ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈ ਕੇ ਵਫ਼ਦ ਭਾਰਤ ਪੁੱਜਾ
ਨਨਕਾਣਾ ਸਾਹਿਬ ਵਿਖੇ ਕੀਤੇ ਸੰਗਤੀ ਦਰਸ਼ਨ, ਗੁਜਰਾਂਵਾਲਾ ਤੇ ਕਸੂਰ ਦਾ ਵੀ ਕੀਤਾ ਦੌਰਾ
ਲਾਹੌਰ/ਵਾਹਗਾ ਬਾਰਡਰ, 24 ਜਨਵਰੀ 2025 (ਦੀ ਪੰਜਾਬ ਵਾਇਰ)। ਲਾਹੌਰ ਵਿਖੇ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਚੜ੍ਹਦੇ ਪੰਜਾਬ ਤੋਂ ਗਿਆ ਵਫ਼ਦ ਅੱਜ ਵਾਹਗਾ-ਅਟਾਰੀ ਸੜਕ ਰਾਸਤਿਓ ਭਾਰਤ ਵਾਪਸ ਆ ਗਿਆ। ਕਾਨਫਰੰਸ ਦੇ ਮੁਖੀ ਤੇ ਪਾਕਿਸਤਾਨ ਦੇ ਸਾਬਕਾ ਵਜ਼ੀਰ ਫਖਰ ਜ਼ਮਾਨ ਦੇ ਸੱਦੇ ਉੱਪਰ ਕਰਵਾਈ ਕਾਨਫਰੰਸ ਦਾ ਵਿਸ਼ਾ ਸੂਫੀਇਜ਼ਮ ਬਾਰੇ ਸੀ।
ਵਫ਼ਦ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸੰਗਤੀ ਦਰਸ਼ਨ ਕੀਤੇ ਗਏ। ਇਸ ਮੌਕੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਭਾਰਤੀ ਚੈਪਟਰ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਵੱਲੋਂ ਰਖਵਾਏ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਤੇ ਅਰਦਾਸ ਕੀਤੀ ਗਈ। ਵਫ਼ਦ ਵੱਲੋਂ ਨਨਕਾਣਾ ਸਾਹਿਬ ਸਥਿਤ ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨਾਲ ਰੂਬਰੂ ਵੀ ਕੀਤਾ ਗਿਆ।
ਵਫ਼ਦ ਵੱਲੋਂ ਕਸੂਰ ਸਥਿਤ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਉਤੇ ਅਕੀਦਤ ਭੇਂਟ ਕਰਦਿਆਂ ਚਾਦਰ ਚੜ੍ਹਾਈ ਗਈ। ਇਸ ਮੌਕੇ ਵਫ਼ਦ ਵੱਲੋਂ ਕੱਵਾਲਾਂ ਨੂੰ ਸੁਣਿਆ ਗਿਆ। ਵਫ਼ਦ ਮੈਂਬਰਾਂ ਵੱਲੋਂ ਲਾਹੌਰ ਸਥਿਤ ਇਤਿਹਾਸਕ ਗੁਰਧਾਮਾਂ, ਵਿਰਾਸਤੀ ਥਾਵਾਂ, ਲਾਹੌਰ ਮਿਊਜ਼ੀਅਮ, ਵਿੱਦਿਅਕ ਸੰਸਥਾਵਾਂ, ਫੂਡ ਸਟਰੀਟ, ਅਨਾਰਕਲੀ ਬਜ਼ਾਰ ਆਦਿ ਪ੍ਰਮੁੱਖ ਥਾਵਾ ਦਾ ਵੀ ਦੌਰਾ ਕੀਤਾ ਗਿਆ। ਗੁਜਰਾਂਵਾਲਾ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਤੇ ਹਰੀ ਸਿੰਘ ਨਲੂਆ ਦਾ ਜਨਮ ਸਥਾਨ ਦੇਖਿਆ। ਏਮਨਾਬਾਦ ਸਥਿਤ ਗੁਰਦੁਆਰਾ ਰੋੜੀ ਸਾਹਿਬ, ਭਾਈ ਲਾਲੋ ਜੀ ਦਾ ਘਰ ਤੇ ਖੂਹੀ ਅਤੇ ਬਾਬਰ ਦੀ ਚੱਕੀ ਵੀ ਦੇਖੀ।
ਭਾਰਤੀ ਵਫ਼ਦ ਦੇ ਦੌਰੇ ਦੌਰਾਨ ਲਹਿੰਦੇ ਪੰਜਾਬ ਦੇ ਮੰਤਰੀ ਰਮੇਸ਼ ਕੁਮਾਰ ਅਰੋੜਾ ਵੱਲੋਂ ਆਪਣੇ ਗ੍ਰਹਿ ਵਿਖੇ ਵਫ਼ਦ ਨੂੰ ਰਾਤ ਦੇ ਖਾਣੇ ਉੱਪਰ ਸੱਦਾ ਦਿੱਤਾ ਗਿਆ। ਪਲਾਕਸ ਵਿਖੇ ਲਹਿੰਦੇ ਪੰਜਾਬ ਦੀ ਸਰਕਾਰ ਅਤੇ ਗਵਰਨਰ ਹਾਊਸ ਵਿਖੇ ਦਾਅਵਤ ਵਿੱਚ ਵੀ ਸ਼ਮੂਲੀਅਤ ਕੀਤੀ ਗਈ।
ਵਫ਼ਦ ਵਿੱਚ ਭਾਰਤੀ ਚੈਪਟਰ ਦੇ ਚੇਅਰਮੈਨ ਡਾ ਦੀਪਕ ਮਨਮੋਹਨ ਸਿੰਘ, ਪੰਜਾਬੀ ਵਿਰਾਸਤ ਲੋਕ ਅਕਾਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ, ਵਫ਼ਦ ਦੇ ਕੋਆਰਡੀਨੇਰ ਸਹਿਜਪ੍ਰੀਤ ਸਿੰਘ ਮਾਂਗਟ, ਦਰਸ਼ਨ ਸਿੰਘ ਬੁੱਟਰ, ਡਾ ਸੁਖਦੇਵ ਸਿਰਸਾ, ਕਾਹਨ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਤੂਰ, ਜੰਗ ਬਹਾਦਰ ਗੋਇਲ, ਸਰਘੀ ਜੰਮੂ, ਅੰਮ੍ਰਿਤ ਕੌਰ ਗਿੱਲ, ਪੰਮੀ ਬਾਈ, ਡੌਲੀ ਗੁਲੇਰੀਆ, ਸੁਨੀਤਾ ਧੀਰ, ਅਨੀਤਾ ਸਬਦੀਸ਼, ਸੁੱਖੀ ਬਰਾੜ, ਜਸਦੇਵ ਸੇਖੋਂ, ਡਾ ਸ਼ਿੰਦਰਪਾਲ ਸਿੰਘ, ਬਲਕਾਰ ਸਿੱਧੂ, ਖਾਲਿਦ ਹੁਸੈਨ, ਹਰਵਿੰਦਰ ਚੰਡੀਗੜ੍ਹ, ਨਵਦੀਪ ਸਿੰਘ ਗਿੱਲ, ਸੁਨੀਲ ਕਟਾਰੀਆ, ਜਗਤਾਰ ਸਿੰਘ ਭੁੱਲਰ, ਸ਼ਾਇਦਾ ਬਾਨੋ ਸਮੇਤ ਸਾਹਿਤ, ਕਲਾ, ਸੱਭਿਆਚਾਰ, ਪੱਤਰਕਾਰੀ ਖੇਤਰ ਨਾਲ ਜੁੜੀਆਂ ਉੱਘੀਆਂ ਸਖਸ਼ੀਅਤਾਂ ਤੋਂ ਇਲਾਵਾ ਸਾਬਕਾ ਆਈ.ਏ.ਐਸ., ਆਈ.ਪੀ.ਐਸ. ਅਧਿਕਾਰੀ, ਪ੍ਰੋਫੈਸਰ ਆਦਿ ਸ਼ਾਮਲ ਹਨ।