17800 ਰੁਪਏ ਰਿਸ਼ਵਤ ਲੈਣ ਕਾਰਨ ਹੌਲਦਾਰ ’ਤੇ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖ਼ੋਰੀ ਦਾ ਕੇਸ ਦਰਜ
![17800 ਰੁਪਏ ਰਿਸ਼ਵਤ ਲੈਣ ਕਾਰਨ ਹੌਲਦਾਰ ’ਤੇ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖ਼ੋਰੀ ਦਾ ਕੇਸ ਦਰਜ](https://thepunjabwire.com/wp-content/uploads/2025/02/222-770x470.jpg)
ਚੰਡੀਗੜ 10 ਫਰਵਰੀ (ਦੀ ਪੰਜਾਬ ਵਾਇਰ)— ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਚੱਲ ਰਹੀ ਭਿ੍ਰਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਜ਼ਿਲਾ ਲੁਧਿਆਣਾ ਦੀ ਪੁਲਿਸ ਚੌਂਕੀ ਕੰਗਣਵਾਲ ਵਿਖੇ ਤਾਇਨਾਤ ਹੌਲਦਾਰ ਰਣਜੀਤ ਸਿੰਘ ਵਿਰੁੱਧ ਵੱਖ-ਵੱਖ ਸਮਿਆਂ ਤੇ ਗੂਗਲ ਪੇਅ ਰਾਹੀਂ ਅਤੇ ਨਕਦ 17800 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਭਿ੍ਰਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ।
ਅੱਜ ਇੱਥੇ ਇਹ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਵਿਰੁੱਧ ਇਹ ਕੇਸ ਸਾਹਨੇਵਾਲ ਰੋਡ, ਲੁਧਿਆਣਾ ਦੇ ਨਿਊ ਸਤਿਗੁਰੂ ਨਗਰ ਦੇ ਵਸਨੀਕ ਇੰਦਰਾ ਪ੍ਰਸਾਦ ਵੱਲੋਂ ਮੁੱਖ ਮੰਤਰੀ ਦੀ ਭਿ੍ਰਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਾਇਰ ਕਰਵਾਈ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਦਾ ਦੁਕਾਨ ਵੇਚਣ ਨੂੰ ਲੈ ਕੇ ਕਿਸੇ ਨਾਲ ਝਗੜਾ ਚੱਲ ਰਿਹਾ ਸੀ ਅਤੇ ਮੁੱਖ ਮੁਨਸ਼ੀ ਰਾਮ ਮੂਰਤੀ ਨੇ ਉਸਨੂੰ ਪੁਲਿਸ ਚੌਕੀ ਬੁਲਾਇਆ ਸੀ, ਪਰ ਉਸ ਮੌਕੇ ਹੌਲਦਾਰ ਰਣਜੀਤ ਸਿੰਘ ਨੇ ਉਸਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ। ਸ਼ਿਕਾਇਤ ਅਨੁਸਾਰ ਉਕਤ ਮੁਲਜ਼ਮ ਹੌਲਦਾਰ ਨੇ ਉਸਦੀ ਜੇਬ ਚੋਂ 800 ਰੁਪਏ ਮੌਕੇ ਤੇ ਹੀ ਕੱਢ ਲਏ ਤੇ ਉਸਨੂੰ ਛੱਡ ਦਿੱਤਾ। ਬਾਅਦ ਵਿੱਚ, ਉਕਤ ਮੁਲਜ਼ਮ ਨੇ ਸ਼ਿਕਾਇਤਕਰਤਾ ਤੋਂ ਗੂਗਲ ਪੇਅ ਰਾਹੀਂ 10,000 ਰੁਪਏ ਅਤੇ 7000 ਰੁਪਏ ਨਕਦੀ ਦੇ ਰੂਪ ਵਿੱਚ ਰਿਸ਼ਵਤ ਲਈ।
ਬੁਲਾਰੇ ਨੇ ਅੱਗੇ ਕਿਹਾ ਸ਼ਿਕਾਇਤ ਦੀ ਪੜਤਾਲ ਤੇ ਦੌਰਾਨ ਸ਼ਿਕਾਇਤਕਰਤਾ ਦੁਆਰਾ ਲਗਾਏ ਗਏ ਦੋਸ਼ ਸਹੀ-ਵ-ਦਰੁਸਤ ਪਾਏ ਗਏ ਅਤੇ ਪ੍ਰਾਪਤ ਹੋਏ ਮੌਖਿਕ, ਆਡੀਓ ਅਤੇ ਦਸਤਾਵੇਜੀ ਸਬੂਤਾਂ ਤੋਂ ਵੀ ਉਕਤ ਦੋਸ਼ਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ, ਉਕਤ ਮੁਲਜ਼ਮ ਵਿਰੁੱਧ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਥਾਣਾ ਲੁਧਿਆਣਾ ਰੇਂਜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੇਸ ਦੀ ਅਗਲੇਰੀ ਜਾਂਚ ਦੌਰਾਨ ਸਹਾਇਕ ਸਬ-ਇੰਸਪੈਕਟਰ ਮੇਵਾ ਸਿੰਘ, ਸਹਾਇਕ ਸਬ-ਇੰਸਪੈਕਟਰ ਰਾਮ ਮੂਰਤੀ ਅਤੇ ਸਬੰਧਤ ਐਸ.ਐਚ.ਓ. ਦੀ ਭੂਮਿਕਾ ਵੀ ਪੜਤਾਲੀ ਜਾਵੇਗੀ।