ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਦੇ ਸੱਦੇ ਨਾਲ ਲਾਹੌਰ ਵਿਖੇ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ
ਪੰਜ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਦਾ ਸ਼ਾਹਮੁਖੀ ਐਡੀਸ਼ਨ ਹੋਇਆ ਰਿਲੀਜ਼
ਲਾਹੌਰ, 19 ਜਨਵਰੀ 2025 (ਦੀ ਪੰਜਾਬ ਵਾਇਰ)। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਦੇ ਸੱਦੇ ਨਾਲ ਲਾਹੌਰ ਵਿਖੇ ਹੋਣ ਵਾਲੀ ਤਿੰਨ ਰੋਜ਼ਾ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ ਹੋ ਗਈ।
ਕਾਨਫਰੰਸ ਦੇ ਮੁੱਖ ਪ੍ਰਬੰਧਕ ਅਤੇ ਪਾਕਿਸਤਾਨ ਦੇ ਸਾਬਕਾ ਵਜ਼ੀਰ ਫ਼ਖਰ ਜ਼ਮਾਨ ਨੇ ਕਾਨਫਰੰਸ ਦੇ ਉਦਘਾਟਨੀ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਜ਼ੁਬਾਨ ਨੂੰ ਬਿਗਾਨਿਆ ਨਾਲੋਂ ਵੱਧ ਆਪਣਿਆਂ ਤੋਂ ਖ਼ਤਰਾ ਹੈ, ਇਸ ਲਈ ਅਜਿਹੇ ਉਪਰਾਲੇ ਪੰਜਾਬੀਆਂ ਦੀ ਅਲਖ ਜਗਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 40 ਸਾਲਾਂ ਵਿੱਚ ਸਾਡੇ ਉਪਰਾਲਿਆਂ ਕਾਰਨ ਦੁਨੀਆਂ ਭਰ ਵਿੱਚ ਰਹਿੰਦੇ ਪੰਜਾਬੀ ਇੱਕ ਮੰਚ ਉਤੇ ਇਕੱਠਾ ਕਰਨ ਵਿੱਚ ਸਫਲ ਹੋਏ ਹਾਂ।
ਲਾਹੌਰ ਵਿਖੇ ਸ਼ੁਰੂ ਹੋਈ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ 65 ਮੈਂਬਰੀ ਵਫ਼ਦ ਕੱਲ੍ਹ ਵਾਹਗਾ-ਅਟਾਰੀ ਸੜਕ ਰਾਸਤਿਓ ਦਾਖਲ ਹੋਇਆ ਸੀ।ਇਸ ਤੋਂ ਇਲਾਵਾ ਵੱਖ-ਵੱਖ ਮੁਲਕਾਂ ਤੋਂ ਵੀ ਕੁਝ ਡੈਲੀਗੇਟ ਆਏ ਹਨ।
ਵਿਸ਼ਵ ਪੰਜਾਬੀ ਕਾਨਫਰੰਸ ਦੇ ਭਾਰਤੀ ਚੈਪਟਰ ਦੇ ਚੇਅਰਮੈਨ ਡਾ ਦੀਪਕ ਮਨਮੋਹਨ ਸਿੰਘ ਨੇ ਲਾਹੌਰ ਸ਼ਹਿਰ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਸ਼ਹਿਰ ਨੇ ਪੰਜਾਬੀ ਬੋਲੀ, ਤਹਿਜ਼ੀਬ ਤੇ ਭਾਸ਼ਾ ਨੂੰ ਸਾਂਭ ਕੇ ਰੱਖਿਆ ਹੈ।ਉਨ੍ਹਾਂ ਪਿਛਲੇ ਸਮੇਂ ਵਿੱਚ ਵਿੱਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਫੇਰ ਸਮੁੱਚੇ ਵਫ਼ਦ ਵੱਲੋਂ ਇੱਕ ਮਿੰਟ ਦਾ ਮੋਨ ਰੱਖਿਆ।
ਉੱਘੇ ਕਵੀ ਅਤੇ ਪੰਜਾਬੀ ਵਿਰਾਸਤ ਲੋਕ ਅਕਾਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਨੇ ਵਿਸ਼ਵ ਪੰਜਾਬੀ ਕਾਨਫਰੰਸ ਦੀ ਸ਼ੁਰੂਆਤ ਤੋਂ ਲੈ ਕੇ ਇਸ ਨੂੰ ਕਾਮਯਾਬ ਕਰਨ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਯਾਦ ਕੀਤਾ ਜਿਨ੍ਹਾਂ ਵਿੱਚ ਸੁਤਿੰਦਰ ਨੂਰ, ਹਰਵਿੰਦਰ ਸਿੰਘ ਹੰਸਪਾਲ, ਅਜਮੇਰ ਔਲਖ, ਪ੍ਰਿੰਸੀਪਲ ਸਰਵਣ ਸਿੰਘ, ਵਰਿਆਮ ਸੰਧੂ ਦਾ ਖ਼ਾਸ ਜ਼ਿਕਰ ਕੀਤਾ। ਉਨ੍ਹਾਂ ਕਾਨਫਰੰਸ ਦਾ ਸਿਹਰਾ ਵਿਸ਼ੇਸ਼ ਤੌਰ ਉਤੇ ਫ਼ਖਰ ਜ਼ਮਾਨ ਦੀ ਅਗਵਾਈ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਕਾਨਫਰੰਸ ਸਦਕਾ ਅੱਜ ਗੁਰਮੁਖੀ ਦੀਆਂ ਕਿਤਾਬਾਂ ਹੁਣ ਸ਼ਾਹਮੁਖੀ ਵਿੱਚ ਵੀ ਪ੍ਰਕਾਸ਼ਿਤ ਹੋਣ ਲੱਗੀਆਂ ਹਨ। ਉਨ੍ਹਾਂ ਸਾਂਝੇ ਪੰਜਾਬ ਦੀਆਂ ਸਾਂਝਾਂ ਦਾ ਜ਼ਿਕਰ ਕਰਦਿਆਂ ਆਪਸੀ ਪਿਆਰ ਤੇ ਸਦਭਾਵਨਾ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਸਾਂਝ ਦੇ ਪੁੱਲ੍ਹ ਬੰਨਣ ਦਾ ਕੰਮ ਕੀਤਾ ਹੈ।
ਡੌਲੀ ਗੁਲੇਰੀਆ ਨੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ ਹਵਾਲੇ ਨਾਲ ਲਾਹੌਰ ਸ਼ਹਿਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕੁਝ ਗੀਤਾਂ ਦੇ ਮੁਖੜੇ ਗਾ ਕੇ ਮਹਾਨ ਗਾਇਕਾ ਨੂੰ ਸ਼ਰਧਾਂਜਲੀ ਦਿੱਤੀ।
ਬਾਬਾ ਨਜਮੀ ਨੇ ਪੰਜਾਬੀ ਮਾਂ ਬੋਲੀ ਅਤੇ ਫਿਰਕੂ ਸਦਭਾਵਨਾ ਦਾ ਹੋਕਾ ਦਿੰਦੀਆਂ ਆਪਣੀ ਮਕਬੂਲ ਰਚਨਾਵਾਂ ਸੁਣਾਈਆਂ ਜਿਸ ਨੂੰ ਬਹੁਤ ਦਾਦ ਮਿਲੀ। ਡਾ ਸੁਖਦੇਵ ਸਿਰਸਾ ਨੇ ਸੂਫਇਜ਼ਮ ਬਾਰੇ ਆਪਣਾ ਪੇਪਰ ਪੜ੍ਹਦਿਆਂ ਸੂਫ਼ੀਆਂ ਵੱਲੋਂ ਆਪਸੀ ਪਿਆਰ ਤੇ ਇਤਫ਼ਾਕ ਦੇ ਦਿੱਤੇ ਸੁਨੇਹੇ ਬਾਰੇ ਗੱਲ ਕੀਤੀ।
ਵਿਸ਼ਵ ਪੰਜਾਬੀ ਕਾਨਫਰੰਸ ਦੇ ਭਾਰਤੀ ਚੈਪਟਰ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਉਦਘਾਟਨੀ ਸੈਸ਼ਨ ਦਾ ਮੰਚ ਸੰਚਾਲਨ ਕਰਦਿਆਂ ਕਾਨਫਰੰਸ ਦੇ ਪਿਛੋਕੜ ਉੱਪਰ ਚਾਨਣਾ ਪਾਇਆ। ਸੈਸ਼ਨ ਦੇ ਵਿਸ਼ੇ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਵਾਰ ਕਾਨਫਰੰਸ ਦਾ ਵਿਸ਼ਾ ਸੂਫੀਇਜ਼ਮ ਹੈ ਜਿਸ ਵਿੱਚ ਵੱਖ-ਵੱਖ ਪੇਪਰ ਪੜ੍ਹੇ ਜਾਣਗੇ ਤੇ ਵਿਚਾਰਾਂ ਹੋਣਗੀਆਂ।
ਇਸ ਮੌਕੇ ਗੁਰਭਜਨ ਸਿੰਘ ਗਿੱਲ, ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਨਵਦੀਪ ਸਿੰਘ ਗਿੱਲ ਤੇ ਜੰਗ ਬਹਾਦਰ ਗੋਇਲ ਦੀਆਂ ਪੁਸਤਕਾਂ ਦੇ ਸ਼ਾਹਮੁੱਖੀ ਐਡੀਸ਼ਨ ਨੂੰ ਰਿਲੀਜ਼ ਕੀਤਾ ਗਿਆ। ਮੰਚ ਉੱਪਰ ਭੁਲੇਖਾ ਅਖਬਾਰ ਦੇ ਮੁੱਖ ਸੰਪਾਦਕ ਮੁਦੱਸਰ ਬੱਟ, ਸੁਗਰਾ ਸਦਫ਼ ਤੇ ਉੱਘੀ ਅਦਾਕਾਰ ਸੁਨੀਤਾ ਧੀਰ ਵੀ ਪ੍ਰਧਾਨਗੀ ਮੰਡਲ ਵਿੱਚ ਹਾਜ਼ਰ ਸੀ।
ਡੈਲੀਗੇਸ਼ਨ ਵਿੱਚ ਸਾਹਿਤ, ਕਲਾ, ਸੱਭਿਆਚਾਰ, ਪੱਤਰਕਾਰੀ ਖੇਤਰ ਨਾਲ ਜੁੜੀਆਂ ਉੱਘੀਆਂ ਸਖਸ਼ੀਅਤਾਂ ਤੋਂ ਇਲਾਵਾ ਸਾਬਕਾ ਆਈ.ਏ.ਐਸ., ਆਈ.ਪੀ.ਐਸ. ਅਧਿਕਾਰੀ, ਪ੍ਰੋਫੈਸਰ ਆਦਿ ਸ਼ਾਮਲ ਹਨ ਜਿਨ੍ਹਾਂ ਦੀ ਵਾਰੋ-ਵਾਰੀ ਜਾਣ-ਪਛਾਣ ਕਰਵਾਈ ਗਈ
ਇਸ ਮੌਕੇ ਹਾਜ਼ਰ ਸਖਸ਼ੀਅਤਾਂ ਵਿੱਚ ਬਾਬੂ ਰਜ਼ਬ ਅਲੀ ਦੀ ਪੋਤਰੀ ਰਿਹਾਨਾ ਰਜ਼ਬ, ਦਰਸ਼ਨ ਸਿੰਘ ਬੁੱਟਰ, ਡਾ ਸੁਖਦੇਵ ਸਿਰਸਾ, ਕਾਹਨ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਤੂਰ, ਜੰਗ ਬਹਾਦਰ ਗੋਇਲ, ਅੰਮ੍ਰਿਤ ਕੌਰ ਗਿੱਲ, ਡਾ ਸ਼ਿੰਦਰਪਾਲ ਸਿੰਘ, ਅਨੀਤਾ ਸ਼ਬਦੀਸ਼, ਬਲਕਾਰ ਸਿੰਘ ਸਿੱਧੂ, ਖਾਲਿਦ ਹੁਸੈਨ, ਹਰਮੀਤ ਵਿਦਿਆਰਥੀ, ਡਾ ਸਿਮਰਤ ਕੌਰ, ਜਗਤਾਰ ਸਿੰਘ ਭੁੱਲਰ, ਸੁਨੀਲ ਕਟਾਰੀਆ, ਡਾ ਰਤਨ ਸਿੰਘ ਢਿੱਲੋਂ, ਸੰਦੀਪ ਸ਼ਰਮਾ, ਸ਼ਾਇਦਾ ਬਾਨੋ, ਡਾ ਸੁਰਿੰਦਰ ਸਿੰਘ ਸਾਂਘਾ, ਸੁੱਖੀ ਬਰਾੜ, ਸਤੀਸ਼ ਗੁਲਾਟੀ, ਸਰਘੀ, ਰਾਜ ਧਾਲੀਵਾਲ, ਸੀਮਾ ਗਰੇਵਾਲ, ਹਰਵਿੰਦਰ ਸਿੰਘ, ਅਮਰਜੀਤ ਕੌਰ ਵੜਿੰਗ, ਸਤਿੰਦਰਜੀਤ ਸਿੰਘ, ਜੈਨਿੰਦਰ ਚੌਹਾਨ, ਸੁਪ੍ਰਿਆ, ਗੁਰਪ੍ਰੀਤ ਮਾਨਸਾ, ਡਾ ਰੁਪਿੰਦਰ ਕੌਰ, ਦਵਿੰਦਰ ਦਿਲਰੂਪ, ਗੁਰਚਰਨ ਕੋਛੜ, ਹਰਵਿੰਦਰ ਸਿੰਘ ਤਤਲਾ, ਡਾ ਸੁਧੀਰ ਕੌਰ ਮਾਹਲ, ਡਾ ਗੁਰਦੀਪ ਕੌਰ, ਡਾ ਗੁਰਰਾਜ ਸਿੰਘ ਚਹਿਲ, ਕਰਮ ਸਿੰਘ ਸੰਧੂ ਸ਼ਾਮਲ ਸਨ।
ਕਾਨਫਰੰਸ ਵਿੱਚ ਭਾਰਤ ਤੇ ਪਾਕਿਸਤਾਨ ਤੋਂ ਇਲਾਵਾ ਅਮਰੀਕਾ ਤੋਂ ਰਣਜੀਤ ਸਿੰਘ ਗਿੱਲ, ਜਪਾਨ ਤੋਂ ਪਰਮਿੰਦਰ ਸੋਢੀ, ਕੈਨੇਡਾ ਤੋਂ ਪ੍ਰਭਜੋਤ ਕੌਰ, ਇੰਗਲੈਂਡ ਤੋਂ ਰੂਬੀ ਢਿੱਲੋਂ ਤੇ ਆਸਟਰੇਲੀਆ ਤੋਂ ਮਿੰਟੂ ਬਰਾੜ ਵੀ ਸ਼ਾਮਲ ਹੋਏ।