ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਚਲਾਇਆ ਜਾਵੇਗਾ ਮਿਸ਼ਨ “ਹਰ ਘਰ ਰੇਸ਼ਮ’’: ਸ਼ੈਰੀ ਕਲਸੀ

ਪੰਜਾਬ ਵਿੱਚ ਰੇਸ਼ਮ ਉਤਪਾਦਨ ਨੂੰ ਹੁਲਾਰਾ ਦੇਣ ਲਈ ਰੀਲਿੰਗ ਅਤੇ ਕੋਕੂਨ ਸਟੋਰੇਜ ਯੂਨਿਟ ਕੀਤੇ ਜਾਣਗੇ ਸਥਾਪਤ
ਗੁਰਦਾਸਪੁਰ, 9 ਫਰਵਰੀ (ਦੀ ਪੰਜਾਬ ਵਾਇਰ) – ਪੰਜਾਬ ਵਿੱਚ ਰੇਸ਼ਮ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਰੇਸ਼ਮ ਦੇ ਉਤਪਾਦਨ ਨੂੰ ਹੋਰ ਹੁਲਾਰਾ ਦੇਣ ਦੇ ਮੱਦੇਨਜ਼ਰ ਰਾਜ ਵਿੱਚ ਰੀਲਿੰਗ ਅਤੇ ਕੋਕੂਨ ਸਟੋਰੇਜ ਯੂਨਿਟ ਸਥਾਪਤ ਕੀਤੇ ਜਾਣਗੇ। ਰੇਸ਼ਮ ਦੇ ਉਤਪਾਦਨ ਨੂੰ ਵਧਾਉਣ ਅਤੇ ਰੇਸ਼ਮ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਵਿੱਚ ਮੁੱਖ ਤੌਰ ’ਤੇ ਮਿਸ਼ਨ “ਹਰ ਘਰ ਰੇਸ਼ਮ’’ ਸ਼ੁਰੂ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਕਰਦਿਆਂ ਬਟਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਅਤੇ ਐਚ.ਡੀ.ਐਫ.ਸੀ. ਬੈਂਕ ਦੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਫੰਡ ਸਕੀਮ (ਸੀ.ਐਸ.ਆਰ.) ਦੇ ਸਾਂਝੇ ਯਤਨਾਂ ਸਦਕਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਕਿਸਾਨਾਂ ਨੂੰ ਰੇਸ਼ਮ- ਕੀਟਬੀਜ ਮੁਹੱਈਆ ਕਰਾਉਣ ਵਿੱਚ ਮਦਦ ਮਿਲੇਗੀ, ਜਿਸਦਾ ਬਜਟ 14.82 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਵੱਧ ਤੋਂ ਵੱਧ ਕਿਸਾਨਾਂ ਨੂੰ ਰੇਸ਼ਮ ਦੀ ਖੇਤੀ ਲਈ ਪੇ੍ਰਰਨ ਅਤੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ। ਇਸ ਯੋਜਨਾ ਵਿੱਚ ਕਿਸਾਨਾਂ ਨੂੰ ਰੇਸ਼ਮ-ਕੀਟ ਬੀਜ ਸਮੱਗਰੀ ਪ੍ਰਦਾਨ ਕਰਨਾ ਸ਼ਾਮਲ ਹੈ, ਜੋ ਇਸ ਉਦਯੋਗ ਨੂੰ ਹੋਰ ਉਤਸ਼ਾਹਿਤ ਕਰੇਗਾ। ਸੀ.ਐਸ.ਆਰ. ਪ੍ਰੋਗਰਾਮ ਤਹਿਤ, ਐਚ.ਡੀ.ਐਫ.ਸੀ. ਬੈਂਕ ਰੀਲਿੰਗ ਯੂਨਿਟ ਦੀ ਸਥਾਪਨਾ ਲਈ 51.17 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕਰੇਗਾ, ਜਿਸ ਨਾਲ ਕੋਕੂਨ ਤੋਂ ਰੇਸ਼ਮ ਦੇ ਧਾਗੇ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਯੂਨਿਟ ਕਿਸਾਨਾਂ ਦੀ ਆਮਦਨ ਵਿੱਚ ਮਹੱਤਵਪੂਰਨ ਵਾਧਾ ਕਰੇਗਾ ਅਤੇ ਬਹੁਤ ਲਾਹੇਵੰਦ ਸਾਬਿਤ ਹੋਵੇਗਾ।
ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀ ‘ਫ਼ੇਜ਼ ਯੋਜਨਾ’ ਕਲੱਸਟਰ ਪਹੁੰਚ ਨੂੰ ਉਤਸ਼ਾਹਿਤ ਕਰੇਗੀ, ਜੋ ਕਿਸਾਨਾਂ ਨੂੰ ਖੇਤੀ-ਕਾਰੋਬਾਰੀ ਉੱਦਮੀ ਬਣਨ ਲਈ ਸਿੱਖਿਅਤ ਅਤੇ ਸਿਖਲਾਈ ਦੇਣ ‘ਤੇ ਕੇਂਦਿ੍ਰਤ ਹੈ। ਇਸ ਨੂੰ ਸਮਰਥਨ ਦੇਣ ਲਈ, ਅੰਤਰਰਾਜੀ ਅਧਿਐਨ ਟੂਰ ਕਰਵਾਏ ਜਾਣਗੇ, ਜਿਸ ਵਿੱਚ ਐਚ.ਡੀ.ਐਫ.ਸੀ. ਬੈਂਕ ਦਾ ਸੀਐਸਆਰ ਪ੍ਰੋਗਰਾਮ ਸਹਾਇਤਾ ਪ੍ਰਦਾਨ ਕਰੇਗਾ। ਇਹ ਪਹਿਲਕਦਮੀ ਰੇਸ਼ਮ ਦੀ ਖੇਤੀ ਨੂੰ ਹੁਲਾਰਾ ਦੇਣ ਅਤੇ ਪੰਜਾਬ ਦੇ ਪੇਂਡੂ ਖੇਤਰਾਂ ਦੇ ਆਰਥਿਕ ਵਿਕਾਸ ਨੂੰ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।