਦੀ ਕੀਮਤ ਕਰੀਬ ₹1.90 ਲੱਖ ਕਰੋੜ ਸੀ, ਜ਼ਬਤ ਕੀਤੀ ਗਈ।”
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭਾਰਤ ਵਿੱਚ PIT-NDPS ਕਾਨੂੰਨ ਤਹਿਤ 5,000 ਲੋਕਾਂ ਨੂੰ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜਿਆ ਗਿਆ, ਜਦਕਿ ਨਸ਼ਿਆਂ ਨਾਲ ਸਬੰਧਤ ਵੱਡੀ ਮਾਤਰਾ ਵਿੱਚ ਸਮੱਗਰੀ ਅਤੇ ਗੈਰ-ਕਾਨੂੰਨੀ ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂ। ਪਰ ਪੰਜਾਬ ਵਿੱਚ ਇਸ ਕਾਨੂੰਨ ਤਹਿਤ ਇੱਕ ਵੀ ਵਿਅਕਤੀ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ। ਕੀ ਮੁੱਖ ਮੰਤਰੀ ਇਸ ਦਾ ਜਵਾਬ ਦੇ ਸਕਦੇ ਹਨ? ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਤੋਂ N-CORD ਦੀਆਂ ਮੀਟਿੰਗਾਂ ਵਿੱਚ ਹਿੱਸਾ ਕਿਉਂ ਨਹੀਂ ਲਿਆ?
➖ਪੰਜਾਬ ਨੂੰ ਬਚਾਉਣ ਦੀ ਲੜਾਈ
ਉਨ੍ਹਾਂ ਕਿਹਾ ਕਿ ਭਾਜਪਾ ਦੀ ‘ਮਾਵਾਂ ਮੰਗਦੀਆਂ ਹਿਸਾਬ’ ਮੁਹਿੰਮ ਤਹਿਤ ਉਹ ਨਸ਼ੇ ਕਾਰਨ ਆਪਣੇ ਪੁੱਤਰ ਗੁਆ ਚੁੱਕੀਆਂ ਮਾਵਾਂ ਨੂੰ ਮਿਲੇ ਹਨ। ਨਸ਼ੇ ਕਾਰਨ ਦੋ ਪੁੱਤ ਗੁਆ ਚੁੱਕੀ ਇੱਕ ਮਾਂ ਨੇ ਉਨ੍ਹਾਂ ਨੂੰ ਕਿਹਾ, ਮੇਰੇ ਪੁੱਤ ਤਾਂ ਚਲੇ ਗਏ, ਕਿਸੇ ਹੋਰ ਦੇ ਪੁੱਤ ਨਾ ਜਾਣ, ਇਸ ਲਈ ਚਿੱਟੇ ਨੂੰ ਖ਼ਤਮ ਕਰ ਦਿਓ।
ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਲਈ ਨਸ਼ਾ ਮੁਕਤ ਪੰਜਾਬ ਦੀ ਲੜਾਈ ਕਿਸੇ ਸਿਆਸੀ ਏਜੰਡੇ ਲਈ ਨਹੀਂ, ਸਗੋਂ ਪੰਜਾਬ ਨੂੰ ਬਚਾਉਣ ਲਈ ਹੈ। ਪੰਜਾਬ ਦਾ ਉਦੋਂ ਤੱਕ ਵਿਕਾਸ ਨਹੀਂ ਹੋ ਸਕਦਾ ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੁੰਦਾ, ਇਹ ਸਾਡੀਆਂ ਪੀੜ੍ਹੀਆਂ ਨੂੰ ਤਬਾਹ ਕਰ ਰਿਹਾ ਹੈ। ਉਨ੍ਹਾਂ ਵਾਅਦਾ ਕੀਤਾ ਕਿ ਪੰਜਾਬ ਵਿੱਚ ਨਾ ਇੱਕ ਗ੍ਰਾਮ ਵੀ ਨਸ਼ਾ ਵੇਚਣ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਨਸ਼ੇ ਦੀ ਇੱਕ ਗ੍ਰਾਮ ਮਾਤਰਾ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ, ‘ਆਪ’ ਸਣੇ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ, ਪਰ ਕੋਈ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰ ਸਕਿਆ, ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਭਾਜਪਾ ਦੀ ਸਰਕਾਰ ਬਣਾਉਣ।
ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਗੁਰੂਆਂ, ਸੰਤਾਂ ਅਤੇ ਮਹਾਨ ਸ਼ਹੀਦਾਂ ਦੀ ਧਰਤੀ ਹੈ ਅਤੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਭਾਰਤ ਦੀ ਸੁਰੱਖਿਆ ਤੱਕ ਪੰਜਾਬੀਆਂ ਨੇ ਸਭ ਤੋਂ ਵੱਡੇ ਬਲੀਦਾਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਛਾਣ ਕਦੇ ਅੰਨ ਦੇ ਭੰਡਾਰ ਅਤੇ ਦੇਸ਼ ਦੀ ਸੁਰੱਖਿਆ ਨਾਲ ਹੁੰਦੀ ਸੀ, ਪਰ ਅੱਜ ਨਸ਼ਾ ਪੰਜਾਬ ਦੇ ਨੌਜਵਾਨਾਂ ਅਤੇ ਪਰਿਵਾਰਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।

➖ਆਮ ਆਦਮੀ ਪਾਰਟੀ ਨੇ ਕੀਤੀ ਵਾਅਦਾ ਖਿਲਾਫ਼ੀ
ਅਮਿਤ ਸ਼ਾਹ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਹੋਰ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਏ ਅਤੇ ਉਨ੍ਹਾਂ ਨੇ ਮੈਡੀਕਲ ਕਾਲਜਾਂ, 23 ਫ਼ਸਲਾਂ ਉੱਤੇ ਐੱਮਐੱਸਪੀ, ਮਾਈਨਿੰਗ ਆਮਦਨ ਅਤੇ ਦਿੱਲੀ ਸਿੱਖ ਵਿਰੋਧੀ ਕਤਲੇਆਮ ਦੇ ਪੀੜਤ ਪਰਿਵਾਰਾਂ ਦੀ ਮਦਦ ਦੇ ਵਾਅਦੇ ਕੀਤੇ ਸਨ, ਪਰ ਕੋਈ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਭਗਵੰਤ ਮਾਨ ਨਸ਼ਾ ਮੁਕਤ ਕਰ ਦਿੰਦੇ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਮਾਫ਼ ਕਰ ਸਕਦੇ ਸਨ, ਪਰ ਉਨ੍ਹਾਂ ਨਹੀਂ ਕੀਤਾ। ਉਨ੍ਹਾਂ ਦਿੱਲੀ ਦੀ ਸ਼ਰਾਬ ਨੀਤੀ ਨਾਲ ਜੁੜੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਕਿ ਜਿਹੜੇ ਲੋਕ ਸ਼ਰਾਬ ਦੇ ਘੋਟਾਲਿਆਂ ਨਾਲ ਜੁੜੇ ਰਹੇ ਹਨ, ਉਹ ਨਸ਼ਾ ਮੁਕਤ ਪੰਜਾਬ ਕਿਵੇਂ ਬਣਾ ਸਕਦੇ ਹਨ।
ਅੰਤ ਵਿੱਚ ਉਨ੍ਹਾਂ ਕਿਹਾ ਕਿ 31 ਦਸੰਬਰ 2029 ਤੱਕ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨ ਦਾ ਸੰਕਲਪ, ਸਿਰਫ਼ ਵਾਅਦਾ ਨਹੀਂ, ਸਗੋਂ ਭਾਜਪਾ ਦੀ ਵਚਨਬੱਧਤਾ ਹੈ। ਉਨ੍ਹਾਂ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ ਨੌਜਵਾਨਾਂ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਦੇ ਕੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ, ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।
➖ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਲਈ ‘ਆਪ’ ਸਰਕਾਰ ਜ਼ਿੰਮੇਵਾਰ : ਕੇਵਲ ਸਿੰਘ ਢਿੱਲੋਂ
ਇਸ ਮੌਕੇ ਸੂਬੇ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਲਈ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਜ਼ਿੰਮੇਵਾਰ ਹਨ । ਉਨ੍ਹਾਂ ਕਿਹਾ ਕਿ ‘ਆਪ’ਸਰਕਾਰ ਸੂਬੇ ਚੋਂ ਨਸ਼ੇ ਦੀ ਸਮੱਸਿਆ ਖਤਮ ਨਹੀਂ ਕਰ ਸਕੀ ਅਤੇ ਜਿਸ ਨਾਲ ਸੂਬੇ ਦੀ ਜਵਾਨੀ ਦਾ ਘਾਣ ਹੋਇਆ ਅਤੇ ਸੂਬੇ ਨੂੰ ਬਰਬਾਦ ਕਰਕੇ ਰੱਖ ਦਿੱਤਾ। ਢਿੱਲੋਂ ਨੇ ਕਿਹਾ ਨਸ਼ੇ ਨਾਲ ਸੂਬੇ ਵਿੱਚ ਗੈਂਗਸਟਰ ਵਰਗੀਆਂ ਸਮੱਸਿਆਵਾਂ ਪੈਂਦਾ ਹੋ ਰਹੀਆ ਹਨ ਜਿਸ ਨਾਲ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਚੋਂ ਨਸ਼ੇ ਦੀ ਬੁਰਾਈ ਨੂੰ ਜੜ੍ਹੋਂ ਖਤਮ ਕਰਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਲੋੜ ਹੈ ਤਾਂ ਜੋ ਪੰਜਾਬ ਮੁੜ ਤੋਂ ਖੜ੍ਹਾ ਹੋ ਸਕੇ। ਢਿੱਲੋਂ ਨੇ ‘ਆਪ’ ਸਰਕਾਰ ਦੀ ਮਾੜੀ ਕਾਰਗੁਜ਼ਾਰੀ ‘ਤੇ ਟਿੱਪਣੀ ਕਰਦਿਆ ਕਿਹਾ ਕਿ ਅੱਜ ਪੰਜਾਬ ਵਿੱਚ ਕਿਸਾਨ , ਨੌਜਵਾਨ ਅਤੇ ਮੁਲਜ਼ਮਾਂ ਸਮੇਤ ਹਰ ਵਰਗ ਦੁੱਖੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੀ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਸਕਦੇ ਹਨ। ਉਨਾਂ ਕਿਹਾ ਨੇ ਦੇਸ਼ ਦੀ ਭਾਜਪਾ ਸਰਕਾਰ ਨੇ ਜੋ ਵੀ ਸੰਕਲਪ ਲਿਆ ਉਸਨੂੰ ਸਮੇ ਸਿਰ ਪੂਰਾ ਕੀਤਾ। ਢਿੱਲੋਂ ਨੇ ਕਿਹਾ ਸੱਤਾ ਵਿੱਚ ਆਉਣ ਤੋਂ ਬਾਅਦ ਭਾਜਪਾ ਪੰਜਾਬ ਚੋਂ ਨਸ਼ੇ ਨੂੰ ਖਤਮ ਕਰੇਗੀ ਅਤੇ ਪੰਜਾਬ ਨੁੰ ਨੰਬਰ ਵਨ ਸੂਬਾ ਬਣਾਏਗੀ।
➖ਕੌਣ-ਕੌਣ ਹਾਜ਼ਰ ਸਨ
ਇਸ ਮੌਕੇ ‘ਤੇ ਤਰੁਣ ਚੁੱਘ,ਸੰਦੀਪ ਪਾਠਕ, ਰਾਘਵ ਚੱਢਾ, ਸਤਨਾਮ ਸਿੰਘ ਸੰਧੂ, ਅਸੋਕ ਕੁਮਾਰ ਮਿੱਤਲ, ਵਿਕਰਮ ਸਿੰਘ ਸਾਹਨੀ ਤੇ ਹਰਭਜਨ ਸਿੰਘ ਸਾਰੇ ਮੈਂਬਰ ਰਾਜ ਸਭਾ, ਅਨਿਲ ਸਰੀਨ ਸੁਨੀਲ ਜਾਖੜ, ਮਨਪ੍ਰੀਤ ਸਿੰਘ ਬਾਦਲ, ਵਿਜੈ ਸਾਂਪਲਾ,ਮੰਨੋਰੰਜਨ ਕਾਲੀਆ, ਇਕਬਾਲ ਸਿੰਘ ਲਾਲਪੁਰਾ, ਸਵੇਤ ਮਲਿਕ, ਰਾਣਾ ਗੁਰਮੀਤ ਸਿੰਘ ਸੋਢੀ,ਮਹਾਰਾਣੀ ਪ੍ਰਨੀਤ ਕੌਰ, ਅਵਿਨਾਸ਼ ਰਾਏ ਖੰਨਾ, ਸੋਮ ਪ੍ਰਕਾਸ਼,ਮਨਜਿੰਦਰ ਸਿੰਘ ਸਿਰਸਾ, ਰਵਨੀਤ ਸਿੰਘ ਬਿੱਟੂ, ਦਿਨੇਸ਼ ਬੱਬੂ, ਸੁਸ਼ੀਲ ਰਿੰਕੂ, ਜੀਵਨ ਗਰਗ,ਅਮਨਜੋਤ ਕੌਰ, ਚਰਨਜੀਤ ਸਿੰਘ ਅਟਵਾਲ, ਵਿਨੀਤ ਜ਼ੋਸ਼ੀ ਸਮੇਤ ਪੰਜਾਬ ਦੇ ਭਾਜਪਾ ਨੇਤਾ ਅਤੇ ਸੂਬੇ ਦੇ ਵੱਖ-ਵੱਖ ਕੋਨਿਆਂ ਤੋਂ ਆਏ ਵੱਡੀ ਗਿਣਤੀ ਵਿੱਚ ਵਰਕਰ ਵੀ ਹਾਜ਼ਰ ਸਨ।