ਪੰਜਾਬ

ਬਾਜਵਾ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਲਈ ਭਾਰਤ ਰਤਨ ਦੀ ਮੰਗ ਕਰਨ ਵਾਲੇ ਮਤੇ ਦਾ ਵਿਰੋਧ ਕਰਨ ਲਈ ‘ਆਪ’ ਦੀ ਆਲੋਚਨਾ ਕੀਤੀ

ਬਾਜਵਾ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਲਈ ਭਾਰਤ ਰਤਨ ਦੀ ਮੰਗ ਕਰਨ ਵਾਲੇ ਮਤੇ ਦਾ ਵਿਰੋਧ ਕਰਨ ਲਈ ‘ਆਪ’ ਦੀ ਆਲੋਚਨਾ ਕੀਤੀ
  • PublishedMarch 27, 2025

ਚੰਡੀਗੜ੍ਹ, 27 ਮਾਰਚ 2025 (ਦੀ ਪੰਜਾਬ ਵਾਇਰ)– ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਨੂੰ ਅਖੌਤੀ ਇਨਕਲਾਬੀਆਂ ਦੱਸਦਿਆਂ ਪੰਜਾਬ ਕਾਂਗਰਸ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਸਬੰਧੀ ਲਿਆਂਦੇ ਮਤੇ ਦਾ ਵਿਰੋਧ ਕਰਨ ‘ਤੇ ਪੰਜਾਬ ਦੀ ‘ਆਪ’ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ।

ਸਮੁੱਚੀ ਪੰਜਾਬ ਕਾਂਗਰਸ ਵੱਲੋਂ ਬਾਜਵਾ ਵੱਲੋਂ ਲਿਆਂਦੇ ਮਤੇ ਵਿੱਚ ਕਿਹਾ ਗਿਆ ਹੈ, “ਇਹ ਸਦਨ ਸਰਬਸੰਮਤੀ ਨਾਲ ਭਾਰਤ ਸਰਕਾਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਦੇਣ ਦੀ ਸਿਫ਼ਾਰਸ਼ ਕਰਨ ਦਾ ਫ਼ੈਸਲਾ ਕਰਦਾ ਹੈ ਕਿਉਂਕਿ ਉਨ੍ਹਾਂ ਨੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਵਿਰੁੱਧ ਅੰਦੋਲਨ ਨੂੰ ਜਗਾਉਣ ਵਿੱਚ ਬੇਮਿਸਾਲ ਅਤੇ ਪ੍ਰੇਰਣਾਦਾਇਕ ਕੁਰਬਾਨੀ ਦਿੱਤੀ ਸੀ। ਅੱਜ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਨ ਦੀ ਬਜਾਏ ਅਖੌਤੀ ਇਨਕਲਾਬੀਆਂ- ‘ਆਪ’ ਨੇ ਇਸ ਦਾ ਵਿਰੋਧ ਕੀਤਾ, ਜੋ ਕਿ ਬਹੁਤ ਮੰਦਭਾਗਾ ਹੈ।

ਉਨ੍ਹਾਂ ਕਿਹਾ ਕਿ ਸਪੀਕਰ ਵੱਲੋਂ ਮੈਨੂੰ ਸਮਾਂ ਦਿੱਤੇ ਜਾਣ ਤੋਂ ਬਾਅਦ ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਤਾਂ ‘ਆਪ’ ਵਿਧਾਇਕਾਂ ਨੇ ਮਤੇ ‘ਤੇ ਇਤਰਾਜ਼ ਜਤਾਉਣ ਲਈ ਰੌਲਾ ਪਾਇਆ। ਅਜਿਹਾ ਲੱਗਦਾ ਹੈ ਕਿ ‘ਆਪ’ ਵਿਧਾਇਕਾਂ ਨੂੰ ਦਿੱਲੀ ਤੋਂ ਨਿਰਦੇਸ਼ ਮਿਲ ਗਏ ਹਨ ਅਤੇ ਉਨ੍ਹਾਂ ਨੇ ਪਹਿਲਾਂ ਹੀ ਇਸ ਦੀ ਸਾਜ਼ਿਸ਼ ਰਚੀ ਸੀ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਅਜਿਹੇ ਮਤੇ ਦਾ ਵਿਰੋਧ ਕਰਨ ਦੀ ‘ਆਪ’ ਦੀ ਕੋਸ਼ਿਸ਼ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੇ ਅਪਮਾਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਰ ਸਰਕਾਰੀ ਦਫ਼ਤਰ ਵਿਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਡਾ. ਬੀ. ਆਰ. ਅੰਬੇਡਕਰ ਦੀਆਂ ਤਸਵੀਰਾਂ ਲਗਾਈਆਂ ਹਨ ਪਰ ਉਹ ਜੇਮਜ਼ ਸਕਾਟ ਦੇ ਸਿਧਾਂਤਾਂ ਦੀ ਪਾਲਨਾ ਕਰਦੇ ਹਨ, ਜਿਨ੍ਹਾਂ ਨੇ ਸਾਈਮਨ ਕਮਿਸ਼ਨ ਵਿਰੁੱਧ ਪ੍ਰਦਰਸ਼ਨ ਦੌਰਾਨ ਲਾਲਾ ਲਾਜਪਤ ਰਾਏ ‘ਤੇ ਹਮਲਾ ਕਰਨ ਦਾ ਆਦੇਸ਼ ਦਿੱਤਾ ਸੀ। ਉਹ ਭਗਤ ਸਿੰਘ ਦਾ ਪ੍ਰਚਾਰ ਕਰਦੇ ਹਨ ਪਰ ਜੇਮਜ਼ ਸਕਾਟ ਦੇ ਸਿਧਾਂਤ ‘ਤੇ ਚਲਦੇ ਹਨ।

ਬਾਜਵਾ ਨੇ ਕਿਹਾ ਕਿ ਪਟਿਆਲਾ ਦੇ ਪਿੰਡ ਘੱਗਾ ਦੇ ਭਗਵੰਤ ਸਿੰਘ ਸਾਲਾਂ ਤੋਂ ਇਸੇ ਮੁੱਦੇ ‘ਤੇ ਕੰਮ ਕਰ ਰਹੇ ਹਨ। ਉਸਨੇ ਕਈ ਸਿਆਸੀ ਆਗੂਆਂ ਨੂੰ ਇਸ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਣ ਲਈ ਮਜਬੂਰ ਕੀਤਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ‘ਆਪ’ ਲੀਡਰਸ਼ਿਪ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਨੂੰ ਭਾਰਤ ਰਤਨ ਅਤੇ ਰਾਸ਼ਟਰੀ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਜਦੋਂ ਕਾਂਗਰਸ ਨੇ ਇਸ ‘ਤੇ ਮਤਾ ਲਿਆਂਦਾ ਤਾਂ ‘ਆਪ’ ਨੇ ਇਸ ਦਾ ਖੁੱਲ ਕੇ ਵਿਰੋਧ ਕੀਤਾ।

ਬਾਜਵਾ ਨੇ ਕਿਹਾ ਕਿ ਜੇਕਰ ਇਹੀ ਮਤਾ ‘ਆਪ’ ਵੱਲੋਂ ਲਿਆਂਦਾ ਗਿਆ ਹੁੰਦਾ ਤਾਂ ਅਸੀਂ ਖੁੱਲੇ ਦਿਲ ਨਾਲ ਇਸ ਦਾ ਸਮਰਥਨ ਕਰਦੇ।

ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਬੀਐਸ ਨਗਰ ਵਿਖੇ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਵੇਖਿਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਦੇ ਉੱਪਰ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ। ਕੀ ਇਹ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਅਪਮਾਨ ਨਹੀਂ ਹੈ?

Written By
The Punjab Wire