ਪੰਜਾਬ ਪੁਲਿਸ ਨੇ ਸੂਬੇ ਦੀਆਂ ਸੜਕਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸੇਵ ਲਾਈਫ ਇੰਡੀਆ ਨਾਲ ਸਮਝੌਤਾ ਸਹੀਬੱਧ ਕੀਤਾ
![ਪੰਜਾਬ ਪੁਲਿਸ ਨੇ ਸੂਬੇ ਦੀਆਂ ਸੜਕਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸੇਵ ਲਾਈਫ ਇੰਡੀਆ ਨਾਲ ਸਮਝੌਤਾ ਸਹੀਬੱਧ ਕੀਤਾ](https://thepunjabwire.com/wp-content/uploads/2025/02/WhatsApp-Image-2025-02-10-at-5.47.36-AM-1-770x470.jpeg)
ਇਸ ਸਮਝੌਤੇ ‘ਤੇ ਏਡੀਜੀਪੀ ਟ੍ਰੈਫਿਕ ਏ.ਐਸ. ਰਾਏ ਅਤੇ ਸੇਵ ਲਾਈਫ ਫਾਊਂਡੇਸ਼ਨ ਦੇ ਸੰਸਥਾਪਕ ਪੀਯੂਸ਼ ਤਿਵਾਰੀ ਨੇ ਕੀਤੇ ਹਸਤਾਖਰ
ਹਾਦਸਿਆਂ ਨੂੰ ਰੋਕਣ ਲਈ ਹਾਦਸਿਆਂ ਦੀ ਵਿਗਿਆਨਕ ਜਾਂਚ, ਬਲੈਕ ਸਪਾਟ ਦੀ ਪਛਾਣ ਅਤੇ ਟੀਚਾਗਤ ਦਖਲ ‘ਤੇ ਧਿਆਨ ਕੇਂਦਰਿਤ ਕਰਨਾ ਇਸ ਸਮਝੌਤੇ ਦਾ ਉਦੇਸ਼ ਹੈ: ਡੀਜੀਪੀ ਪੰਜਾਬ ਗੌਰਵ ਯਾਦਵ
ਚੰਡੀਗੜ੍ਹ, 10 ਫਰਵਰੀ (ਦੀ ਪੰਜਾਬ ਵਾਇਰ)– ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਟ੍ਰੈਫਿਕ ਅਤੇ ਸੜਕ ਸੁਰੱਖਿਆ ਏ.ਐਸ. ਰਾਏ ਅਤੇ ਸੇਵ ਲਾਈਫ ਫਾਊਂਡੇਸ਼ਨ ਦੇ ਸੰਸਥਾਪਕ ਪਿਊਸ਼ ਤਿਵਾਰੀ ਵੱਲੋਂ ਇਸ ਸਮਝੌਤੇ ‘ਤੇ ਹਸਤਾਖਰ ਕੀਤੇ ਗਏ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਹ ਸਮਝੌਤਾ ਹਾਦਸਿਆਂ ਨੂੰ ਰੋਕਣ ਲਈ ਹਾਦਸੇ ਦੀ ਵਿਗਿਆਨਕ ਢੰਗ ਨਾਲ ਜਾਂਚ, ਬਲੈਕ ਸਪਾਟ ਦੀ ਪਛਾਣ ਅਤੇ ਟੀਚਾਗਤ ਦਖਲ ‘ਤੇ ਕੇਂਦ੍ਰਿਤ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਟ੍ਰੈਫਿਕ ਮੁਲਾਜ਼ਮਾਂ ਨੂੰ ਹਾਦਸਿਆਂ ਦੇ ਵਿਸ਼ਲੇਸ਼ਣ ਸਬੰਧੀ ਉੱਨਤ ਤਕਨੀਕਾਂ ਵਿੱਚ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ, ਜਿਸ ਨਾਲ ਇਸ ਸਹਿਯੋਗ ਤਹਿਤ ਨਿਯਮਾਂ ਅਤੇ ਪ੍ਰਭਾਵਸ਼ਾਲੀ ਸੜਕ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਸਬੰਧੀ ਉਨ੍ਹਾਂ ਦੀ ਯੋਗਤਾ ਵਿੱਚ ਵਾਧਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਸਬੂਤ-ਅਧਾਰਤ ਉਪਾਵਾਂ ਜ਼ਰੀਏ ਅਸੀਂ ਸੂਬੇ ਭਰ ਵਿੱਚ ਹਾਦਸਿਆਂ ਦੀ ਗਿਣਤੀ ਨੂੰ ਮਹੱਤਵਪੂਰਨ ਤੌਰ ‘ਤੇ ਘਟਾਉਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਹ ਸਰਗਰਮ ਪਹੁੰਚ ਦਾ ਉਦੇਸ਼ ਨਾ ਸਿਰਫ਼ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ ਬਲਕਿ ਸੜਕਾਂ ‘ਤੇ ਆਉਣ ਜਾਣ ਵਾਲੇ ਸਾਰੇ ਵਿਅਕਤੀਆਂ ਦਰਮਿਆਨ ਜਵਾਬਦੇਹੀ ਅਤੇ ਜਾਗਰੂਕਤਾ ਨੂੰ ਵੀ ਉਤਸ਼ਾਹਿਤ ਕਰਨਾ ਹੈ।
ਏਡੀਜੀਪੀ ਟ੍ਰੈਫਿਕ ਏ.ਐਸ. ਰਾਏ ਨੇ ਕਿਹਾ ਕਿ ਪੰਜਾਬ ਪੁਲਿਸ ਪੇਸ਼ੇਵਰ ਪੁਲਿਸਿੰਗ ਲਈ ਵਚਨਬੱਧ ਹੈ ਤਾਂ ਜੋ ਪੰਜਾਬ ਦੇ ਲੋਕ ਸੜਕਾਂ ‘ਤੇ ਯਾਤਰਾ ਕਰਦੇ ਸਮੇਂ ਸੁਰੱਖਿਅਤ ਮਹਿਸੂਸ ਕਰ ਸਕਣ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿਸਨੇ ਪੂਰੇ ਭਾਰਤ ਵਿੱਚ ਵਧ ਰਹੇ ਹਾਦਸਿਆਂ ਦੇ ਰੁਝਾਨ ਨੂੰ ਬਦਲ ਦਿੱਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ (ਐਸਐਸਐਫ) ਦੇ ਅਧੀਨ ਆਉਂਦੇ ਖੇਤਰ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ 48 ਫੀਸਦੀ ਕਮੀ ਆਈ ਹੈ ਜਦੋਂ ਕਿ ਸੂਬੇ ਭਰ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 5 ਫੀਸਦੀ ਕਮੀ ਆਈ ਹੈ। ਇਸੇ ਸਮੇਂ ਦੌਰਾਨ, ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ ਵਿੱਚ ਲਗਭਗ ਦੁੱਗਣਾ ਵਾਧਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਸੇਵ ਲਾਈਫ ਫਾਊਂਡੇਸ਼ਨ ਭਾਰਤ ਅਤੇ ਹੋਰ ਸਥਾਨਾਂ ‘ਤੇ ਸੜਕ ਸੁਰੱਖਿਆ ਅਤੇ ਟਰੌਮਾ ਕੇਅਰ ਦੇ ਮਹੱਤਵਪੂਰਨ ਮੁੱਦਿਆਂ ਦੇ ਉਪਾਅ ਪ੍ਰਦਾਨ ਕਰਕੇ ਅਤੇ ਖਾਸ ਤੌਰ ‘ਤੇ ਗਰੀਬ ਭਾਈਚਾਰਿਆਂ ਵਿੱਚ ਮੌਤਾਂ ਅਤੇ ਸੱਟਾਂ ਨੂੰ ਘਟਾਉਣ ‘ਤੇ ਧਿਆਨ ਕੇਂਦਰਿਤ ਕਰਕੇ ਸੜਕਾਂ ‘ਤੇ ਹੋਣ ਵਾਲੇ ਹਾਦਸਿਆਂ ਵਿੱਚ ਕੀਮਤੀ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।