ਸੁਨੀਲ ਜਾਖੜ ਨੇ ਸੁਖਬੀਰ ਬਾਦਲ ‘ਤੇ ਹਮਲੇ ਦੀ ਕੀਤੀ ਸਖ਼ਤ ਨਿੰਦਾ, ਪੰਜਾਬ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕੀਤਾ
ਚੰਡੀਗੜ੍ਹ 04 ਦਸੰਬਰ 2024 (ਦੀ ਪੰਜਾਬ ਵਾਇਰ)। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੀ ਡਿਉਢੀ ‘ਚ ਸੇਵਾ ਨਿਭਾਅ ਰਹੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਸੱਚਾ ਸਿੱਖ ਗੁਰੂ ਘਰ ਦੇ ਅੰਦਰ ਅਜਿਹੀ ਘਟਿਆ ਅਤੇ ਕਾਇਰਤਾ ਭਰੀ ਕਾਰਵਾਈ ਨਹੀਂ ਕਰ ਸਕਦਾ | ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਹਮਲਾਵਰ ਆਪਣੇ ਇਰਾਦੇ ਵਿੱਚ ਕਾਮਯਾਬ ਨਾ ਹੋ ਸਕਿਆ | ਉੱਥੇ ਬਹੁਤ ਸਾਰੇ ਸ਼ਰਧਾਲੂ ਮੌਜੂਦ ਸਨ ਪਰ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ | ਜਿਸ ਤਰ੍ਹਾਂ ਉਥੇ ਮੌਜੂਦ ਸੁਰੱਖਿਆ ਕਰਮੀ ਜਸਬੀਰ ਸਿੰਘ ਨੇ ਆਪਣੀ ਜਾਨ ਖਤਰੇ ਵਿਚ ਪਾ ਕੇ ਹਮਲਾਵਰ ਦੇ ਨਾਪਾਕ ਇਰਾਦੇ ਨੂੰ ਨਾਕਾਮ ਕਰ ਦਿੱਤਾ, ਉਹ ਸ਼ਲਾਘਾਯੋਗ ਹੈ | ਪਰ ਸੁਰੱਖਿਆ ਕਰਮੀ ਦੀ ਬਹਾਦਰੀ ਇਸ ਸੱਚਾਈ ਤੇ ਪਰਦਾ ਨਹੀਂ ਪਾ ਸਕਦੀ ਕਿ ਪੰਜਾਬ ਦੇ ਹਾਲਾਤ ਅੱਤਵਾਦ ਦੀ ਰਾਹ ਤੇ ਚਲਣ ਵਾਲੇ ਅਤੇ ਮਾਫੀਆ ਸਿਰ ਚੁਕ ਰਿਹਾ ਹੈ | ਲੇਕਿਨ ਇਨ੍ਹਾਂ ਨਾਲ ਨਜਿੱਠਣ ਲਈ ਯੋਗ ਉਪਰਾਲੇ ਨਹੀਂ ਕੀਤੇ ਜਾ ਰਹੇ ਹਨ |
ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਤਹਿ ਤੱਕ ਜਾਣ ਤੋਂ ਪਹਿਲਾਂ ਸਿਆਸੀ ਖੁੰਦਕ ਕਾਰਨ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਵੱਲ ਉਂਗਲ ਚੁੱਕਣਾ ਵਾਜਿਬ ਨਹੀਂ ਹੈ | ਜੇਕਰ ਇਸ ਦੀ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਗੱਲ ਸਾਹਮਣੇ ਆ ਜਾਵੇਗੀ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ | ਕਿਹਾ ਜਾ ਰਿਹਾ ਹੈ ਕਿ ਹਮਲਾਵਰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਵਰਕਰ ਸੀ | ਪਰ ਇਸ ਤੱਥ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ ਕਿ 2017 ਵਿੱਚ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕੇ.ਐਲ.ਐਫ. ਨਾਲ ਜੁੜੇ ਇੱਕ ਨੇਤਾ ਦੇ ਘਰ ਰਾਤ ਕੱਟੀ ਸੀ | ਉਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਸੀ ਕਿ ਇਸ ਪਾਰਟੀ ਦੇ ਆਗੂ ਅੱਤਵਾਦ ਨਾਲ ਜੁੜੇ ਲੋਕਾਂ ਦੇ ਸਹਿਯੋਗ ਨਾਲ ਚੋਣਾਂ ਜਿੱਤਣ ਦੀ ਤਿਆਰੀ ਕਰ ਰਹੇ ਹਨ |
ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੌਜੂਦਾ ਸਰਕਾਰ ਨੇ ਗੈਂਗਸਟਰਾਂ ਅਤੇ ਅਪਰਾਧਿਕ ਮਾਫੀਆ ਪ੍ਰਤੀ ਉਹ ਸਖ਼ਤੀ ਨਹੀਂ ਵਰਤੀ ਜਿਸ ਦੀ ਕਾਨੂੰਨ ਵਿਵਸਥਾ ਦੇ ਮਾਮਲੇ ਵਿੱਚ ਕਿਸੇ ਵੀ ਚੰਗੀ ਸਰਕਾਰ ਤੋਂ ਉਮੀਦ ਕੀਤੀ ਜਾ ਸਕਦੀ ਹੈ |
ਸ੍ਰੀ ਜਾਖੜ ਨੇ ਕਿਹਾ ਕਿ ਉਨ੍ਹਾਂ ਦੀ ਸਮੂਹ ਸਿਆਸੀ ਪਾਰਟੀਆਂ ਨੂੰ ਅਪੀਲ ਹੈ ਕਿ ਉਹ ਇਸ ਘਟਨਾ ਦੀ ਗੰਭੀਰਤਾ ਨੂੰ ਸਮਝਣ ਅਤੇ ਤੱਥਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਕਿ ਕਿਹੜੀਆਂ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ |