Close

Recent Posts

ਪੰਜਾਬ

ਪੰਜਾਬ ਵਿੱਚ ਐਸ.ਐਸ.ਐਫ. ਦੇ ਗਠਨ ਤੋਂ ਬਾਅਦ ਸੜਕ ਹਾਦਸਿਆਂ ਵਿੱਚ ਹੁੰਦੀਆਂ ਮੌਤਾਂ ਦੀ ਦਰ ‘ਚ 48 ਫੀਸਦੀ ਕਮੀ ਆਈ, ਹੋਰ ਸੂਬਿਆਂ ਨੇ ਵੀ ਮਾਡਲ ਅਪਣਾਉਣ ਵਿੱਚ ਦਿਲਚਸਪੀ ਦਿਖਾਈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਵਿੱਚ ਐਸ.ਐਸ.ਐਫ. ਦੇ ਗਠਨ ਤੋਂ ਬਾਅਦ ਸੜਕ ਹਾਦਸਿਆਂ ਵਿੱਚ ਹੁੰਦੀਆਂ ਮੌਤਾਂ ਦੀ ਦਰ ‘ਚ 48 ਫੀਸਦੀ ਕਮੀ ਆਈ, ਹੋਰ ਸੂਬਿਆਂ ਨੇ ਵੀ ਮਾਡਲ ਅਪਣਾਉਣ ਵਿੱਚ ਦਿਲਚਸਪੀ ਦਿਖਾਈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • PublishedJanuary 25, 2026

ਸੜਕ ਸੁਰੱਖਿਆ ਫੋਰਸ ਦਾ ਮਾਡਲ ਲਾਗੂ ਕਰਨ ਲਈ ਹੋਰ ਸੂਬਿਆਂ ਨੇ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪ੍ਰਧਾਨ ਮੰਤਰੀ ਨੇ ਵੀ ‘ਮਨ ਕੀ ਬਾਤ’ ਵਿੱਚ ਸੜਕ ਸੁਰੱਖਿਆ ਦਾ ਜ਼ਿਕਰ ਕੀਤਾ, ਐਸ.ਐਸ.ਐਫ. ਦਾ ਗਠਨ ਕਰਕੇ ਪੰਜਾਬ ਨੇ ਦੇਸ਼ ਦਾ ਮਾਰਗਦਰਸ਼ਨ ਕੀਤਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

‘ਆਪ’ ਸਰਕਾਰ ਤੋਂ ਪਹਿਲਾਂ ਸੜਕ ਹਾਦਸਿਆਂ ਵਿੱਚ ਹੁੰਦੀਆਂ ਮੌਤਾਂ ਵਾਲੇ ਸਿਖਰਲੇ ਤਿੰਨ ਸੂਬਿਆਂ ਵਿੱਚ ਸ਼ਾਮਲ ਸੀ ਪੰਜਾਬ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਹੁਣ ਸੂਬੇ ਵਿੱਚ ਹਾਦਸੇ ਦੇ ਪੀੜਤਾਂ ਨੂੰ ਫੌਰੀ ਸਹਾਇਤਾ ਅਤੇ ਹਸਪਤਾਲ ਵਿੱਚ ਢੁਕਵਾਂ ਇਲਾਜ ਮਿਲਦਾ ਜਿਸ ਨਾਲ ਬੇਸ਼ਕੀਮਤੀ ਜ਼ਿੰਦਗੀਆਂ ਬਚ ਜਾਂਦੀਆਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 25 ਜਨਵਰੀ 2026 (ਦੀ ਪੰਜਾਬ ਵਾਇਰ)– ਪੰਜਾਬ ਵਿੱਚ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਦੇ ਗਠਨ ਤੋਂ ਬਾਅਦ ਸੜਕ ਸੁਰੱਖਿਆ ਵਿਵਸਥਾ ਵਿੱਚ ਵਿਆਪਕ ਸੁਧਾਰ ਦਰਜ ਕੀਤਾ ਗਿਆ ਹੈ। ਹਾਦਸੇ ਵਾਲੀਆਂ ਥਾਵਾਂ ’ਤੇ ਐਸ.ਐਸ.ਐਫ. ਦਾ ਫੌਰੀ ਪਹੁੰਚਣਾ, ਪੀੜਤਾਂ ਨੂੰ ਮੁਢਲੀ ਸਹਾਇਤਾ ਅਤੇ ਸਮੇਂ ਸਿਰ ਇਲਾਜ ਮਿਲਣ ਨਾਲ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਮੌਤ ਦਰ ’ਚ 48 ਫੀਸਦੀ ਕਮੀ ਆਈ ਹੈ। ਕਿਸੇ ਸਮੇਂ ਸੜਕ ਹਾਦਸਿਆਂ ਵਿੱਚ ਹੁੰਦੀਆਂ ਮੌਤਾਂ ਲਈ ਪੰਜਾਬ ਦਾ ਨਾਮ ਦੇਸ਼ ਦੇ ਸਿਖਰਲੇ ਤਿੰਨ ਸੂਬਿਆਂ ਵਿੱਚ ਸ਼ੁਮਾਰ ਸੀ ਪਰ ਪੰਜਾਬ ਵਿੱਚ ਇਹ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਅਤੇ ਪੀੜਤਾਂ ਨੂੰ ਫੌਰੀ ਹਸਪਤਾਲ ਪਹੁੰਚਾਉਣ ਅਤੇ ਸਮੇਂ ਸਿਰ ਇਲਾਜ ਮਿਲਣ ਨਾਲ ਕੀਮਤੀ ਮਨੁੱਖੀ ਜ਼ਿੰਦਗੀਆਂ ਬਚ ਰਹੀਆਂ ਹਨ।

            ਇਸ ਵਿਆਪਕ ਸੁਧਾਰ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਨੇ ਖੂਨੀ ਸੜਕ (ਕਿੱਲਰ ਰੋਡ) ਵਜੋਂ ਜਾਣੇ ਜਾਂਦੇ ਸੰਗਰੂਰ-ਪਟਿਆਲਾ ਰੋਡ ਵਰਗੀਆਂ ਹਾਦਸੇ ਦੇ ਖਤਰੇ ਵਾਲੀਆਂ ਥਾਵਾਂ ਨੂੰ ਜ਼ੋਖਮ ਦੀ ਸਥਿਤੀ ਤੋਂ ਬਾਹਰ ਕੱਢਣ ਵਿੱਚ ਵੱਡੀ ਭੂਮਿਕਾ ਨਿਭਾਈ। ਸੂਬਾ ਭਰ ਵਿੱਚ 43000 ਕਿਲੋਮੀਟਰ ਸੜਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੋਰ ਸੂਬਿਆਂ ਨੇ ਇਸ ਮਾਡਲ ਪ੍ਰਤੀ ਦਿਲਚਸਪੀ ਜ਼ਾਹਰ ਕੀਤੀ ਹੈ ਅਤੇ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨੇ ਵੀ ‘ਮਨ ਕੀ ਬਾਤ’ ਵਿੱਚ ਦੇਸ਼ ਲਈ ਸੜਕ ਸੁਰੱਖਿਆ ਦਾ ਜ਼ਿਕਰ ਕੀਤਾ ਹੈ।

            ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਮੌਤਾਂ ਦੀ ਦਰ ’ਚ 48 ਫੀਸਦੀ ਕਮੀ ਆਈ ਹੈ ਜਿਸ ਕਰਕੇ ਇਸ ਮਾਡਲ ਪ੍ਰਤੀ ਹੋਰ ਸੂਬਿਆਂ ਨੇ ਦਿਲਚਸਪੀ ਦਿਖਾਈ ਹੈ।” ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸੂਬਿਆਂ ਨੇ ਆਪੋ-ਆਪਣੇ ਸੂਬੇ ਵਿੱਚ ਜਨਤਕ ਸੁਰੱਖਿਆ ਵਾਲੇ ਇਸ ਨਿਵੇਕਲੇ ਉਪਰਾਲੇ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਨਾਲ ਸੰਪਰਕ ਕਾਇਮ ਕੀਤਾ ਹੈ। 

            ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਵਿੱਚ ਸੜਕ ਸੁਰੱਖਿਆ ਬਾਰੇ ਗੱਲ ਕੀਤੀ, ਪਰ ਪੰਜਾਬ ਸੜਕ ਸੁਰਖਿਆ ਫੋਰਸ ਗਠਿਤ ਕਰ ਕੇ ਸਮੁੱਚੇ ਦੇਸ਼ ਲਈ ਚਾਨਣ ਮੁਨਾਰਾ ਬਣਿਆ।

ਮੁੱਖ ਮੰਤਰੀ ਨੇ ਕਿਹਾ ਕਿ ਐਸ.ਐਸ.ਐਫ. ਦੇ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ 1,597 ਕਰਮਚਾਰੀ ਐਸ.ਐਸ.ਐਫ. ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਨਵੀਨਤਮ ਤੇ ਪੂਰੀ ਤਰ੍ਹਾਂ ਲੈਸ 144 ਵਾਹਨ ਪ੍ਰਦਾਨ ਕੀਤੇ ਗਏ ਹਨ। ਪਿਛਲੇ ਸਾਲ ਫਰਵਰੀ ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ ਇਸ ਫੋਰਸ ਦੇ ਗਠਿਤ ਹੋਣ ਨਾਲ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ ਵਿੱਚ 48 ਫ਼ੀਸਦ ਕਮੀ ਆਈ ਹੈ। ਇਸ ਤੋਂ ਇਲਾਵਾ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਏ ਲੋਕਾਂ ਦੀਆਂ ਕੀਮਤੀ ਚੀਜ਼ਾਂ ਅਤੇ ਪੈਸੇ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਇਆ ਹੈ।

ਉਨ੍ਹਾਂ ਕਿਹਾ ਕਿ ਇਹ ਫੋਰਸ 4,200 ਕਿਲੋਮੀਟਰ ਲੰਬੇ ਹਾਈਵੇਅ ‘ਤੇ ਤਾਇਨਾਤ ਕੀਤੀ ਗਈ ਹੈ ਜਿੱਥੇ ਟ੍ਰੈਫਿਕ ਹਾਦਸਿਆਂ ਦੀ ਸੰਭਾਵਨਾ ਵੱਧ ਹੁੰਦੀ ਹੈ। ਆਪਣੇ ਨਿਰਧਾਰਤ ਖੇਤਰਾਂ ਵਿੱਚ ਗਸ਼ਤ ਕਰਨ ਤੋਂ ਇਲਾਵਾ, ਐਸ.ਐਸ.ਐਫ. ਟ੍ਰੈਫਿਕ ਉਲੰਘਣਾਵਾਂ ਵਿਰੁੱਧ ਮਜ਼ਬੂਤ ਰੋਕਥਾਮ ਵਜੋਂ ਵੀ ਕੰਮ ਕਰਦਾ ਹੈ। ਪਿਛਲੀਆਂ ਕਿਸੇ ਵੀ ਸਰਕਾਰਾਂ ਨੇ ਅਜਿਹੇ ਗੰਭੀਰ ਮੁੱਦਿਆਂ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਪੰਜਾਬ ਪਹਿਲਾਂ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਚੋਟੀ ਦੇ ਤਿੰਨ ਰਾਜਾਂ ਵਿੱਚ ਸ਼ਾਮਲ ਸੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਹੁਣ ਹਾਦਸੇ ਦੇ ਪੀੜਤਾਂ ਨੂੰ ਹਸਪਤਾਲਾਂ ਵਿੱਚ ਤੁਰੰਤ ਮੁੱਢਲੀ ਸਹਾਇਤਾ ਅਤੇ ਸਹੀ ਇਲਾਜ ਮਿਲ ਰਿਹਾ ਹੈ। ‘ਕਾਤਲ ਸੜਕ’ ਵਜੋਂ ਜਾਣੀ ਜਾਂਦੀ ਸੰਗਰੂਰ-ਪਟਿਆਲਾ ਸੜਕ, ਜਿੱਥੇ ਔਸਤਨ ਰੋਜ਼ਾਨਾ ਤਿੰਨ ਮੌਤਾਂ ਹੁੰਦੀਆਂ ਸਨ, ਹੁਣ ਇੱਕ ਸੁਰੱਖਿਅਤ ਸੜਕ ਵਿੱਚ ਤਬਦੀਲ ਹੋ ਗਈ ਹੈ।

            ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਨੂੰ ਮੁੱਖ ਕੌਮੀ ਮਾਰਗਾਂ ਨਾਲ ਜੋੜਨ ਲਈ ਪੰਜਾਬ ਭਰ ਵਿੱਚ 43,000 ਕਿਲੋਮੀਟਰ ਉੱਚ-ਗੁਣਵੱਤਾ ਵਾਲੀਆਂ ਸੜਕਾਂ ਦਾ ਨਿਰਮਾਣ ਕਰ ਰਹੀ ਹੈ।

Written By
The Punjab Wire