ਪੰਜਾਬ

ਮਾਨਸਾ ਕੈਂਚੀਆਂ ਤੋਂ ਭੀਖੀ ਤੱਕ ਸੜਕ ਨੂੰ ਮਜਬੂਤ ਕੀਤਾ ਜਾਵੇਗਾ : ਹਰਭਜਨ ਸਿੰਘ ਈ. ਟੀ. ਓ.

ਮਾਨਸਾ ਕੈਂਚੀਆਂ ਤੋਂ ਭੀਖੀ ਤੱਕ ਸੜਕ ਨੂੰ ਮਜਬੂਤ ਕੀਤਾ ਜਾਵੇਗਾ : ਹਰਭਜਨ ਸਿੰਘ ਈ. ਟੀ. ਓ.
  • PublishedMarch 27, 2025

ਚੰਡੀਗੜ੍ਹ,27 ਮਾਰਚ 2025 (ਦੀ ਪੰਜਾਬ ਵਾਇਰ)– ਪੰਜਾਬ ਸਰਕਾਰ ਵੱਲੋਂ ਮਾਨਸਾ ਕੈਂਚਿਆਂ ਤੋਂ ਭੀਖੀ ਤੱਕ ਸੜਕ ਨੂੰ ਮਜਬੂਤ ਕੀਤਾ ਜਾਵੇਗਾ ਇਹ ਜਾਣਕਾਰੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪੰਜਾਬ ਵਿਧਾਨ ਸਭਾ ਵਿਚ ਹਲਕਾ ਮਾਨਸਾ ਤੋਂ ਵਿਧਾਇਕ ਡਾਕਟਰ ਵਿਜੇ ਸਿੰਗਲਾ ਵਲੋਂ ਲਿਆਂਦੇ ਗਏ ਧਿਆਨ ਦਿਵਾਊ ਮਤੇ ਦੇ ਜਵਾਬ ਵਿੱਚ ਦਿੱਤੀ।

ਲੋਕ ਨਿਰਮਾਣ (ਭ ਤੇ ਮ) ਮੰਤਰੀ ਪੰਜਾਬ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਮਾਨਸਾ ਤੋਂ ਭਵਾਨੀਗੜ੍ਹ ਤੱਕ ਜਾਣ ਵਾਲੇ ਰਸਤੇ ਦੀ ਕੁੱਲ ਲੰਬਾਈ ਲਗਭੱਗ 73.08 ਕਿ.ਮੀ. ਹੈ ਅਤੇ ਇਹ ਤਿੰਨ ਜ਼ਿਲ੍ਹਿਆਂ ਬਠਿੰਡਾ-ਮਾਨਸਾ-ਸੰਗਰੂਰ ਵਿੱਚੋਂ ਲੰਘਦਾ ਹੈ।

ਮਾਨਸਾ ਰਾਮਦਿੱਤਾ ਚੌਕ ਤੋਂ ਮਾਨਸਾ ਕੈਂਚੀਆਂ ਤੱਕ (ਐਨ.ਐਚ-703) ਜਿਸਦੀ ਕੁੱਲ ਲੰਬਾਈ 7.300 ਕਿ.ਮੀ. ਹੈ ਜੋ ਕਿ ਪਹਿਲਾਂ ਤੋਂ ਹੀ 4-ਲੇਨ ਹੈ, ਦੀ ਰਿਪੇਅਰ ਦਾ ਅਨੁਮਾਨ ਮਨਿਸਟਰੀ ਆਫ ਰੋਡ ਟਰਾਂਸਪੋਰਟ ਅਤੇ ਹਾਈਵੇਜ਼, ਦਿੱਲੀ ਨੂੰ ਮੁੱਖ ਇੰਜੀਨੀਅਰ, ਨੈਸ਼ਨਲ ਹਾਈਵੇ ਵੱਲੋਂ ਮਿਤੀ 29.11.2024 ਨੂੰ ਮੰਨਜੂਰੀ ਲਈ ਭੇਜਿਆ ਜਾ ਚੁੱਕਿਆ ਹੈ। ਇਹ ਅਨੁਮਾਨ ਜਲਦੀ ਹੀ ਮੰਨਜ਼ੂਰ ਹੋਣ ਦੀ ਸੰਭਾਵਨਾ ਹੈ।

ਮਾਨਸਾ ਕੈਂਚਿਆਂ ਤੋਂ ਭੀਖੀ ਤੱਕ ਐਨ.ਐਚ-148ਬੀ ਹੈ। ਇਸ ਸੜਕ ਦੀ ਕੁਲ ਲੰਬਾਈ ਲਗਭਗ 12 ਕਿ.ਮੀ. ਹੈ ਅਤੇ ਇਸ ਦੀ ਚੌੜਾਈ 10 ਮੀਟਰ ਹੈ। ਇਸ ਸੜਕ ਦੀ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਅਤੇ ਪਾਲਿਸੀ ਅਨੁਸਾਰ ਇਸ ਨੂੰ ਮਜਬੂਤ ਕਰਨ ਦਾ ਅਨੁਮਾਨ ਮੁੱਖ ਇੰਜੀਨੀਅਰ, ਨੈਸ਼ਨਲ ਹਾਈਵੇ ਵੱਲੋਂ ਮਿਤੀ 31.12.2024 ਨੂੰ ਮੰਨਜੂਰੀ ਲਈ ਮਨਿਸਟਰੀ ਆਫ ਰੋਡ ਟਰਾਂਸਪੋਰਟ ਅਤੇ ਹਾਈਵੇਜ਼, ਦਿੱਲੀ ਨੂੰ ਭੇਜਿਆ ਜਾ ਚੁੱਕਾ ਹੈ। ਇਹ ਅਨੁਮਾਨ ਵੀ ਜਲਦੀ ਹੀ ਮੰਨਜ਼ੂਰ ਹੋਣ ਦੀ ਸੰਭਾਵਨਾ ਹੈ।

ਉਨ੍ਹਾਂ ਦੱਸਿਆ ਕਿ ਮਹਿਲਾਂ ਚੌਂਕ ਤੋਂ ਭਵਾਨੀਗੜ੍ਹ ਤੱਕ (ਸਟੇਟ ਹਾਈਵੇ 12-ਏ) ਜਾਂਦੀ ਸੜਕ ਜਿਸਦੀ ਲੰਬਾਈ ਲਗਭੱਗ 17 ਕਿ.ਮੀ. ਹੈ ਅਤੇ ਇਸ ਦੀ ਚੌੜਾਈ 10 ਮੀਟਰ ਹੈ। ਇਸ ਸੜਕ ਦੀ ਮੁਰੰਮਤ ਦਾ ਟੈਂਡਰ ਮਿਤੀ 01.03.2025 ਨੂੰ ਲਗਾਇਆ ਹੋਇਆ ਹੈ। ਟੈਂਡਰ ਅਲਾਟ ਹੋਣ ਉਪਰੰਤ ਇਸ ਕੰਮ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ।

Written By
The Punjab Wire