ਮੁੱਖ ਖ਼ਬਰ

ਪੰਜਾਬ ਸਰਕਾਰ ਨੇ ਕਿਰਤ ਵਿਭਾਗ ਦੀਆਂ ਸਾਰੀਆਂ ਸੇਵਾਵਾਂ ਤੇ ਉਦਯੋਗਿਕ ਸਕੀਮਾਂ ਆਨ ਲਾਈਨ ਕੀਤੀਆਂ – ਵਿਧਾਇਕ ਰੰਧਾਵਾ

ਪੰਜਾਬ ਸਰਕਾਰ ਨੇ ਕਿਰਤ ਵਿਭਾਗ ਦੀਆਂ ਸਾਰੀਆਂ ਸੇਵਾਵਾਂ ਤੇ ਉਦਯੋਗਿਕ ਸਕੀਮਾਂ ਆਨ ਲਾਈਨ ਕੀਤੀਆਂ – ਵਿਧਾਇਕ ਰੰਧਾਵਾ
  • PublishedFebruary 14, 2025

ਸ਼ਗਨ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਮੈਰਿਜ ਸਰਟੀਫਿਕੇਟ ਦੀ ਸ਼ਰਤ ਖ਼ਤਮ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 14 ਫਰਵਰੀ 2025 (ਦੀ ਪੰਜਾਬ ਵਾਇਰ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਰਤ ਵਿਭਾਗ ਨੇ ਵੱਖ-ਵੱਖ ਐਕਟਾਂ ਅਧੀਨ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ ਤੇ ਉਦਯੋਗਿਕ ਸਕੀਮਾਂ ਨੂੰ ਡਿਜ਼ੀਟਾਈਜ਼ ਕਰ ਦਿੱਤਾ ਹੈ। ਹੁਣ ਇੱਕ ਕਲਿੱਕ ਨਾਲ ਸਾਰੀਆਂ ਸੇਵਾਵਾਂ ਤੇ ਸਕੀਮਾਂ ਦਾ ਲਾਭ ਲਿਆ ਜਾ ਸਕਦਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਬਿਲਡਿੰਗ ਪਲਾਨ ਦੀ ਪ੍ਰਵਾਨਗੀ, ਫ਼ੈਕਟਰੀਆਂ ਦੀ ਰਜਿਸਟ੍ਰੇਸ਼ਨ, ਲਾਇਸੈਂਸ ਲਈ ਮਨਜ਼ੂਰੀ, ਲਾਇਸੈਂਸ ਦਾ ਨਵੀਨੀਕਰਨ, ਲਾਇਸੈਂਸ ਵਿੱਚ ਸੋਧ, ਰਾਤ ਦੀ ਸ਼ਿਫ਼ਟ ਵਿੱਚ ਮਹਿਲਾਵਾਂ ਨੂੰ ਰੋਜ਼ਗਾਰ ਦੇਣ ਦੀ ਇਜਾਜ਼ਤ, ਪ੍ਰਿੰਸੀਪਲ ਇੰਪਲਾਇਅਰ ਦੀ ਰਜਿਸਟ੍ਰੇਸ਼ਨ ਅਤੇ ਠੇਕੇਦਾਰ ਨੂੰ ਲਾਇਸੈਂਸ ਦੀ ਮਨਜ਼ੂਰੀ ਆਨ ਲਾਈਨ ਲਈ ਜਾ ਸਕਦੀ ਹੈ। ਇਹ ਸੇਵਾਵਾਂ ਵੈੱਬਸਾਈਟ https://pblabour.gov.in ਤੋਂ ਲਈਆਂ ਜਾ ਸਕਦੀਆਂ ਹਨ। ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਵੈੱਲਫੇਅਰ ਫ਼ੰਡ ਦਾ ਭੁਗਤਾਨ, ਪੰਜਾਬ ਲੇਬਰ ਵੈੱਲਫੇਅਰ ਬੋਰਡ ਦੇ ਲਾਭਾਂ ਸਬੰਧੀ ਦਾਅਵਾ, ਉਸਾਰੀ ਵਾਲੀ ਥਾਂ ਦੀ ਰਜਿਸਟ੍ਰੇਸ਼ਨ, ਟਰੇਡ ਯੂਨੀਅਨਾਂ ਦੀ ਰਜਿਸਟ੍ਰੇਸ਼ਨ, ਕਿਰਤ ਕਾਨੂੰਨਾਂ ਅਧੀਨ ਸਾਲਾਨਾ ਰਿਟਰਨ ਜਮ੍ਹਾਂ ਕਰਵਾਉਣਾ, ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੇ ਲਾਭਾਂ ਸਬੰਧੀ ਦਾਅਵਾ, ਦੁਕਾਨ ਅਤੇ ਵਪਾਰਕ ਅਦਾਰੇ ਦੀ ਰਜਿਸਟ੍ਰੇਸ਼ਨ ਆਦਿ ਸੇਵਾਵਾਂ ਵੀ ਆਨਲਾਈਨ ਇਸੇ ਵੈੱਬਸਾਈਟ ਤੋਂ ਲਈਆਂ ਜਾ ਸਕਦੀਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਵਜ਼ੀਫ਼ਾ ਸਕੀਮ, ਐੱਲ.ਟੀ.ਸੀ. ਸਕੀਮ ਅਤੇ ਸ਼ਗਨ ਸਕੀਮ ਸਮੇਤ ਹੋਰ ਭਲਾਈ ਸਕੀਮਾਂ ਸਬੰਧੀ ਨਿਯਮਾਂ ਅਤੇ ਸ਼ਰਤਾਂ ਵਿੱਚ ਢਿੱਲ ਦਿੱਤੀ ਗਈ ਹੈ।ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ ਲਈ ਦਿੱਤੀ ਜਾਂਦੀ ਵਜ਼ੀਫ਼ਾ ਸਕੀਮ ਲਈ ਕਿਰਤੀ ਦੀ ਦੋ ਸਾਲ ਦੀ ਸਰਵਿਸ ਹੋਣ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਕਿਰਤੀ ਵਜ਼ੀਫ਼ਾ ਸਕੀਮ ਦਾ ਲਾਭ ਅੰਸ਼ਦਾਨ ਕਰਨ ਦੀ ਮਿਤੀ ਤੋਂ ਹੀ ਲੈ ਸਕੇਗਾ। ਇਸੇ ਤਰ੍ਹਾਂ ਸ਼ਗਨ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਮੈਰਿਜ ਸਰਟੀਫਿਕੇਟ ਦੀ ਸ਼ਰਤ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਰਤੀ ਵਿਆਹ ਵਾਲੀ ਧਾਰਮਿਕ ਥਾਂ ਅਤੇ ਵਿਆਹ ਕਰਵਾਉਣ ਵਾਲੇ ਧਾਰਮਿਕ ਵਿਅਕਤੀ ਦੀਆਂ ਫ਼ੋਟੋਆਂ ਲਗਾ ਦੇ ਸ਼ਗਨ ਸਕੀਮ ਦਾ ਲਾਭ ਲੈ ਸਕਦਾ ਹੈ।

Written By
The Punjab Wire