ਏਬੀਵੀਪੀ ਦੀ ਜਿੱਤ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਕੀਤੀ ਖ਼ੁਸ਼ੀ ਜ਼ਾਹਿਰ, ਦਿੱਤੀ ਵਧਾਈ
Gen Z ਨੇ ਨਕਾਰਾਤਮਕ ਰਾਜਨੀਤੀ ਨਕਾਰ ਕੇ ਵਿਕਾਸ ਤੇ ਰਾਸ਼ਟਰਵਾਦ ਨੂੰ ਚੁਣਿਆ: ਕੇਵਲ ਢਿੱਲੋਂ
ਚੰਡੀਗੜ੍ਹ, 1 ਸਤੰਬਰ 2026 (ਦੀ ਪੰਜਾਬ ਵਾਇਰ)– ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀਆਂ ਚੋਣਾਂ ਵਿੱਚ ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ.) ਦੇ ਉਮੀਦਵਾਰ ਅੰਕਿਤ ਬਿਧਾਨ ਵੱਲੋਂ ਪ੍ਰਧਾਨਗੀ ਦਾ ਅਹੁਦਾ ਲਗਾਤਾਰ ਦੂਜੀ ਵਾਰ ਜਿੱਤਣ ’ਤੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਇਹ ਫੈਸਲਾ ਸਿਰਫ਼ ਇੱਕ ਵਿਦਿਆਰਥੀ ਚੋਣ ਦਾ ਨਤੀਜਾ ਨਹੀਂ, ਸਗੋਂ ਨੌਜਵਾਨ ਪੀੜ੍ਹੀ ਦੀ ਸੋਚ, ਉਮੀਦਾਂ ਅਤੇ ਭਰੋਸੇ ਦਾ ਸਪੱਸ਼ਟ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ Gen Z ਨੇ ਲਗਾਤਾਰ ਦੂਜੀ ਵਾਰ ਏ.ਬੀ.ਵੀ.ਪੀ. ਦੇ ਹੱਕ ਵਿੱਚ ਫਤਵਾ ਦੇ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਨਕਾਰਾਤਮਕ ਰਾਜਨੀਤੀ ਦੀ ਬਜਾਏ ਵਿਕਾਸ, ਰਾਸ਼ਟਰਵਾਦ, ਪਾਰਦਰਸ਼ਤਾ ਅਤੇ ਮਜ਼ਬੂਤ ਲੀਡਰਸ਼ਿਪ ਨੂੰ ਤਰਜੀਹ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਏ.ਬੀ.ਵੀ.ਪੀ. ਨੇ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਦੀ ਪ੍ਰਧਾਨਗੀ ਜਿੱਤੀ ਸੀ ਅਤੇ ਹੁਣ ਲਗਾਤਾਰ ਦੂਜੀ ਜਿੱਤ ਨੇ ਇਸ ਨੂੰ ਇੱਕ ਇਤਿਹਾਸਕ ਪ੍ਰਾਪਤੀ ਬਣਾ ਦਿੱਤਾ ਹੈ।
ਭਾਜਪਾ ਸੂਬਾ ਪ੍ਰਧਾਨ ਨੇ ਕਿਹਾ, “ਪੰਜਾਬ ਯੂਨੀਵਰਸਿਟੀ ਦੇ ਨੌਜਵਾਨਾਂ ਨੇ ਆਪਣਾ ਫੈਸਲਾ ਸਾਫ਼-ਸਾਫ਼ ਸੁਣਾ ਦਿੱਤਾ ਹੈ। ਇਹ ਜਿੱਤ ਦੱਸਦੀ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਬਦਲਾਅ ਅਤੇ ਬਿਹਤਰ ਭਵਿੱਖ ਲਈ ਭਾਜਪਾ ਦੀ ਵਿਚਾਰਧਾਰਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਕਾਸਮੁਖੀ ਸੋਚ ਨਾਲ ਜੁੜ ਰਹੀ ਹੈ।”
ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਸੂਬੇ ਵਿੱਚ ਰੁਜ਼ਗਾਰ, ਨਸ਼ਾ ਮੁਕਤੀ, ਸਿੱਖਿਆ, ਉਦਯੋਗ ਅਤੇ ਵਿਕਾਸ ਦੇ ਮੌਕੇ ਚਾਹੁੰਦੇ ਹਨ। ਭਾਜਪਾ ਨੌਜਵਾਨਾਂ ਦੀਆਂ ਇਨ੍ਹਾਂ ਆਸਾਂ ਅਤੇ ਉਮੀਦਾਂ ਨੂੰ ਆਪਣੀ ਰਾਜਨੀਤੀ ਦਾ ਕੇਂਦਰ ਬਣਾਏਗੀ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਇਹ ਫੈਸਲਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੀ ਇੱਕ ਮਹੱਤਵਪੂਰਨ ਸੰਦੇਸ਼ ਹੈ। ਪੰਜਾਬ ਵਿੱਚ ਨੌਜਵਾਨਾਂ ਸਮੇਤ ਹਰ ਵਰਗ ਭਾਜਪਾ ਨੂੰ ਮਜ਼ਬੂਤ ਵਿਕਲਪ ਵਜੋਂ ਦੇਖ ਰਿਹਾ ਹੈ ਅਤੇ 2027 ਵਿੱਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣ ਲਈ ਪਾਰਟੀ ਪੂਰੀ ਤਾਕਤ ਨਾਲ ਕੰਮ ਕਰੇਗੀ।
ਉਨ੍ਹਾਂ ਨੇ ਅੰਕਿਤ ਬਿਧਾਨ, ਏ.ਬੀ.ਵੀ.ਪੀ. ਦੇ ਸਮੂਹ ਵਰਕਰਾਂ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਇਸ ਫੈਸਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਨਵੀਂ ਜ਼ਿੰਮੇਵਾਰੀ ਦੀ ਸ਼ੁਰੂਆਤ ਹੈ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਾ ਨਵੀਂ ਵਿਦਿਆਰਥੀ ਕੌਂਸਲ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।