ਸਮੇਂ ਸਿਰ ਪਛਾਣ ਕਰੋ: ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਉਹ ਸੰਕੇਤ, ਜਿਨ੍ਹਾਂ ਬਾਰੇ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ
ਦੇਖਭਾਲ, ਸੰਵੇਦਨਸ਼ੀਲਤਾ ਅਤੇ ਗੱਲਬਾਤ ਰਾਹੀਂ ਹਰ ਬੱਚੇ ਨੂੰ ਨਸ਼ੇ ਦੀ ਲਤ ਤੋਂ ਬਚਾਇਆ ਜਾ ਸਕਦਾ ਹੈ: ਡਾ. ਬਲਬੀਰ ਸਿੰਘ
ਬੱਚਿਆਂ ਲਈ ਅਜਿਹਾ ਸੁਰੱਖਿਅਤ ਸਹਾਰਾ ਬਣੋ ਕਿ ਨਸ਼ਾ ਉਨ੍ਹਾਂ ਲਈ ਕਦੇ ਵੀ ਬਚਣ ਦਾ ਰਾਹ ਨਾ ਬਣੇ: ਡਾ. ਈਸ਼ਾਨ ਪ੍ਰਕਾਸ਼ (ਨੋਡਲ ਮਨੋਚਿਕਿਤਸਕ, ਸੰਗਰੂਰ)
ਚੰਡੀਗੜ੍ਹ; 31 ਅਗਸਤ 2026 (ਦੀ ਪੰਜਾਬ ਵਾਇਰ)। ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੁਣ ਨਸ਼ਿਆਂ ਦੀ ਸਪਲਾਈ ’ਤੇ ਰੋਕ ਲਗਾਉਣ ਦੇ ਨਾਲ-ਨਾਲ ਨੌਜਵਾਨਾਂ ਦੇ ਨਸ਼ਿਆਂ ਦੀ ਲਪੇਟ ਵਿੱਚ ਆਉਣ ਦੀ ਸੰਭਾਵਨਾ ਨੂੰ ਸ਼ੁਰੂਆਤੀ ਪੜਾਅ ’ਤੇ ਪਛਾਣਨ ’ਤੇ ਵੀ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਦਾ ਯਤਨ ਹੈ ਕਿ ਨੌਜਵਾਨਾਂ ਨੂੰ ਉਸੇ ਸਮੇਂ ਮਦਦ ਮਿਲ ਸਕੇ, ਜਦੋਂ ਕਦੇ-ਕਦਾਈਂ ਜਾਂ ਪ੍ਰਯੋਗ ਵਜੋਂ ਕੀਤੀ ਜਾਣ ਵਾਲੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਅੱਗੇ ਚੱਲ ਕੇ ਨਸ਼ੇ ’ਤੇ ਨਿਰਭਰਤਾ ਜਾਂ ਲਤ ਵਿੱਚ ਨਾ ਬਦਲੇ। ਅਜਿਹੇ ਵਿੱਚ ਮਾਪਿਆਂ ਸਾਹਮਣੇ ਇੱਕ ਸਿੱਧਾ ਸਵਾਲ ਹੈ: ਕੀ ਪਰਿਵਾਰਕ ਮੈਂਬਰ ਅਜਿਹੇ ਸੰਕੇਤ ਪਛਾਣ ਸਕਦੇ ਹਨ, ਜਿਨ੍ਹਾਂ ਦੇ ਆਧਾਰ ’ਤੇ ਸਮੇਂ ਸਿਰ ਦਖ਼ਲ ਦੇ ਕੇ ਬੱਚੇ ਨੂੰ ਨਸ਼ੇ ਦੀ ਲਤ ਵਿੱਚ ਪੈਣ ਤੋਂ ਰੋਕਿਆ ਜਾ ਸਕੇ? ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਸੰਕੇਤ ਮੌਜੂਦ ਹੁੰਦੇ ਹਨ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਦੇਖਭਾਲ, ਸੰਵੇਦਨਸ਼ੀਲਤਾ ਅਤੇ ਗੱਲਬਾਤ ਰਾਹੀਂ ਹਰ ਬੱਚੇ ਨੂੰ ਨਸ਼ੇ ਦੀ ਲਤ ਤੋਂ ਬਚਾਇਆ ਜਾ ਸਕਦਾ ਹੈ। ਪਰਿਵਾਰ, ਦੇਖਭਾਲ ਕਰਨ ਵਾਲਿਆਂ ਅਤੇ ਪੂਰੇ ਸਮਾਜ ਵਜੋਂ ਸਾਨੂੰ ਆਪਣੀਆਂ ਅੱਖਾਂ, ਕੰਨ ਅਤੇ ਦਿਲ ਖੁੱਲ੍ਹੇ ਰੱਖਣੇ ਹੋਣਗੇ।” ਉਨ੍ਹਾਂ ਅੱਗੇ ਕਿਹਾ, “ਜੇ ਤੁਹਾਨੂੰ ਆਪਣੇ ਕਿਸੇ ਨਜ਼ਦੀਕੀ ਵਿਅਕਤੀ ਦੇ ਵਿਹਾਰ ਵਿੱਚ ਕੁਝ ਚਿੰਤਾਜਨਕ ਤਬਦੀਲੀਆਂ ਨਜ਼ਰ ਆਉਂਦੀਆਂ ਹਨ, ਤਾਂ ਉਨ੍ਹਾਂ ਵੱਲ ਧਿਆਨ ਦਿਓ ਅਤੇ ਸੰਵੇਦਨਸ਼ੀਲਤਾ ਨਾਲ ਪ੍ਰਤੀਕਿਰਿਆ ਦਿਓ।”
ਸ਼ੁਰੂਆਤੀ ਸੰਕੇਤਾਂ ਦੀ ਪਛਾਣ
ਨਸ਼ੇ ਦੀ ਲਤ ਹਮੇਸ਼ਾ ਕਿਸੇ ਵੱਡੇ ਜਾਂ ਸਪੱਸ਼ਟ ਚੇਤਾਵਨੀ ਸੰਕੇਤ ਨਾਲ ਸਾਹਮਣੇ ਨਹੀਂ ਆਉਂਦੀ। ਅਕਸਰ ਇਸਦੀ ਸ਼ੁਰੂਆਤ ਬਹੁਤ ਚੁੱਪ-ਚਾਪ ਹੁੰਦੀ ਹੈ—ਜਿਵੇਂ ਵਿਹਾਰ ਵਿੱਚ ਤਬਦੀਲੀ, ਪੁਰਾਣੇ ਦੋਸਤਾਂ ਦੀ ਥਾਂ ਨਵੇਂ ਦੋਸਤ, ਕਿਸੇ ਗੁਪਤ ਜਾਂ ਲੁਕਵੇਂ ਗਰੁੱਪ ਦਾ ਹਿੱਸਾ ਬਣ ਜਾਣਾ, ਘੰਟਿਆਂ ਤੱਕ ਬਾਥਰੂਮ ਜਾਂ ਅੰਦਰੋਂ ਬੰਦ ਕਮਰੇ ਵਿੱਚ ਰਹਿਣਾ, ਜਾਂ ਉਨ੍ਹਾਂ ਗਤੀਵਿਧੀਆਂ ਅਤੇ ਸ਼ੌਕਾਂ ਵਿੱਚ ਅਚਾਨਕ ਦਿਲਚਸਪੀ ਖ਼ਤਮ ਹੋ ਜਾਣਾ, ਜੋ ਪਹਿਲਾਂ ਬੱਚੇ ਲਈ ਬਹੁਤ ਮਹੱਤਵਪੂਰਨ ਹੁੰਦੇ ਸਨ।
ਮਾਪਿਆਂ ਨਾਲ ਗੱਲਬਾਤ ਦੌਰਾਨ ਬੱਚੇ ਦੇ ਵਿਹਾਰ ਵਿੱਚ ਗੁੱਸਾ, ਭਾਵਨਾਤਮਕ ਉਤੇਜਨਾ ਆਦਿ ਵਰਗੀਆਂ ਤਬਦੀਲੀਆਂ ਨਜ਼ਰ ਆ ਸਕਦੀਆਂ ਹਨ। ਸਕੂਲ ਜਾਂ ਅਧਿਆਪਕਾਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਮਿਲਣਾ ਵੀ ਇੱਕ ਸੰਕੇਤ ਹੋ ਸਕਦਾ ਹੈ। ਨੀਂਦ ਵਿੱਚ ਤਬਦੀਲੀ ਵੀ ਇੱਕ ਮਹੱਤਵਪੂਰਨ ਸੰਕੇਤ ਹੈ। ਪੂਰੀ ਰਾਤ ਜਾਗਦੇ ਰਹਿਣਾ, ਅਸਧਾਰਨ ਸਮਿਆਂ ’ਤੇ ਸੌਣਾ ਜਾਂ ਰੋਜ਼ਾਨਾ ਰੁਟੀਨ ਵਿੱਚ ਅਚਾਨਕ ਤਬਦੀਲੀ ਇਸ ਗੱਲ ਦਾ ਸੰਕੇਤ ਹੋ ਸਕਦੀ ਹੈ ਕਿ ਕੁਝ ਗਲਤ ਹੈ। ਇਸੇ ਤਰ੍ਹਾਂ, ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਵਾਰ-ਵਾਰ ਪੈਸੇ ਮੰਗਣਾ ਅਤੇ ਇਹ ਨਾ ਦੱਸ ਸਕਣਾ ਕਿ ਪੈਸਾ ਕਿੱਥੇ ਖ਼ਰਚ ਹੋਇਆ, ਜਾਂ ਘਰ ਵਿੱਚੋਂ ਪੈਸੇ ਗਾਇਬ ਹੋਣਾ ਵੀ ਚਿੰਤਾ ਦਾ ਕਾਰਨ ਹੋ ਸਕਦਾ ਹੈ।
ਦਿੱਖ ਅਤੇ ਨਿੱਜੀ ਸਫ਼ਾਈ ਪ੍ਰਤੀ ਲਾਪਰਵਾਹੀ, ਭੁੱਖ ਘਟਣਾ ਜਾਂ ਭਾਰ ਘਟਣਾ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਤਬਦੀਲੀ ਵੀ ਚੇਤਾਵਨੀ ਦੇ ਸੰਕੇਤ ਹੋ ਸਕਦੇ ਹਨ। ਇਸ ਤੋਂ ਇਲਾਵਾ ਕੁਝ ਸਰੀਰਕ ਸੰਕੇਤ ਵੀ ਦਿਖਾਈ ਦੇ ਸਕਦੇ ਹਨ, ਜਿਵੇਂ ਅੱਖਾਂ ਦਾ ਲਾਲ ਜਾਂ ਧੁੰਦਲਾ/ਬੇਜਾਨ ਜਿਹਾ ਦਿਖਾਈ ਦੇਣਾ, ਪੁਤਲੀਆਂ ਦੇ ਆਕਾਰ ਵਿੱਚ ਅਸਾਧਾਰਨ ਤਬਦੀਲੀ, ਬਹੁਤ ਜ਼ਿਆਦਾ ਸੁਸਤੀ ਜਾਂ ਵਾਰ-ਵਾਰ ਥਕਾਵਟ ਮਹਿਸੂਸ ਹੋਣਾ, ਬੇਚੈਨੀ, ਹੱਥ-ਪੈਰ ਕੰਬਣਾ, ਬੋਲਣ ਵਿੱਚ ਅਸਪੱਸ਼ਟਤਾ, ਸਰੀਰਕ ਤਾਲਮੇਲ ਵਿੱਚ ਕਮੀ, ਵਾਰ-ਵਾਰ ਸੱਟਾਂ ਦੇ ਨਿਸ਼ਾਨ ਜਾਂ ਗੰਭੀਰ ਮਾਮਲਿਆਂ ਵਿੱਚ ਟੀਕੇ ਲਗਾਉਣ ਦੇ ਨਿਸ਼ਾਨ।
ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਇੱਕ ਸੰਕੇਤ ਦੇ ਆਧਾਰ ’ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਕਿਸ਼ੋਰ ਦਾ ਕਦੇ-ਕਦਾਈਂ ਦੇਰ ਰਾਤ ਤੱਕ ਜਾਗਣਾ ਆਮ ਗੱਲ ਹੋ ਸਕਦੀ ਹੈ, ਪਰ ਜੇ ਕੋਈ ਬੱਚਾ ਲਗਾਤਾਰ ਆਪਣੇ ਆਪ ਨੂੰ ਅਲੱਗ-ਥਲੱਗ ਰੱਖਣ ਲੱਗੇ, ਬਹੁਤ ਜ਼ਿਆਦਾ ਗੁਪਤ ਵਿਹਾਰ ਕਰੇ, ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਪ੍ਰਤੀ ਉਦਾਸੀਨ ਨਜ਼ਰ ਆਵੇ ਅਤੇ ਮਾਮੂਲੀ ਸਵਾਲ ਪੁੱਛਣ ’ਤੇ ਵੀ ਰੱਖਿਆਤਮਕ ਹੋ ਜਾਵੇ, ਤਾਂ ਇਨ੍ਹਾਂ ਸੰਕੇਤਾਂ ਦੇ ਇਕੱਠੇ ਨਜ਼ਰ ਆਉਣ ਨੂੰ ਵਿਹਾਰ ਵਿੱਚ ਬਣ ਰਹੇ ਇੱਕ ਪੈਟਰਨ ਵਜੋਂ ਦੇਖਣਾ ਚਾਹੀਦਾ ਹੈ। ਅਜਿਹੇ ਸਮੇਂ ਮਾਪਿਆਂ ਨੂੰ ਮਾਹਿਰ ਦੀ ਮਦਦ ਲੈਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
ਜ਼ਿਲ੍ਹਾ ਨੋਡਲ ਮਨੋਚਿਕਿਤਸਕ, ਸੰਗਰੂਰ, ਡਾ. ਈਸ਼ਾਨ ਪ੍ਰਕਾਸ਼ ਨੇ ਕਿਹਾ, “ਪਰਿਵਾਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਸਭ ਤੋਂ ਵੱਡੀਆਂ ਗਲਤੀਆਂ ਵਿੱਚੋਂ ਇੱਕ ਹੈ ਮਦਦ ਲੈਣ ਵਿੱਚ ਦੇਰੀ ਕਰਦੇ ਰਹਿਣਾ। ਬੱਚਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਿਹਾ ਹੈ, ਇਹ ਸਾਬਤ ਕਰਨ ਲਈ ਗੱਲਬਾਤ ਸ਼ੁਰੂ ਕਰਨ ਜਾਂ ਕਿਸੇ ਮਾਹਿਰ ਤੋਂ ਸਲਾਹ ਲੈਣ ਤੋਂ ਪਹਿਲਾਂ ਪੱਕੇ ਸਬੂਤ ਦੀ ਉਡੀਕ ਕਰਨਾ ਜ਼ਰੂਰੀ ਨਹੀਂ ਹੈ। ਸਾਡੇ ਸਮਾਜ ਵਿੱਚ ਕਈ ਮਾਪਿਆਂ ਦੀ ਸਮਾਜਿਕ ਬਦਨਾਮੀ ਜਾਂ ‘ਲੋਕ ਕੀ ਕਹਿਣਗੇ’ ਵਰਗੀ ਚਿੰਤਾ ਨੌਜਵਾਨ ਨੂੰ ਸਮੇਂ ਸਿਰ ਸਹਾਇਤਾ ਮਿਲਣ ਵਿੱਚ ਰੁਕਾਵਟ ਬਣ ਸਕਦੀ ਹੈ। ਕਿਸੇ ਨੌਜਵਾਨ ਦੇ ਗੰਭੀਰ ਮੁਸ਼ਕਲ ਵਿੱਚ ਫਸਣ ਦੀ ਉਡੀਕ ਕਰਨ ਦੀ ਬਜਾਏ ਸਮੇਂ ਸਿਰ ਮਾਰਗਦਰਸ਼ਨ ਲੈਣਾ ਹਮੇਸ਼ਾ ਬਿਹਤਰ ਹੁੰਦਾ ਹੈ।” ਉਨ੍ਹਾਂ ਕਿਹਾ, “ਦੇਖਭਾਲ ਕਰਨ ਵਾਲੇ ਮਾਪੇ ਨਸ਼ੇ ਦੀ ਲਤ ਵਿਰੁੱਧ ਪਹਿਲੀ ਸੁਰੱਖਿਆ ਕਤਾਰ ਹਨ। ਬੱਚਿਆਂ ਲਈ ਅਜਿਹਾ ਸੁਰੱਖਿਅਤ ਸਹਾਰਾ ਬਣੋ ਕਿ ਨਸ਼ਾ ਉਨ੍ਹਾਂ ਲਈ ਕਦੇ ਵੀ ਬਚਣ ਦਾ ਰਾਹ ਨਾ ਬਣੇ।”
ਸਮੇਂ ਸਿਰ ਦਖ਼ਲ
ਇੱਕ ਵਾਰ ਵਿਹਾਰ ਵਿੱਚ ਕਿਸੇ ਤਰ੍ਹਾਂ ਦਾ ਪੈਟਰਨ ਨਜ਼ਰ ਆਉਣ ਲੱਗੇ, ਤਾਂ ਉਸਦੀ ਪਛਾਣ ਕਰਨ ਦੇ ਨਾਲ-ਨਾਲ ਮਾਪਿਆਂ ਦੀ ਪ੍ਰਤੀਕਿਰਿਆ ਵੀ ਓਨੀ ਹੀ ਮਹੱਤਵਪੂਰਨ ਹੋ ਜਾਂਦੀ ਹੈ। ਬੱਚੇ ਨੂੰ ਭਾਸ਼ਣ ਦੇਣ ਜਾਂ ਝਿੜਕਣ ਦੀ ਬਜਾਏ ਖੁੱਲ੍ਹੇ ਸਵਾਲ ਪੁੱਛਣਾ, ਸ਼ਾਂਤ ਅਤੇ ਨਿਰਪੱਖ ਰਵੱਈਆ ਅਪਣਾਉਣਾ ਅਤੇ ਬੱਚੇ ਦੀ ਗੱਲ ਨੂੰ ਸੱਚਮੁੱਚ ਧਿਆਨ ਨਾਲ ਸੁਣਨਾ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ। ਉਦਾਹਰਨ ਵਜੋਂ, “ਸਾਨੂੰ ਲੱਗਦਾ ਹੈ ਕਿ ਕੋਈ ਗੱਲ ਤੈਨੂੰ ਪਰੇਸ਼ਾਨ ਕਰ ਰਹੀ ਹੈ। ਕੀ ਤੂੰ ਦੱਸਣਾ ਚਾਹੇਂਗਾ ਕਿ ਇਨ੍ਹਾਂ ਦਿਨਾਂ ਸਕੂਲ ਵਿੱਚ ਕੀ ਚੱਲ ਰਿਹਾ ਹੈ?” ਵਰਗੇ ਸਧਾਰਨ ਸਵਾਲ ਸਿੱਧਾ ਦੋਸ਼ ਲਗਾਉਣ ਦੀ ਬਜਾਏ ਗੱਲਬਾਤ ਲਈ ਕਿਤੇ ਬਿਹਤਰ ਮਾਹੌਲ ਪੈਦਾ ਕਰ ਸਕਦੇ ਹਨ।
ਜੇ ਮਾਪਿਆਂ ਨੂੰ ਪਤਾ ਲੱਗਦਾ ਹੈ ਕਿ ਬੱਚਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਿਹਾ ਹੈ, ਤਾਂ ਸੁਭਾਵਿਕ ਤੌਰ ’ਤੇ ਸਖ਼ਤ ਪ੍ਰਤੀਕਿਰਿਆ ਦੇਣ ਦਾ ਮਨ ਹੋ ਸਕਦਾ ਹੈ, ਪਰ ਅਜਿਹਾ ਕਰਨਾ ਅਕਸਰ ਸਥਿਤੀ ਨੂੰ ਹੋਰ ਵਿਗਾੜ ਸਕਦਾ ਹੈ। ਭਾਵਨਾਤਮਕ ਤੌਰ ’ਤੇ ਤਣਾਅਪੂਰਨ ਟਕਰਾਅ ਬੱਚੇ ਨੂੰ ਹੋਰ ਜ਼ਿਆਦਾ ਗੁਪਤ ਵਿਹਾਰ ਵੱਲ ਧੱਕ ਸਕਦਾ ਹੈ। ਅਜਿਹੇ ਵਿੱਚ ਬਿਹਤਰ ਤਰੀਕਾ ਇਹ ਹੈ ਕਿ ਮਾਪੇ ਪਹਿਲਾਂ ਆਪਣੇ ਆਪ ਨੂੰ ਸ਼ਾਂਤ ਕਰਨ ਅਤੇ ਫਿਰ ਬੱਚੇ ਨਾਲ ਨਿੱਜੀ ਅਤੇ ਸ਼ਾਂਤਮਈ ਗੱਲਬਾਤ ਕਰਨ, ਜਿਸਦਾ ਉਦੇਸ਼ ਉਸਦੇ ਵਿਹਾਰ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਣਾ ਹੋਵੇ। ਜੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਸ਼ੱਕ ਹੋਵੇ ਜਾਂ ਬੱਚਾ ਖ਼ੁਦ ਇਸ ਬਾਰੇ ਦੱਸੇ, ਤਾਂ ਮਾਪਿਆਂ ਨੂੰ ਉਸਨੂੰ ਸ਼ਰਮਿੰਦਾ ਕਰਨ, ਧਮਕਾਉਣ, ਕਿਸੇ ਨਕਾਰਾਤਮਕ ਨਾਂ ਜਾਂ ਲੇਬਲ ਨਾਲ ਸੰਬੋਧਨ ਕਰਨ ਜਾਂ ਸਿਰਫ਼ ਸਜ਼ਾ ’ਤੇ ਨਿਰਭਰ ਰਹਿਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਅਜਿਹੇ ਤਰੀਕੇ ਬੱਚੇ ਨੂੰ ਮਦਦ ਮੰਗਣ ਤੋਂ ਹੌਸਲਾ-ਸ਼ਿਕਨ ਕਰ ਸਕਦੇ ਹਨ। ਇਸ ਦੀ ਬਜਾਏ, ਮਾਪਿਆਂ ਨੂੰ ਉਸਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ, ਆਪਣੀ ਚਿੰਤਾ ਅਤੇ ਪਰਵਾਹ ਪ੍ਰਗਟ ਕਰਨੀ ਚਾਹੀਦੀ ਹੈ ਅਤੇ ਬੱਚੇ ਨਾਲ ਮਿਲ ਕੇ ਉਸ ਲਈ ਢੁੱਕਵੀਂ ਸਹਾਇਤਾ ਅਤੇ ਇਲਾਜ ਦਾ ਰਾਹ ਲੱਭਣਾ ਚਾਹੀਦਾ ਹੈ।
ਜੇ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਚਿੰਤਤ ਹੋ ਜਾਂ ਇਹ ਸਮਝ ਨਹੀਂ ਪਾ ਰਹੇ ਕਿ ਸ਼ੁਰੂਆਤ ਕਿੱਥੋਂ ਕਰਨੀ ਹੈ, ਤਾਂ ਤੁਹਾਨੂੰ ਇਹ ਸਭ ਕੁਝ ਇਕੱਲਿਆਂ ਕਰਨ ਦੀ ਲੋੜ ਨਹੀਂ ਹੈ। ਪਰਿਵਾਰ ਟੈਲੀ-ਮਾਨਸ ਹੈਲਪਲਾਈਨ 1800-89-14416 ’ਤੇ ਸੰਪਰਕ ਕਰਕੇ ਗੁਪਤ ਅਤੇ ਮਾਹਿਰ ਮਾਰਗਦਰਸ਼ਨ ਪ੍ਰਾਪਤ ਕਰ ਸਕਦੇ ਹਨ।