Close

Recent Posts

ਪੰਜਾਬ

ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਭਗਵੰਤ ਮਾਨ ਦੀਆਂ ਡੈੱਡਲਾਇਨਾਂ ਹੀ ਡੈੱਡ ਹੋਈਆਂ- ਸ਼ਿਵਰਾਜ ਚੌਹਾਨ

ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਭਗਵੰਤ ਮਾਨ ਦੀਆਂ ਡੈੱਡਲਾਇਨਾਂ ਹੀ ਡੈੱਡ ਹੋਈਆਂ- ਸ਼ਿਵਰਾਜ ਚੌਹਾਨ
  • PublishedSeptember 21, 2026

‘ਆਪ’ ਨੇ ਭਗਤ ਸਿੰਘ ਦੇ ਵਾਰਿਸਾਂ ਨੂੰ ਨਸ਼ੇ ਵੱਲ ਧੱਕਣ ਦਾ ਪਾਪ ਕੀਤਾ– ਸ਼ਿਵਰਾਜ ਚੌਹਾਨ

 ਆਪਣੇ ਖਿਲਾਫ਼ ਅਵਾਜ਼ ਚੁੱਕਣ ਵਾਲਿਆਂ ਨੂੰ ਸਰਕਾਰ ਦੁਸ਼ਮਣ ਸਮਝਦੀ ਹੈ- ਢਿੱਲੋਂ

 ਪੰਜਾਬ ਵਿੱਚੋਂ ਨਸ਼ੇ ਰੁਕੇ ਨਹੀਂ, ਗੈਂਗਸਟਰਾਂ ਨੂੰ ਖੁੱਲ੍ਹੀ ਛੁੱਟੀ: ਜਾਖੜ

ਤਲਵੰਡੀ ਸਾਬੋ : 21 ਸਤੰਬਰ  2026 (ਦੀ ਪੰਜਾਬ ਵਾਇਰ)– ‘‘ਭਗਵੰਤ ਮਾਨ ਦੀ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦੀ ਡੈੱਡਲਾਇਨ ਹੀ ਕਈ ਵਾਰ ਡੈੱਡ ਹੋ ਗਈ ਹੈ। ਜਿੰਨੇ ਦਿਨ ਇਸ ਸਰਕਾਰ ਦੇ ਬਚਦੇ ਹਨ, ਉਸ ਦੌਰਾਨ ਨਸ਼ਾ ਮਾਫ਼ੀਆ ਨੂੰ ਸਰਪ੍ਰਸਤੀ ਦੇਣੀ ਛੱਡ ਕੇ ਨਸ਼ਿਆਂ ਮਾਫ਼ੀਆ ਖਿਲਾਫ਼ ਕੰਮ ਕਰਨਾ ਚਾਹੀਦਾ ਹੈ’’। ਇਹ ਸ਼ਬਦ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਹਨ। ਉਹ ਤਲਵੰਡੀ ਸਾਬੋ ਵਿੱਚ ਨਸ਼ਾ ਮੁਕਤ ਪੰਜਾਬ ਦੀ ਚੌਥੀ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਇਸ ਰੈਲੀ ਤੋਂ ਪਹਿਲਾਂ ਉਨ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਪੰਜਾਬ ਦੀ ਨਸ਼ਾ ਮੁਕਤੀ ਲਈ ਅਰਦਾਸ ਕੀਤੀ ਅਤੇ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਤੀਸ਼ ਪੂਨੀਆ, ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਭਾਜਪਾ ਦੇ ਕੌਮੀ ਉੱਪ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਰਾਜਸਭਾ ਮੈਂਬਰ ਤਰੁਨ ਚੁਗ਼, ਸਾਬਕਾ ਪ੍ਰਧਾਨ ਸੁਨੀਲ ਜਾਖੜ, ਸੂਬਾ ਜਨਰਲ ਸਕੱਤਰ ਅਨਿਲ ਸਰੀਨ ਅਤੇ ਹੋਰ ਪਾਰਟੀ ਆਗੂਆਂ ਨੂੰ ਯਾਤਰਾ ਨੂੰ ਹਰੀ ਝੰਡੀ ਦਿਖਾਈ। 

ਪੰਜਾਬ ਸਰਕਾਰ ਵੱਲੋਂ ਨਸ਼ਾ ਖ਼ਤਮ ਕਰਨ ਦੇ ਕੀਤੇ ਗਏ ਦਾਅਵਿਆਂ ’ਤੇ ਸਵਾਲ ਚੁੱਕਦਿਆਂ ਚੌਹਾਨ ਨੇ ਕਿਹਾ ਆਪ ਨੇ ਪੰਜਾਬ ਨੂੰ ਨਸ਼ੇ ਨਾਲ ਤਬਾਹੀ ਦੀ ਕਗਾਰ ਉੱਤੇ ਖੜ੍ਹਾ ਕਰਨ ਦਾ ਪਾਪ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖ ਕੌਮ ਦੇ ਪੰਜਵੇਂ ਤਖ਼ਤ ਉੱਤੇ ਨਤਮਸਤਕ ਹੋ ਕੇ ਜਿੱਥੇ ਉੂਰਜਾ ਨਾਲ ਭਰ ਗਏ, ਉੱਤੇ ਉਹ ਨਸ਼ੇ ਕਾਰਨ ਆਪਣੇ ਪੁੱਤਰ ਗੁਆ ਚੁੱਕੀਆਂ ਮਾਵਾਂ ਅਤੇ ਪਤੀ ਗੁਆ ਚੁੱਕੀਆਂ ਬੀਬੀਆਂ ਦੀ ਹਾਲਤ ਦੇਖ ਕੇ ਨਿਰਾਸ਼ ਹੋਏ। ਇਨ੍ਹਾਂ ਪਰਿਵਾਰਾਂ ਦੇ ਦਰਦ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ੇ ਨੇ ਕਈ ਮਾਵਾਂ ਦੀ ਗੋਦ ਸੁੰਨੀ ਕੀਤੀ, ਕਈ ਮਾਤਾ –ਪਿਤਾ ਤੋਂ ਬੁਢਾਪੇ ਦੀ ਲਾਠੀ ਖੋਹੀ ਅਤੇ ਅਨੇਕਾਂ ਪਰਿਵਾਰ ਉਜਾੜ ਦਿੱਤੇ। ‘ਆਪ’ ਨੇ ਭਗਤ ਸਿੰਘ ਦੇ ਵਾਰਿਸਾਂ ਨੂੰ ਨਸ਼ੇ ਵੱਲ ਧੱਕਣ ਦਾ ਪਾਪ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਨਸ਼ਿਆਂ ਖਿਲਾਫ਼ ਜਦੋਂ ਯਾਤਰਾ ਕੱਢ ਰਹੇ ਹਾਂ ਤਾਂ ਆਪ ਵਾਲੇ ਕਾਲੇ ਝੰਡੇ ਦਿਖਾ ਰਹੇ ਹਨ, ਇਨ੍ਹਾਂ ਨੂੰ ਚੁੱਲੂ ਭਰ ਪਾਣੀ ਵਿੱਚ ਡੁੱਬ ਮਰਨਾ ਚਾਹੀਦਾ ਹੈ। ਨਸ਼ਾ ਮੁਕਤ ਯਾਤਰਾ ਦਾ ਵਿਰੋਧ ਕਰਕੇ ਇਹ ਕਿਸ ਦਾ ਸਮਰਥਨ ਕਰ ਰਹੇ ਹਨ।

👉ਡਾਕੂ ਭਜਾਉਣ ਵਾਲਾ ਸ਼ਿਵਰਾਜ ਹਾਂ

ਸ਼ਿਵ ਰਾਜ ਸਿੰਘ ਚੌਹਾਨ ਨੇ ਕਾਫ਼ੀ ਸਖ਼ਤ ਲਹਿਜ਼ੇ ਵਿੱਚ ਕਿਹਾ ਸਾਡੇ ਨਾਲ ਨਾ ਉਲਝੋ, ਅਸੀਂ ਜਦੋਂ ਮਚਲਦੇ ਹਾਂ ਤਾਂ ਤੂਫ਼ਾਨ ਆਉਣ ਲੱਗਦੇ ਹਨ। ਭਾਜਪਾ ਨੇ ਨਸ਼ੇ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ ਹੈ ਅਤੇ ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਯਾਦ ਰੱਖਣ ਕਿ ਮੈਂ ਉਹੀ ਸ਼ਿਵ ਰਾਜ ਚੌਹਾਨ ਹਾਂ, ਜਿਸ ਨੇ ਮੱਧ ਪ੍ਰਦੇਸ਼ ਦੀ ਸੱਤਾ ਵਿੱਚ ਆਉਂਦਿਆਂ ਹੀ 6 ਮਹੀਨੇ ਵਿੱਚ ਚੰਬਲ ਤੋਂ ਡਾਕੁਆਂ ਦਾ ਸਫਾਇਆ ਕਰ ਦਿੱਤਾ ਸੀ। ਪੰਜਾਬ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ 6 ਮਹੀਨੇ ਵਿੱਚ ਹੀ ਨਸ਼ੇ ਦੀਆਂ ਜੜ੍ਹਾਂ ਪੁੱਟ ਦਿਆਂਗੇ।

ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਲਈ ਸੰਦੇਸ਼ ਹੈ, ਕਿ ਭਾਜਪਾ ਪੰਜਾਬ ਨੂੰ ਨਸ਼ਾ ਮੁਕਤ ਕਰ ਕੇ ਹੀ ਦਮ ਲਵੇਗੀ। ਯੂਪੀ ਵਿੱਚੋਂ ਗੈਂਗਸਟਰਵਾਦ, ਕਸ਼ਮੀਰ ਵਿੱਚੋਂ ਹਿੰਸਾ ਅਤੇ ਦੇਸ ਵਿੱਚੋਂ ਨਕਸਲਵਾਦ ਵਾਂਗ ਹੀ ਪੰਜਾਬ ਦੇ ਨਸ਼ਾ ਤਸਕਰਾਂ ਦਾ ਸਫ਼ਾਇਆ ਕੀਤਾ ਜਾਵੇਗਾ।

👉ਨਸ਼ਾ ਖ਼ਤਮ ਹੋਣ ਤੱਕ ਚੈਨ ਨਹੀਂ

ਚੌਹਾਨ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਪੰਜਾਬ ਵਿੱਚ ਵਾਰ-ਵਾਰ ਆਉਣਗੇ ਅਤੇ ਜੇਕਰ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵੀ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ, “ਰਾਤ ਤੁਹਾਡੀ ਹੈ, ਪਰ ਸਵੇਰ ਸਾਡੀ ਹੋਵੇਗੀ,”।

ਆਪਣੇ ਭਾਸ਼ਣ ਦੇ ਅੰਤ ਵਿੱਚ ਚੌਹਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਸੰਕਲਪ ਦਿਵਾਇਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਤੱਕ ਚੈਨ ਨਾਲ ਨਹੀਂ ਬੈਠਿਆ ਜਾਵੇਗਾ।

👉ਹੱਕੀ ਆਵਾਜ਼ ਚੁੱਕਣ ਵਾਲਿਆਂ ਦੁਸ਼ਮਣ ਸਮਝਦੀ ਸਰਕਾਰ: ਢਿੱਲੋਂ

ਭਾਜਪਾ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਪ ਪਾਰਟੀ ਦਾ ਵਾਅਦਾ ਸੀ  ਕਿ ਪੰਜਾਬ ਵਿੱਚੋਂ ਨਸ਼ਿਆਂ ਨੂੰ ਖ਼ਤਮ ਕੀਤਾ ਜਾਵੇਗਾ। ਪਰ ਨਸ਼ੇ ਖ਼ਤਮ ਹੋਣ ਦੀ ਬਜਾਇ ਲਗਾਤਾਰ ਵਧ ਰਹੇ ਹਨ।

ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਜੋ ਵੀ ਆਪਣੇ ਹੱਕ ਦੀ ਆਵਾਜ਼ ਉਠਾਉਂਦਾ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਉਸ ਨੂੰ ਆਪਣਾ ਦੁਸ਼ਮਣ ਸਮਝਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੀ ਪੰਜਾਬ ਦੀ ਜਨਤਾ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢ ਸਕਦੀ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਹ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹਨ ਅਤੇ ਪੰਜਾਬ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਦੇਖਣਾ ਚਾਹੁੰਦੇ ਹਨ ਤਾਂ ਚੋਣਾਂ ਵਿੱਚ ਭਾਜਪਾ ਨੂੰ ਵੋਟ ਦੇ ਕੇ ਸੱਤਾ ਵਿੱਚ ਲਿਆਉਣ।

👉ਨਸ਼ੇ ਰੁਕੇ ਨਹੀਂ, ਗੈਂਗਸਟਰਾਂ ਨੂੰ ਖੁੱਲ੍ਹੀ ਛੁੱਟੀ: ਜਾਖੜ

ਇਸ ਮੌਕੇ ਬੋਲਦਿਆਂ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦੋ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਇੱਕ ASI ਦਾ ਕਤਲ ਹੋਇਆ। ਇਸ ਤੋਂ ਕੁਝ ਦਿਨ ਪਹਿਲਾਂ ASI ਹਰਜੀਤ ਸਿੰਘ ਦਾ ਕਤਲ ਹੋਇਆ ਸੀ ਅਤੇ ਇਸ ਤੋਂ ਪਹਿਲਾਂ ASI ਜੋਗਾ ਸਿੰਘ ਨੂੰ ਮਾਰ ਦਿੱਤਾ ਗਿਆ। ਜਾਖੜ ਨੇ ਕਿਹਾ ਕਿ ਮਾਨ ਸਰਕਾਰ ਦੇ ਰਾਜ ਵਿੱਚ ਪੰਜਾਬ ਵਿੱਚ ਗੁੰਡਾਰਾਜ ਫੈਲ ਰਿਹਾ ਹੈ ਅਤੇ ਗੈਂਗਸਟਰ ਬੇਖੌਫ਼ ਘੁੰਮ ਰਹੇ ਹਨ।

ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਸੂਬੇ ਵਿੱਚੋਂ ਨਸ਼ਾ ਖ਼ਤਮ ਕੀਤਾ ਜਾਵੇਗਾ, ਪਰ ਇਸ ਦੇ ਬਿਲਕੁਲ ਉਲਟ ਹੋ ਰਿਹਾ ਹੈ। ਹਰ ਰੋਜ਼ ਸੂਬੇ ਵਿੱਚ ਕੋਈ ਨਾ ਕੋਈ ਨੌਜਵਾਨ ਨਸ਼ਿਆਂ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ।

ਉਨ੍ਹਾਂ ਨੇ ਹਾਲ ਹੀ ਵਿੱਚ OTT ’ਤੇ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਸਤਲੁਜ’ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਜੇ ਹਿੰਮਤ ਹੈ ਤਾਂ ਉਹ ਸ਼ਮਸ਼ਾਨਘਾਟਾਂ ਦੇ ਰਜਿਸਟਰਾਂ ਤੋਂ ਰਿਕਾਰਡ ਇਕੱਠਾ ਕਰਕੇ ਜਨਤਾ ਨੂੰ ਦੱਸਣ ਕਿ ਨਸ਼ਿਆਂ ਕਾਰਨ ਕਿੰਨੇ ਨੌਜਵਾਨ ਮਾਰੇ ਜਾ ਚੁੱਕੇ ਹਨ।

👉ਨਸ਼ਾ ਨੈੱਟਵਰਕ ਤਬਾਹ ਕਰਾਂਗੇ–ਮਨਪ੍ਰੀਤ

ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਅੱਜ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਤੋਂ ਸੰਕਲਪ ਲੈਂਦੀ ਹੈ ਕਿ ਪੰਜਾਬ ਵਿੱਚੋਂ ਨਸ਼ੇ ਦੇ ਨੈੱਟਵਰਕ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਮੌਜੂਦਾ ਮਾਨ ਸਰਕਾਰ ਹਰ ਮੋਰਚੇ ’ਤੇ ਫੇਲ੍ਹ ਹੋ ਚੁੱਕੀ ਹੈ ਅਤੇ ਇਸ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੀ ਉਮੀਦ ਕਰਨਾ ਬੇਇਮਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਭਾਜਪਾ ਸੱਤਾ ਵਿੱਚ ਆਉਂਦੀ ਹੈ ਤਾਂ ਪੰਜਾਬ ਨੂੰ ਉਸ ਦੇ ਦੁੱਖਾਂ ਤੋਂ ਮੁਕਤੀ ਮਿਲੇਗੀ ਅਤੇ ਸੂਬਾ ਆਰਥਿਕ ਤੌਰ ’ਤੇ ਮਜ਼ਬੂਤ ਹੋਵੇਗਾ, ਜੋ ਇਸ ਸਮੇਂ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ।

👉ਕੌਣ-ਕੌਣ ਹੋਰ ਆਗੂ ਹਾਜ਼ਰ ਸਨ

ਇਸ ਮੌਕੇ ਭਾਜਪਾ ਦੇ ਕਈ ਸੀਨੀਅਰ ਆਗੂ ਅਤੇ ਪਾਰਟੀ ਅਹੁਦੇਦਾਰ ਮੰਚ ’ਤੇ ਮੌਜੂਦ ਰਹੇ, ਜਿਨ੍ਹਾਂ ਵਿੱਚ ਸੂਬਾ ਸੰਗਠਨ ਮੰਤਰੀ ਸ਼੍ਰੀਨਿਵਾਸੁਲੂ, ਸਾਬਕਾ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ, ਦਿਆਲ ਸੋਢੀ, ਮੀਡੀਆ ਸੈੱਲ ਦੀ ਸਹਿ-ਸੰਯੋਜਕ ਪਰਮਪਾਲ ਕੌਰ, ਜ਼ਿਲ੍ਹਾ ਭਾਜਪਾ ਪ੍ਰਧਾਨ ਬਠਿੰਡਾ (ਦਿਹਾਤੀ) ਗੁਰਪ੍ਰੀਤ ਸਿੰਘ ਮਲੂਕਾ, ਬਠਿੰਡਾ ਜ਼ਿਲ੍ਹਾ ਭਾਜਪਾ ਪ੍ਰਧਾਨ ਸਰੂਪ ਚੰਦ ਸਿੰਗਲਾ, ਯਾਤਰਾ ਦੇ ਮੀਡੀਆ ਇੰਚਾਰਜ ਡਾ. ਕੰਵਰਜੀਤ ਸਿੰਘ ਸੋਹੀ, ਮੀਡੀਆ ਕੋਆਰਡੀਨੇਟਰ ਸਤਿਅਨ ਓਝਾ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।

Written By
The Punjab Wire