ਰੋਹਿਤ ਗਿੱਲ ਨੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਦਾਸਪੁਰ ਦਾ ਚਾਰਜ ਸੰਭਾਲਿਆ
ਜ਼ਿਲ੍ਹਾ ਗੁਰਦਾਸਪੁਰ ਵਿੱਚ ਸਹਿਕਾਰਤਾ ਲਹਿਰ ਨੂੰ ਕੀਤਾ ਜਾਵੇਗਾ ਹੋਰ ਮਜ਼ਬੂਤ – ਰੋਹਿਤ ਗਿੱਲ
ਗੁਰਦਾਸਪੁਰ, 23 ਜਨਵਰੀ (ਦੀ ਪੰਜਾਬ ਵਾਇਰ)– ਰੋਹਿਤ ਗਿੱਲ ਵੱਲੋਂ ਅੱਜ ਬਤੌਰ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਦਾਸਪੁਰ ਦਾ ਚਾਰਜ ਸੰਭਾਲ ਲਿਆ ਗਿਆ ਹੈ। ਚਾਰਜ ਸੰਭਾਲਣ ਉਪਰੰਤ ਰੋਹਿਤ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ ਵਿੱਚ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਬੰਦ ਪਈਆਂ ਸਹਿਕਾਰੀ ਸਭਾਵਾਂ ਐਕਟਿਵ ਕਰਕੇ ਵੱਧ ਤੋਂ ਵੱਧ ਕਿਸਾਨਾਂ ਨੂੰ ਸਹਿਕਾਰਤਾ ਲਹਿਰ ਨਾਲ ਜੋੜਿਆ ਜਾਵੇਗਾ।
ਇਸ ਮੌਕੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਰੋਹਿਤ ਗਿੱਲ ਨੇ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਅਤੇ ਸੰਸਥਾਵਾਂ ਨਾਲ ਮੀਟਿੰਗ ਵੀ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਨੇ ਸਹਿਕਾਰੀ ਸਭਾਵਾਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਯੋਜਨਾਵਾਂ ਤੇ ਸਹੂਲਤਾਂ ਨੂੰ ਆਮ ਲੋਕਾਂ ਤੱਕ ਸਹੀ ਢੰਗ ਨਾਲ ਉਪਲਬਧ ਕਰਵਾਉਣ ਤਾਂ ਜੋ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭ ਸਮੇਂ ਸਿਰ ਮਿਲ ਸਕੇ।