ਦਿਵਿਆਂਗਜਨ ਦਿਵਸ ਨੂੰ ਸਮਰਪਿਤ ਸਮਾਜਿਕ ਸੁਰੱਖਿਆ ਵਿਭਾਗ ਨੇ ਨਾਰੀ ਸ਼ਕਤੀ ਕੇਂਦਰ, ਗੁਰਦਾਸਪੁਰ ਵਿਖੇ ਵਿਸ਼ੇਸ਼ ਕੈਂਪ ਲਗਾਇਆ
ਚੇਅਰਮੈਨ ਰਮਨ ਬਹਿਲ ਨੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਦਿਵਿਆਂਗ ਬੱਚਿਆਂ ਨੂੰ ਸਨਮਾਨਿਤ ਕੀਤਾ
ਗੁਰਦਾਸਪੁਰ, 20 ਜਨਵਰੀ 2025 (ਦੀ ਪੰਜਾਬ ਵਾਇਰ )। ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅੱਜ ਦਿਵਿਆਂਗਜਨ ਦਿਵਸ ਨੂੰ ਸਮਰਪਿਤ ਨਾਰੀ ਸ਼ਕਤੀ ਕੇਂਦਰ, ਗੁਰਦਾਸਪੁਰ ਵਿਖੇ ਕੈਂਪ ਲਗਾਇਆ ਗਿਆ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਸ੍ਰੀ ਮਨਜੀਤ ਸਿੰਘ ਰਾਜਲਾ ਐੱਸ.ਡੀ.ਐੱਮ ਗੁਰਦਾਸਪੁਰ, ਡਾ. ਕਿਰਤਪ੍ਰੀਤ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਸ਼੍ਰੀਮਤੀ ਜਸਮੀਤ ਕੌਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਸ਼੍ਰੀਮਤੀ ਸ਼ਸ਼ੀ ਬਾਲਾ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਗੁਰਦਾਸਪੁਰ ਹਾਜ਼ਰ ਸਨ।
ਦਿਵਿਆਂਗਜਨ ਦਿਵਸ ਮੌਕੇ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਦੇ ਅਧੀਨ ਆਉਂਦੇ ਸਕੂਲਾਂ ਦੇ ਬੱਚੇ ਜਿਨ੍ਹਾਂ ਨੇ ਰਾਜ ਪੱਧਰ ‘ਤੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਪੁਜ਼ੀਸ਼ਨਾਂ ਹਾਸਲ ਕੀਤੀਆਂ ਸਨ, ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਸਰਟੀਫਿਕੇਟ ਅਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਦਿਵਿਆਂਗ ਬੱਚਿਆਂ ਵੱਲੋਂ ਬਹੁਤ ਹੀ ਖ਼ੂਬਸੂਰਤ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਬੱਚਿਆਂ ਦੇ ਹੁਨਰ ਤੇ ਕਲਾ ਨੂੰ ਦੇਖ ਕੇ ਸਾਰੇ ਸਰੋਤਿਆਂ ਨੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ।
ਇਸ ਮੌਕੇ ਪ੍ਰੋਗਰਾਮ ਵਿੱਚ ਆਏ ਹੋਏ ਦਿਵਿਆਂਗ ਬੱਚਿਆ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਦਿਵਿਆਂਗ ਬੱਚੇ ਆਪਣੇ ਹੁਨਰ ਤੇ ਯੋਗਤਾ ਦੇ ਪੱਖ ਤੋਂ ਸਧਾਰਨ ਬੱਚਿਆਂ ਨਾਲੋਂ ਵੀ ਵੱਧ ਕਾਬਲ ਤੇ ਯੋਗ ਹਨ। ਉਨ੍ਹਾਂ ਕਿਹਾ ਕਿ ਦਿਵਿਆਂਗ ਬੱਚੇ ਆਪਣੇ ਆਪ ਨੂੰ ਕਿਸੇ ਵੀ ਪੱਖ ਤੋਂ ਘੱਟ ਨਾ ਸਮਝਣ ਕਿਉਂਕਿ ਕੁਦਰਤ ਨੇ ਉਨ੍ਹਾਂ ਨੂੰ ਹੋਰ ਬਹੁਤ ਸਾਰੀਆਂ ਖ਼ੂਬੀਆਂ ਨਾਲ ਨਿਵਾਜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਿਵਿਆਂਗ ਬੱਚਿਆਂ ਨੂੰ ਅੱਗੇ ਵਧਣ ਵਿੱਚ ਹਰ ਤਰਾਂ ਦੀ ਮਦਦ ਲਈ ਵਚਨਬੱਧ ਹੈ। ਉਨ੍ਹਾਂ ਨੇ ਇਨ੍ਹਾਂ ਬੱਚਿਆਂ ਦੇ ਬਿਹਤਰ ਤੇ ਰੌਸ਼ਨ ਭਵਿੱਖ ਦੀ ਕਾਮਨਾ ਵੀ ਕੀਤੀ।
ਇਸ ਕੈਂਪ ਦੌਰਾਨ ਸਿਹਤ ਵਿਭਾਗ ਤੋਂ ਹੱਡੀਆਂ ਦੇ ਮਾਹਿਰ ਡਾ. ਪ੍ਰਿੰਸ ਅਜੇਪਾਲ ਸਿੰਘ, ਡਾ. ਮੈਤਰੀ ਸਾਇਕਰਿਸਟ ਸਿਵਲ ਹਸਪਤਾਲ ਗੁਰਦਾਸਪੁਰ, ਡਾ. ਨੇਹਾ ਅਨੰਦ ਈ.ਐਨ.ਟੀ. ਸਪੈਸ਼ਲਿਸਟ ਅਤੇ ਡਾ. ਅੰਕਿਤ ਰਤਨ ਅੱਖਾਂ ਦੇ ਮਾਹਿਰ, ਸਿਵਲ ਹਸਪਤਾਲ ਗੁਰਦਾਸਪੁਰ ਵੱਲੋਂ ਦਿਵਿਆਂਗਜਨਾਂ ਦਾ ਮੁਆਇਨਾ ਕੀਤਾ ਗਿਆ।
ਪ੍ਰੋਗਰਾਮ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਚੱਲ ਰਹੀਆਂ ਸਕੀਮਾਂ ਦੇ ਸਟਾਲ ਵੀ ਲਗਾਏ ਗਏ ਅਤੇ ਇਸ ਤੋਂ ਇਲਾਵਾ ਦਫ਼ਤਰ ਸਿਵਲ ਸਰਜਨ ਦੁਆਰਾ ਯੂ.ਡੀ.ਆਈ.ਡੀ. ਕਾਰਡ ਬਣਾਉਣ ਸਬੰਧੀ ਅਤੇ ਹੈਲਥ ਚੈੱਕਅਪ ਸਬੰਧੀ ਵੀ ਸਟਾਲ ਲਗਾਇਆ ਗਿਆ।
ਇਸ ਮੌਕੇ ਤੇ ਸ਼੍ਰੀਮਤੀ ਬਲਵਿੰਦਰ ਕੌਰ ਸੁਪਰਡੰਟ ਗਰੇਡ-2, ਸ੍ਰੀ ਸੁਰਜੀਤ ਸਿੰਘ ਸੀਨੀਅਰ ਸਹਾਇਕ, ਸ੍ਰੀ ਹਰਜੀਤ ਸਿੰਘ ਸੀਨੀਅਰ ਸਹਾਇਕ, ਸ੍ਰੀ ਸਤਪਾਲ ਮਸੀਹ ਡੀ.ਐੱਸ.ਈ, ਸ੍ਰੀਮਤੀ ਅਨੀਤਾ ਕੁਮਾਰੀ ਕਲਰਕ, ਸ੍ਰੀ ਮੁਹੰਮਦ ਨਦੀਮ ਅਤੇ ਸਕੂਲੀ ਅਧਿਆਪਕ ਵੀ ਹਾਜ਼ਰ ਸਨ।