Close

Recent Posts

ਪੰਜਾਬ ਮੁੱਖ ਖ਼ਬਰ ਰਾਜਨੀਤੀ

ਮੁੱਖ ਮੰਤਰੀ ਨੇ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤੀਜੀ ਅਤੇ ਚੌਥੀ ਮੰਜ਼ਿਲ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ

ਮੁੱਖ ਮੰਤਰੀ ਨੇ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤੀਜੀ ਅਤੇ ਚੌਥੀ ਮੰਜ਼ਿਲ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ
  • PublishedJanuary 19, 2025

10.31 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰਾਜੈਕਟ ਅੱਠ ਮਹੀਨਿਆਂ ਵਿੱਚ ਹੋਵੇਗਾ ਮੁਕੰਮਲ

ਮੋਗਾ, 19 ਜਨਵਰੀ 2025 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਐਤਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀ.ਏ.ਸੀ.) ਦੇ ਵਿਸਥਾਰ ਦਾ ਨੀਂਹ ਪੱਥਰ ਰੱਖਿਆ। ਇਮਾਰਤ ਦੀ ਤੀਜੀ ਅਤੇ ਚੌਥੀ ਮੰਜ਼ਿਲ ਦੀ ਉਸਾਰੀ ਵਾਲੇ ਇਸ ਪ੍ਰਾਜੈਕਟ ਉੱਤੇ 10.31 ਕਰੋੜ ਰੁਪਏ ਦੀ ਲਾਗਤ ਆਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਜ਼ਿਲ੍ਹੇ ਲਈ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਡੀ.ਏ.ਸੀ. ਦੇ ਬਲਾਕ ਬੀ ਵਿੱਚ ਦੋ ਮੰਜ਼ਿਲਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਡੀ.ਏ.ਸੀ. ਦੀ ਇਮਾਰਤ ਵਿੱਚ ਚਾਰ ਬਲਾਕ ਸ਼ਾਮਲ ਹਨ, ਇਨ੍ਹਾਂ ਵਿੱਚ ਏ ਬਲਾਕ, ਬੀ ਬਲਾਕ, ਸੀ ਬਲਾਕ ਅਤੇ ਡੀ ਬਲਾਕ ਦਾ ਨਿਰਮਾਣ 2004 ਵਿੱਚ ਕੀਤਾ ਗਿਆ ਸੀ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਵੱਖ-ਵੱਖ ਦਫ਼ਤਰਾਂ ਨੂੰ ਦਰਪੇਸ਼ ਜਗ੍ਹਾ ਦੀ ਕਮੀ ਨੂੰ ਦੂਰ ਕਰਨ ਲਈ ਅਤੇ ਕੁਝ ਸਰਕਾਰੀ ਦਫ਼ਤਰ ਜੋ ਹੋਰ ਥਾਵਾਂ ਤੋਂ ਚਲਾਏ ਜਾ ਰਹੇ ਹਨ, ਨੂੰ ਤਬਦੀਲ ਕਰਨ ਲਈ ਦੋ ਮੰਜ਼ਿਲਾਂ ਬਣਾਈਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਇਸ ਸਾਲ ਅਗਸਤ ਤੱਕ ਲਗਪਗ ਅੱਠ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋਵੇਂ ਮੰਜ਼ਿਲਾਂ ‘ਤੇ ਕੁੱਲ 48 ਕਮਰੇ ਬਣਾਏ ਜਾਣਗੇ ਅਤੇ ਦੋਵਾਂ ਮੰਜ਼ਿਲਾਂ ‘ਤੇ ਪੁਰਸ਼ਾਂ ਅਤੇ ਔਰਤਾਂ ਲਈ ਵੱਖ-ਵੱਖ ਟਾਇਲਟ ਬਲਾਕ ਦਾ ਪ੍ਰਬੰਧ ਹੋਵੇਗਾ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਕੰਪਲੈਕਸ ਵਿੱਚ 13 ਵਿਅਕਤੀਆਂ ਦੇ ਢੋਆ-ਢੁਆਈ ਦੀ ਸਮਰੱਥਾ ਵਾਲੀ ਨਵੀਂ ਲਿਫਟ ਲਗਾਈ ਜਾਵੇਗੀ ਅਤੇ ਦੋਵਾਂ ਮੰਜ਼ਿਲਾਂ ‘ਤੇ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰਾ ਸਿਸਟਮ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਅਤਿ-ਆਧੁਨਿਕ ਇਮਾਰਤ ਫਾਇਰ ਡਿਟੈਕਸ਼ਨ/ਐਮਰਜੈਂਸੀ ਨਿਕਾਸੀ ਅਤੇ ਪਬਲਿਕ ਐਡਰੈਸ ਸਿਸਟਮ ਨਾਲ ਵੀ ਲੈਸ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਵਿਆਉਣਯੋਗ ਊਰਜਾ ਦੀ ਢੁਕਵੀਂ ਵਰਤੋਂ ਲਈ ਇਮਾਰਤ ਵਿੱਚ 95 ਕਿਲੋਵਾਟ ਸੋਲਰ ਪਾਵਰ ਜਨਰੇਸ਼ਨ ਸਿਸਟਮ ਲਗਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਬਿਹਤਰ ਸੇਵਾ ਲਈ ਅਜਿਹੇ ਉਪਰਾਲਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੂਬੇ ਦੀ ਵਾਗਡੋਰ ਗਲਤ ਹੱਥਾਂ ਵਿੱਚ ਰਹੀ ਸੀ, ਜਿਸ ਕਾਰਨ ਸੂਬੇ ਨੂੰ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਅਜਿਹੇ ਜਨਤਕ ਮਹੱਤਵ ਵਾਲੇ ਕੰਮਾਂ ਨੂੰ ਤਰਜੀਹ ਦਿੱਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੀਆਂ ਇਮਾਰਤਾਂ ਲੋਕਾਂ ਦੀਆਂ ਭਵਿੱਖੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਈਆਂ ਜਾ ਰਹੀਆਂ ਹਨ।

Written By
The Punjab Wire