ਪੰਜਾਬ ਮੁੱਖ ਖ਼ਬਰ

ਆਮ ਆਦਮੀ ਪਾਰਟੀ ਦੀ ਇੰਦਰਜੀਤ ਕੌਰ ਬਣੀ ਲੁਧਿਆਣਾ ਦੀ ਮੇਅਰ

ਆਮ ਆਦਮੀ ਪਾਰਟੀ ਦੀ ਇੰਦਰਜੀਤ ਕੌਰ ਬਣੀ ਲੁਧਿਆਣਾ ਦੀ ਮੇਅਰ
  • PublishedJanuary 20, 2025

ਰਾਕੇਸ਼ ਪਰਾਸ਼ਰ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਿੰਸ ਜੌਹਰ ਬਣੇ ਡਿਪਟੀ ਮੇਅਰ

ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਦਿੱਤੀਆਂ ਸ਼ੁੱਭ ਕਾਮਨਾਵਾਂ

ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਸਾਡੀ ਪਹਿਲੀ ਤਰਜੀਹ – ਅਮਨ ਅਰੋੜਾ

ਅਰੋੜਾ ਨੇ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਯਾਦ ਕਰਦਿਆਂ ਕਿਹਾ- ਉਹਨਾਂ ਦੀ ਦਿਲੀ ਇੱਛਾ ਸੀ ਕਿ ‘ਆਪ’ ਦਾ ਪੂਰਨ ਬਹੁਮਤ ਨਾਲ ਲੁਧਿਆਣਾ ਦਾ ਮੇਅਰ ਬਣੇ, ਅਸੀਂ ਬਹੁਤ ਖੁਸ਼ ਹਾਂ ਕਿ ਅੱਜ ਉਹਨਾਂ ਦੀ ਇਹ ਇੱਛਾ ਪੂਰੀ ਹੋਈ 

ਲੁਧਿਆਣਾ/ਚੰਡੀਗੜ੍ਹ, 20 ਜਨਵਰੀ 2025 (ਦੀ ਪੰਜਾਬ ਵਾਇਰ)। ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਲੁਧਿਆਣਾ ਸ਼ਹਿਰ ਨੂੰ ਆਪਣਾ ਨਵਾਂ ਮੇਅਰ ਮਿਲ ਗਿਆ ਹੈ।  ਆਮ ਆਦਮੀ ਪਾਰਟੀ (ਆਪ) ਦੀ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਲੁਧਿਆਣਾ ਦਾ ਮੇਅਰ ਚੁਣਿਆ ਗਿਆ ਹੈ।  ਰਾਕੇਸ਼ ਪਰਾਸ਼ਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਿੰਸ ਜੌਹਰ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਲੁਧਿਆਣਾ ਨਗਰ ਨਿਗਮ ਪ੍ਰਸ਼ਾਸਨ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕੰਮ ਕਰੇਗਾ ਅਤੇ ਸ਼ਹਿਰ ਦੇ ਵਿਕਾਸ ਲਈ ਰਾਹ ਪੱਧਰਾ ਕਰੇਗਾ। 

ਅਮਨ ਅਰੋੜਾ ਨੇ ਪਾਰਟੀ ਆਗੂਆਂ ਦੇ ਨਾਲ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਅਤੇ ਮੀਡੀਆ ਨੂੰ ਸੰਬੋਧਨ ਕੀਤਾ।  ਅਰੋੜਾ ਨੇ ਕਿਹਾ ਕਿ ਅੱਜ ਲੁਧਿਆਣਾ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਲੁਧਿਆਣਾ ਨੂੰ ਮਹਿਲਾ ਮੇਅਰ ਦਿੱਤੀ ਹੈ।  ਸਾਡੇ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵੀ ਬਹੁਤ ਤਜਰਬੇਕਾਰ ਹਨ।  ਉਹ ਛੇਵੀਂ ਵਾਰ ਕੌਂਸਲਰ ਬਣੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ 35 ਤੋਂ ਵੱਧ ਥਾਵਾਂ ਦੇ ਮੇਅਰ ਅਤੇ ਪ੍ਰਧਾਨ ਬਣਾ ਚੱਕੀ ਹੈ। ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਪੰਜਾਬ ਲਈ ਇੱਕ ਨਵੀਂ ਸ਼ੁਰੂਆਤ ਵੀ ਹੈ।

ਅਮਨ ਅਰੋੜਾ ਨੇ ਆਮ ਆਦਮੀ ਪਾਰਟੀ ਦੇ ਮਰਹੂਮ ਸਾਬਕਾ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਆਮ ਆਦਮੀ ਪਾਰਟੀ ਦਾ ਲੁਧਿਆਣਾ ਵਿੱਚ ਪੂਰਨ ਬਹੁਮਤ ਨਾਲ ਮੇਅਰ ਬਣੇ।  ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਉਨ੍ਹਾਂ ਦੀ ਇੱਛਾ ਪੂਰੀ ਹੋ ਗਈ ਹੈ। 

ਅਰੋੜਾ ਨੇ ਨਿਗਮ ਚੋਣਾਂ ਵਿੱਚ ਤਨਦੇਹੀ ਅਤੇ ਲਗਨ ਨਾਲ ਚੋਣ ਮੁਹਿੰਮ ਚਲਾਉਣ ਲਈ ਪਾਰਟੀ ਵਰਕਰਾਂ, ਆਗੂਆਂ ਅਤੇ ਸਥਾਨਕ ਵਿਧਾਇਕਾਂ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਵੀ ਕੀਤਾ।  ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀ ਮਿਹਨਤ ਸਦਕਾ ਅੱਜ ਸਾਡਾ ਲੁਧਿਆਣਾ ਵਿੱਚ ਮੇਅਰ ਬਣਾਉਣ ਦਾ ਸੁਪਨਾ ਪੂਰਾ ਹੋਇਆ ਹੈ।

ਅੱਗੇ ਦੀ ਰਣਨੀਤੀ ਬਾਰੇ ਅਰੋੜਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਅਤੇ ਸ਼ਹਿਰ ਨੂੰ ਸੁੰਦਰ ਅਤੇ ਸਾਫ਼ ਸੁਥਰਾ ਬਣਾਉਣ ਲਈ ਨਵੀਆਂ ਯੋਜਨਾਵਾਂ ਉਲੀਕੀਆਂ ਜਾਣਗੀਆਂ।  ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਸਾਡੀ ਪਹਿਲੀ ਤਰਜੀਹ ਹੈ। ਇਸ ਦੇ ਲਈ ਸਾਡੇ ਮੇਅਰ, ਡਿਪਟੀ ਮੇਅਰ ਅਤੇ ਸਾਰੇ ਕੌਂਸਲਰ ਦਿਨ ਰਾਤ ਮਿਹਨਤ ਕਰਨਗੇ।

Written By
The Punjab Wire